ਦੋ-ਚਾਰ ਦਿਨਾਂ ''ਚ ਚੇਅਰਮੈਨੀਆਂ ਦੀ ਖੁੱਲ੍ਹੇਗੀ ਪਟਾਰੀ!
Wednesday, Jun 26, 2019 - 01:09 PM (IST)

ਲੁਧਿਆਣਾ (ਮੁੱਲਾਂਪੁਰੀ) : ਪੰਜਾਬ 'ਚ 22 ਜ਼ਿਲਾ ਪਰਿਸ਼ਦਾਂ ਅਤੇ ਸੈਂਕੜਿਆਂ ਦੀ ਗਿਣਤੀ 'ਚ ਖਾਲੀ ਪਈਆਂ ਚੇਅਰਮੈਨਾਂ ਦੀਆਂ ਕੁਰਸੀਆਂ ਆਪਣੇ ਆਕਾ ਦੀ ਉਡੀਕ ਕਰਦੀਆਂ ਥੱਕ ਗਈਆਂ ਹਨ। ਹੁਣ ਲੱਗ ਰਿਹਾ ਹੈ ਕਿ ਆਉਣ ਵਾਲੇ ਚੰਦ ਦਿਨਾਂ 'ਚ ਚੇਅਰਮੈਨ ਬਣਨ ਵਾਲੇ ਹਨ। ਸੂਤਰਾਂ ਨੇ ਦੱਸਿਆ ਕਿ ਹੁਣ ਤਾਂ ਸਿਰਫ ਦੋ-ਚਾਰ ਦਿਨਾਂ ਦੀ ਗੱਲ ਹੈ ਜਾਂ ਤਾਂ ਇਸ ਮਹੀਨੇ ਦੇ ਅਖੀਰਲੇ ਦਿਨਾਂ 'ਚ ਜਾਂ ਫਿਰ ਜੁਲਾਈ ਦੇ ਪਹਿਲੇ ਹਫਤੇ ਚੇਅਰਮੈਨ ਬਣਨ ਵਾਲੇ ਸੱਜਣਾਂ ਦੇ ਮੂੰਹ ਨੂੰ ਚੇਅਰਮੈਨੀ ਦਾ ਛੁਹਾਰਾ ਲੱਗ ਜਾਵੇਗਾ, ਜੋ ਲੋਕ ਸਭਾ ਦੀਆਂ ਚੋਣਾਂ ਕਰਕੇ ਅੱਗੇ ਪੈ ਗਿਆ ਸੀ।
ਕੋਈ 10 ਮਹੀਨੇ ਹੋ ਗਏ ਹਨ, ਚੋਣੀ ਹੋਈ ਨੂੰ, ਅਜੇ ਤੱਕ ਚੇਅਰਮੈਨ ਨਾ ਬਣਾਉਣਾ ਜਿੱਥੇ ਜ਼ਿਲਾ ਪਰਿਸ਼ਦ ਦੇ ਕੰਮਾਂ 'ਚ ਵੱਡੀ ਰੁਕਾਵਟ ਸਮਝੀ ਜਾ ਰਹੀ ਹੈ, ਉੱਥੇ ਚੇਅਰਮੈਨ ਬਣਨ ਵਾਲੇ ਸੱਜਣ ਵੀ ਲੋਕਾਂ ਦੀਆਂ ਗੱਲਾਂ ਸੁਣ ਕੇ ਅੱਕ ਗਏ ਹਨ ਪਰ ਹੁਣ ਚੇਅਰਮੈਨ ਬਣਨ ਵਾਲਿਆਂ ਲਈ ਇਙ ਖੁਸ਼ੀ ਦੀ ਖਬਰ ਹੋਵੇਗੀ, ਕਿਉਂਕਿ ਪੰਜਾਬ ਸਰਕਾਰ ਵਲੋਂ ਜ਼ਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਦੇ ਚੇਅਰਮੈਨ ਬਣਾਉਣ ਲਈ ਸਰਕਾਰੀ ਫਾਈਲ ਨੇ ਸਪੀਡ ਫੜ੍ਹੀ ਹੋਈ ਦੱਸੀ ਜਾ ਰਹੀ ਹੈ, ਜਿਸ 'ਤੇ ਹੁਣ ਪੰਚਾਇਤ ਮੰਤਰੀ ਸ. ਬਾਜਵਾ ਦੀ ਘੁੱਗੀ ਵੱਜਣ ਦੀ ਦੇਰ ਹੈ।