ਪ੍ਰਸ਼ਾਸਨ ਨੂੰ ਚੁਣੌਤੀ : ਧੜੱਲੇ ਨਾਲ ਚੱਲ ਰਹੇ ਨੇ ਹੁੱਕਾ ਬਾਰ

12/12/2017 7:37:26 AM

ਅੰਮ੍ਰਿਤਸਰ, (ਦਲਜੀਤ)- ਪ੍ਰਸ਼ਾਸਨ ਨੂੰ ਚੁਣੌਤੀ ਦਿੰਦੇ ਹੋਏ ਅੰਮ੍ਰਿਤਸਰ ਦੇ ਪਾਸ਼ ਖੇਤਰਾਂ ਵਿਚ ਧੜੱਲੇ ਨਾਲ ਹੁੱਕਾ ਬਾਰ ਚੱਲ ਰਹੇ ਹਨ। ਹੁੱਕਾ ਬਾਰਾਂ ਵਿਚੋਂ ਨਿਕਲਣ ਵਾਲੇ ਧੂੰਏਂ ਨਾਲ ਦੇਸ਼ ਦੀ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ। ਭਾਵੇਂ ਕਾਂਗਰਸ ਸਰਕਾਰ ਵੱਲੋਂ ਨਸ਼ੇ 'ਤੇ ਨਕੇਲ ਕੱਸਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਿਲਾ ਪ੍ਰਸ਼ਾਸਨ ਵੱਲੋਂ ਸਰਕਾਰ ਦੇ ਦਾਅਵਿਆਂ ਦੇ ਉਲਟ ਹੁੱਕਾ ਬਾਰਾਂ ਨੂੰ ਛੋਟ ਦਿੰਦੇ ਹੋਏ ਸਰਕਾਰ ਨੂੰ ਠੇਂਗਾ ਵਿਖਾਇਆ ਜਾ ਰਿਹਾ ਹੈ।  
ਜਾਣਕਾਰੀ ਅਨੁਸਾਰ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੱਤਾ ਵਿਚ ਆਉਂਦੇ ਹੀ ਨਸ਼ੇ ਦੇ ਖਿਲਾਫ ਵਿਸ਼ੇਸ਼ ਮੁਹਿੰਮ ਛੇੜੀ ਗਈ ਸੀ। ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਮੁਖੀਆਂ ਨੂੰ ਸਖਤੀ ਨਾਲ ਨਿਰਦੇਸ਼ ਦਿੱਤੇ ਗਏ ਸਨ ਕਿ ਨਸ਼ੇ ਦੇ ਖਿਲਾਫ ਸਖਤੀ ਨਾਲ ਨਿੱਬੜਿਆ ਜਾਵੇ। ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਸਰਕਾਰ ਦੇ ਨਿਰਦੇਸ਼ਾਂ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਹੁੱਕਾ ਬਾਰਾਂ 'ਤੇ ਜ਼ਿਲੇ ਵਿਚ ਰੋਕ ਲਗਾਈ ਸੀ ਪਰ ਪ੍ਰਸ਼ਾਸਨ ਦੇ ਇਹ ਨਿਰਦੇਸ਼ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਏ ਹਨ। ਰਣਜੀਤ ਐਵੀਨਿਊ ਦੇ ਪਾਸ਼ ਖੇਤਰਾਂ ਵਿਚ ਧੜੱਲੇ ਨਾਲ ਹੁੱਕਾ ਬਾਰ ਚਲ ਰਹੇ ਹਨ ਅਤੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਧੂੰਏਂ ਵਿਚ ਆਪਣੀ ਜਵਾਨੀ ਬਰਬਾਦ ਕਰ ਰਹੇ ਹਨ। ਜਗ ਬਾਣੀ ਦੀ ਟੀਮ ਵੱਲੋਂ ਅੱਜ ਸ਼ਹਿਰ ਵਿਚ ਚੱਲ ਰਹੇ ਹੁੱਕਾ ਬਾਰਾਂ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਗਿਆ ਕਿ 15-16 ਸਾਲ ਦੇ ਮੁੰਡੇ-ਕੁੜੀਆਂ ਝੁੰਡ ਬਣਾ ਕੇ ਹੁੱਕਾ ਸੇਵਨ ਕਰ ਰਹੇ ਸਨ।
ਵਿਧਾਨ ਸਭਾ ਚੋਣ ਵਿਚ ਨਸ਼ਿਆਂ ਦੇ ਮੁੱਦਿਆਂ 'ਤੇ ਅਕਾਲੀਆਂ ਤੋਂ ਸੱਤਾ ਖੋਹਣ ਵਾਲੀ ਕਾਂਗਰਸ ਨੂੰ ਹੁਣ ਰਾਜ ਵਿਚ ਸੱਤਾਸੀਨ ਹੋਏ 8 ਮਹੀਨੇ ਹੋ ਚੁੱਕੇ ਹਨ ਪਰ ਨਸ਼ਿਆਂ ਵੱਲ ਜੇਕਰ ਧਿਆਨ ਦਿੱਤਾ ਜਾਵੇ ਤਾਂ ਇਹ ਚੀਜ਼ ਦੇਖਣ ਨੂੰ ਮਿਲੇਗੀ ਕਿ ਨਸ਼ੀਲੇ ਅੱਤਵਾਦ ਦੇ ਮਾਮਲੇ ਵਿਚ ਜ਼ਿਲੇ ਦਾ ਮੰਦਾ ਹਾਲ ਹੈ। ਨੌਜਵਾਨ ਪੀੜ੍ਹੀ ਜਿਸ ਤਰ੍ਹਾਂ ਇਸ ਦਲਦਲ ਵਿਚ ਫਸ ਚੁੱਕੀ ਹੈ ਉਸ ਤੋਂ ਇਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਵੱਖ-ਵੱਖ ਫਲੇਵਰਾਂ 'ਚ ਚਲ ਰਿਹੈ ਨਸ਼ਾ 
ਪ੍ਰਸ਼ਾਸਨ ਵੱਲੋਂ ਭਾਵੇਂ ਹੁੱਕਾ ਬਾਰ 'ਤੇ ਮੁਕੰਮਲ ਪਾਬੰਦੀ ਲਾਈ ਗਈ ਹੈ ਪਰ ਅਜੇ ਵੀ ਸ਼ਹਿਰ 'ਚ ਹੁੱਕਾ ਬਾਰ ਚਲ ਰਹੇ ਹਨ। ਫਲੇਵਰਾਂ 'ਚ ਵੱਖ-ਵੱਖ ਤਰ੍ਹਾਂ ਦਾ ਨਸ਼ਾ ਨੌਜਵਾਨ ਲੈ ਰਹੇ ਹਨ। ਪੁਲਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਹੁੱਕਾ ਬਾਰਾਂ ਦਾ ਪਤਾ ਵੀ ਹੈ ਪਰ ਉਹ ਕਾਰਵਾਈ ਕਰਨ ਤੋਂ ਕੰਨੀ ਕਤਰਾ ਰਹੇ ਹਨ। 
ਹੁੱਕਾ ਬਾਰਾਂ 'ਚ ਬਣੇ ਸਪੈਸ਼ਲ ਕਮਰੇ 
ਜ਼ਿਲੇ 'ਚ ਕਈ ਹੁੱਕਾ ਬਾਰ ਅਜਿਹੇ ਹਨ ਜਿਨ੍ਹਾਂ 'ਚ ਛੋਟੇ-ਛੋਟੇ ਕਮਰੇ ਬਣਾਏ ਗਏ ਹਨ। ਹੁੱਕਾ ਬਾਰਾਂ 'ਚ ਰੌਸ਼ਨੀ ਇੰਨੀ ਮੱਧਮ ਰੱਖੀ ਗਈ ਹੈ ਕਿ ਕੁਝ ਦੂਰੀ 'ਤੇ ਬੈਠੇ ਵਿਅਕਤੀ ਨੂੰ ਦੂਸਰੇ ਕਮਰੇ 'ਚ ਕੀ ਹੋ ਰਿਹਾ ਹੈ ਨਹੀਂ ਪਤਾ ਲੱਗਦਾ। ਹੁੱਕਾ ਬਾਰਾਂ 'ਚ ਧੂੰਆਂ ਇੰਨਾ ਹੁੰਦਾ ਹੈ ਕਿ ਆਮ ਆਦਮੀ ਲਈ ਸਾਹ ਲੈਣਾ ਔਖਾ ਹੋ ਜਾਂਦਾ ਹੈ।
ਡੀ.ਸੀ. ਨੇ ਨਹੀਂ ਚੁੱਕਿਆ ਫੋਨ 
ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। 


Related News