ਕੇਂਦਰ ਵਲੋਂ ਲਿਆਂਦੇ ਖੇਤੀਬਾੜੀ ਬਿੱਲ ਕਿਸਾਨਾਂ-ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੇ ਖੁੱਲ੍ਹੇ ਵਾਰੰਟ: ਕਿਸਾਨ ਆਗੂ

Thursday, Nov 05, 2020 - 02:56 PM (IST)

ਚੀਮਾ ਮੰਡੀ (ਤਰਲੋਚਨ ਗੋਇਲ): ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਵਿੱਢੇ ਸੰਘਰਸ਼ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪੰਜਾਬ ਭਰ ਦੇ ਸੱਦੇ ਤੇ ਚੀਮਾ ਮੰਡੀ ਵਿਖੇ ਮਾਨਸਾ ਸੁਨਾਮ ਪਟਿਆਲਾ ਮੇਨ ਰੋਡ ਜਾਮ ਕਰਕੇ ਕਸਬੇ ਦੇ ਮੇਨ ਚੌਕ ਵਿੱਚ ਧਰਨਾ ਦਿੱਤਾ ਗਿਆ। ਭਾਰਤ ਦੀਆਂ 350 ਕਿਸਾਨ ਜਥੇਬੰਦੀਆਂ ਦੀ ਤਾਲਮੇਲ ਐਕਸ਼ਨ ਕਮੇਟੀ ਦੇ ਸੱਦੇ ਤੇ ਕੀਤੇ ਜਾਮ ਦੌਰਾਨ ਕਿਸਾਨਾਂ ਦੇ ਨਾਲ-ਨਾਲ ਕਿਸਾਨ ਮਜ਼ਦੂਰ ਬੀਬੀਆਂ ਨੇ ਵੀ ਭਾਰੀ ਗਿਣਤੀ 'ਚ ਸ਼ਮੂਲੀਅਤ ਕੀਤੀ।

PunjabKesari

ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਰਾਮਸਰਨ ਸਿੰਘ ਉਗਰਾਹਾਂ, ਪਾਲ ਸਿੰਘ ਦੋਲੇਵਾਲ, ਸੁਖਪਾਲ ਸਿੰਘ ਮਾਣਕ ਆਦਿ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ਤਿੰਨ ਖੇਤੀਬਾੜੀ ਆਰਡੀਨੈਂਸਾਂ ਰਾਹੀਂ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਜਿੱਥੇ ਪੰਜਾਬ ਦੀ ਕਿਸਾਨੀ ਤਬਾਹ ਹੋਵੇਗੀ ਉੱਥੇ ਪੂਰੇ ਦੇਸ਼ ਦਾ ਅਰਥਚਾਰਾ ਵਿਗੜ ਜਾਵੇਗਾ, ਜਿਸ ਨਾਲ ਪੂਰੇ ਭਾਰਤ ਦੇ 80 ਫੀਸਦੀ ਲੋਕ ਬਰਬਾਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਅਸਲ 'ਚ ਕੇਂਦਰ ਸਰਕਾਰ ਪੰਜਾਬ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਕਰਵਾਉਣਾ ਚਾਹੁੰਦੀ ਹੈ, ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਰਾਹੀਂ ਕਿਸਾਨਾਂ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੇ ਖੁੱਲ੍ਹੇ ਵਰੰਟ ਕੱਟਣ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਖੁੱਲੀ ਮੰਡੀ ਰਾਹੀ ਸਰਕਾਰ ਖਰੀਦ ਬੰਦ ਕਰਕੇ ਕਾਰਪੋਰੇਟ ਸੈਕਟਰ ਨੂੰ ਲੁੱਟ ਦੇ ਖੁੱਲ੍ਹੇ ਪਰਮਿਟ ਦੇ ਰਹੀ ਹੈ।

PunjabKesari

ਇਸ ਮੌਕੇ ਆਗੂਆਂ ਨੇ ਭਾਜਪਾ ਦੇ ਆਗੂ ਮਦਨ ਮੋਹਨ ਮਿੱਤਲ ਦੇ ਉਸ ਬਿਆਨ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ, ਜਿਸ 'ਚ ਉਨ੍ਹਾਂ ਦੇਸ਼ ਦੇ ਅੰਨਦਾਤਿਆਂ ਨੂੰ ਨਕਸਲਬਾੜੀ ਕਿਹਾ ਹੈ। ਉਨ੍ਹਾਂ ਕਿਹਾ ਕਿ ਅਸਲ 'ਚ ਕਿਸਾਨ ਨਕਸਲਬਾੜੀ ਨਹੀਂ ਬਲਕਿ ਭਾਜਪਾ ਦੀ ਕੇਂਦਰ ਸਰਕਾਰ ਦੇਸ ਧ੍ਰੋਹੀ ਹੈ ਜੋ ਪੂਰੇ ਭਾਰਤ ਨੂੰ ਵੇਚ ਰਹੀ ਹੈ। ਕੇਂਦਰ ਸਰਕਾਰ ਸ਼ਰੇਆਮ ਮਾਲ ਗੱਡੀਆਂ ਅਡਾਨੀਆ ਅੰਬਾਨੀਆ ਨੂੰ ਵੇਚੀਆਂ ਜਾ ਰਹੀਆਂ ਹਨ। ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੇ ਖੇਤੀ ਕਾਨੂੰਨਾਂ ਨੂੰ ਪੰਜਾਬ ਵਿੱਚ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਚਾਹੇ ਕੋਈ ਵੀ ਕੁਰਬਾਨੀ ਦੇਣੀ ਪਵੇ। ਇਸ ਮੌਕੇ ਹਾਜ਼ਰ ਭਾਰੀ ਇਕੱਠ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਗੋਬਿੰਦ ਸਿੰਘ ਚੱਠੇ, ਮਹਿੰਦਰ ਸਿੰਘ ਨਮੋਲ, ਗੁਰਮੇਲ ਸਿੰਘ ਸ਼ਾਹਪੁਰ ਕਲਾਂ, ਹੈਪੀ ਨਮੋਲ, ਅਜ਼ੈਬ ਸਿੰਘ ਜਖੇਪਲ, ਗੁਰਭਗਤ ਸਿੰਘ ਸ਼ਾਹਪੁਰ ਕਲਾਂ, ਜਸਵੀਰ ਕੌਰ ਝਾੜੋਂ ਆਦਿ ਹਾਜ਼ਰ ਸਨ।


Shyna

Content Editor

Related News