ਬੇਸਹਾਰਾ ਪਸ਼ੂਆਂ ਨੂੰ ਟਰਾਲੀਆਂ ''ਚ ਭਰ ਕੇ ਕੀਤਾ ਚੱਕਾ ਜਾਮ

02/19/2018 1:19:50 AM

ਔੜ, (ਜ.ਬ.)- ਪਿੰਡ ਉੜਾਪੜ ਦੇ ਆਸ-ਪਾਸ ਦੇ ਖੇਤਰਾਂ 'ਚ ਘੁੰਮ ਰਹੇ ਬੇਸਹਾਰਾ ਪਸ਼ੂਆਂ ਤੋਂ ਪ੍ਰੇਸ਼ਾਨ ਲੋਕਾਂ ਤੇ ਕਿਸਾਨਾਂ ਨੇ ਪਿੰਡ ਉੜਾਪੜ 'ਚ ਨਵਾਂਸ਼ਹਿਰ-ਲੁਧਿਆਣਾ ਹਾਈਵੇ 'ਤੇ ਬੇਸਹਾਰਾ ਗਊਆਂ ਤੇ ਸਾਨ੍ਹਾਂ ਨੂੰ ਟਰਾਲੀਆਂ 'ਚ ਭਰ ਕੇ ਧਰਨਾ ਦਿੱਤਾ।  ਕਿਸਾਨਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਆਵਾਜਾਈ ਇਕ ਘੰਟੇ ਤੱਕ ਠੱਪ ਰਹੀ। ਸਦਰ ਥਾਣਾ ਨਵਾਂਸ਼ਹਿਰ ਦੇ ਐੱਸ. ਐੱਚ. ਓ. ਨੇ ਮੌਕੇ 'ਤੇ ਪਹੁੰਚ ਕੇ ਕਿਸੇ ਤਰ੍ਹਾਂ ਕਿਸਾਨਾਂ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਦਾ ਭਰੋਸਾ ਦੇ ਕੇ ਅਤੇ ਕਿਸਾਨਾਂ ਵੱਲੋਂ ਫੜੀਆਂ ਗਊਆਂ ਤੇ ਸਾਨ੍ਹਾਂ ਨੂੰ ਰਾਹੋਂ ਨਜ਼ਦੀਕ ਗਊਸ਼ਾਲਾ 'ਚ ਭੇਜੇ ਜਾਣ ਲਈ ਮਨਾਉਣ ਤੋਂ ਬਾਅਦ ਜਾਮ ਹਟਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਪਿੰਡ ਉੜਾਪੜ ਦੇ ਸਰਪੰਚ ਸਲਵਿੰਦਰ ਸਿੰਘ ਤੇ ਕਾਮਰੇਡ ਪਿਆਰਾ ਸਿੰਘ ਲਸਾੜਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਸ਼ੂਆਂ ਨੂੰ ਮਾਰਨ 'ਤੇ ਪਾਬੰਦੀ ਲਾਈ ਗਈ ਹੈ ਜਦਕਿ ਪਸ਼ੂ ਹਰ ਰੋਜ਼ ਲੋਕਾਂ ਨੂੰ ਜਾਨੋਂ ਮਾਰ ਰਹੇ ਹਨ। ਕਣਕ ਦੀ ਫਸਲ ਨੂੰ ਪਸ਼ੂ ਨਸ਼ਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਬੇਸਹਾਰਾ ਪਸ਼ੂਆਂ ਦਾ ਕੋਈ ਹੱਲ ਨਾ ਕੀਤਾ ਤਾਂ ਉਨ੍ਹਾਂ ਦੀ ਜਥੇਬੰਦੀ ਹੋਰ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਅਣਮਿੱਥੇ ਸਮੇਂ ਲਈ ਧਰਨਾ ਦੇਵੇਗੀ। ਇਸ ਮੌਕੇ ਪੰਚ ਭੁਪਿੰਦਰ ਸਿੰਘ, ਹਰਚਰਨ ਸਿੰਘ, ਗੁਰਮੀਤ ਸਿੰਘ, ਸੁਰਜੀਤ ਸਿੰਘ, ਹਰਬੰਸ ਸਿੰਘ, ਮੇਜਰ ਸਿੰਘ ਤੋਂ ਇਲਾਵਾ ਸਮੂਹ ਪਿੰਡ ਉੜਾਪੜ, ਚੱਕਦਾਨਾ, ਖੁਰਦਾਂ ਦੇ ਸੈਂਕੜੇ ਲੋਕ ਤੇ ਕਿਸਾਨ ਹਾਜ਼ਰ ਸਨ।  


Related News