ਕੇਂਦਰੀ ਜੇਲ ਬਠਿੰਡਾ ਤੋਂ ਛੁੱਟੀ 'ਤੇ ਆਇਆ ਵਿਅਕਤੀ ਕੋਰੋਨਾ ਵਾਇਰਸ ਦੇ ਸ਼ੱਕ 'ਚ ਹਸਪਤਾਲ ਦਾਖਲ

Monday, Mar 23, 2020 - 11:41 AM (IST)

ਕੇਂਦਰੀ ਜੇਲ ਬਠਿੰਡਾ ਤੋਂ ਛੁੱਟੀ 'ਤੇ ਆਇਆ ਵਿਅਕਤੀ ਕੋਰੋਨਾ ਵਾਇਰਸ ਦੇ ਸ਼ੱਕ 'ਚ ਹਸਪਤਾਲ ਦਾਖਲ

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ): ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਖਾਈ (ਮੋਗਾ) ਵਿਖੇ ਕੇਂਦਰੀ ਜੇਲ ਬਠਿੰਡਾ ਤੋਂ ਛੁੱਟੀ 'ਤੇ ਆਏ ਇਕ ਵਿਅਕਤੀ ਨੂੰ ਕੋਰੋਨਾ ਵਾਇਰਸ ਹੋਣ ਦੇ ਸ਼ੱਕ 'ਚ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ ਹੈ। ਜਗਜੀਤ ਸਿੰਘ ਪੁੱਤਰ ਗੁਰਬਚਨ ਸਿੰਘ, ਜੋ ਕਿ ਕਤਲ ਦੇ ਮਾਮਲੇ 'ਚ ਬਠਿੰਡਾ ਕੇਂਦਰੀ ਜੇਲ ਤੋਂ ਛੁੱਟੀ 'ਤੇ ਆਇਆ ਹੋਇਆ ਹੈ, ਵੱਲੋਂ ਪਿੰਡ ਦੇ ਨੰਬਰਦਾਰ ਯੂਨੀਅਨ ਦੇ ਸੂਬਾ ਸਕੱਤਰ ਜਗਜੀਤ ਸਿੰਘ ਖਾਈ ਨੂੰ ਫੋਨ ਕਰ ਕੇ ਦੱਸਿਆ ਗਿਆ ਕਿ ਮੈਨੂੰ ਦੋ-ਤਿੰਨ ਦਿਨਾਂ ਤੋਂ ਤੇਜ਼ ਬੁਖਾਰ, ਗਲਾ ਅਤੇ ਛਾਤੀ ਦੀ ਇਨਫੈਕਸ਼ਨ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨੰਬਰਦਾਰ ਜਗਜੀਤ ਸਿੰਘ ਖਾਈ ਨੇ ਤੁਰੰਤ ਐੱਸ. ਡੀ. ਐੱਮ. ਰਾਮ ਸਿੰਘ ਨਿਹਾਲ ਸਿੰਘ ਵਾਲਾ ਦੇ ਧਿਆਨ 'ਚ ਲਿਆਂਦਾ, ਜਿਨ੍ਹਾਂ ਵੱਲੋਂ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਅਤੇ ਡੀ. ਐੱਸ. ਪੀ. ਮਨਜੀਤ ਸਿੰਘ ਨਿਹਾਲ ਸਿੰਘ ਵਾਲਾ ਨੂੰ ਇਸ ਪੀੜਤ ਵਿਅਕਤੀ ਦੇ ਇਲਾਜ ਅਤੇ ਜਾਂਚ ਲਈ ਤੁਰੰਤ ਡਾਕਟਰੀ ਟੀਮਾਂ ਭੇਜਣ ਲਈ ਕਿਹਾ ਗਿਆ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਨਿਊਜ਼ੀਲੈਂਡ ਤੋਂ ਪਰਤੇ ਵਿਅਕਤੀ 'ਤੇ ਮੁਕੱਦਮਾ ਦਰਜ

ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਦੇ ਮੈਡੀਕਲ ਅਫ਼ਸਰ ਡਾ. ਉਪਵਨ ਚੁਬੇਰਾ ਆਪਣੀ ਡਾਕਟਰੀ ਟੀਮ ਦੇ ਫਾਰਮੇਸੀ ਅਫ਼ਸਰ ਮਨਜੀਤ ਸਿੰਘ, ਹਰਜੀਵਨ ਸਿੰਘ, ਨੀਲਕਮਲ, ਗੁਰਚਰਨ ਸਿੰਘ ਨੂੰ ਲੈ ਕੇ ਐਂਬੂਲੈਂਸ ਰਾਹੀਂ ਪਿੰਡ ਖਾਈ ਦੇ ਜਗਜੀਤ ਸਿੰਘ ਦੇ ਘਰ ਪੁੱਜੇ। ਇਸ ਮੌਕੇ ਡਾਕਟਰੀ ਟੀਮ ਨਾਲ ਗੱਲਬਾਤ ਕਰਦਿਆਂ ਪੀੜਤ ਵਿਅਕਤੀ ਨੇ ਦੱਸਿਆ ਕਿ ਮੈਂ ਇਕ ਵਿਆਹ ਸਮਾਗਮ 'ਚ ਗਿਆ ਸੀ, ਜਿਸ ਤੋਂ ਬਾਅਦ ਹੁਣ ਮੈਨੂੰ ਚਾਰ-ਪੰਜ ਦਿਨਾਂ ਤੋਂ ਤੇਜ਼ ਬੁਖਾਰ ਦੇ ਨਾਲ-ਨਾਲ ਅਤੇ ਗਲ਼ੇ ਦੀ ਤਕਲੀਫ਼ ਹੋ ਰਹੀ ਹੈ।

ਇਹ ਵੀ ਪੜ੍ਹੋ: ਇਤਿਹਾਸ ਦੀ ਡਾਇਰੀ : ਭਗਤ ਸਿੰਘ ਦੀ ਜ਼ਿੰਦਗੀ ਦੇ ਉਹ ਆਖਰੀ 12 ਘੰਟੇ (ਵੀਡੀਓ)

ਡਾ. ਉਪਵਨ ਚੁਬੇਰਾ ਨੇ ਪੁਲਸ ਪਾਰਟੀ ਦੀ ਦੇਖ-ਰੇਖ ਹੇਠ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਲਿਆਂਦਾ ਅਤੇ ਮੁੱਢਲੇ ਲੈਬ ਟੈਸਟ ਲੈਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਮੋਗਾ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਵੱਲੋਂ ਦਿਨ ਵੇਲੇ ਹੀ ਸ਼ਰਾਬ ਪੀਤੀ ਹੋਈ ਹੈ ਪਰ ਫਿਰ ਵੀ ਵਿਸ਼ਵ ਪੱਧਰ 'ਤੇ ਫੈਲੇ ਹੋਏ ਕੋਰੋਨਾ ਵਾਇਰਸ ਦੇ ਡਰ ਕਾਰਣ ਸਿਵਲ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਇਸ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਦੇ ਆਈਸੋਲੇਸ਼ਨ ਵਾਰਡ 'ਚ ਭੇਜ ਦਿੱਤਾ ਗਿਆ ਹੈ।


author

Shyna

Content Editor

Related News