ਸੈਂਟਰਲ ਜੇਲ੍ਹ ਸੁਰੱਖਿਆ ਦੀ ਖੁੱਲ੍ਹੀ ਪੋਲ, ਬਰਾਮਦ ਹੋਏ 15 ਮੋਬਾਇਲ
Wednesday, Dec 28, 2022 - 06:20 PM (IST)
ਲੁਧਿਆਣਾ (ਸਿਆਲ) : ਜੇਲ੍ਹ ਮੰਤਰਾਲਾ ਲਈ ਹਰ ਨਵੇਂ ਦਿਨ ਨਵੀ ਚੁਣੌਤੀ ਬਣ ਕੇ ਉੱਭਰਨ ਵਾਲਾ ਮੋਬਾਇਲ ਬਰਾਮਦਗੀ ਦਾ ਮਾਮਲਾ ਸੁਰਖੀਆਂ ’ਚ ਆਏ ਬਿਨਾਂ ਕਦੇ ਨਹੀਂ ਰਹਿੰਦਾ। ਅੱਜ ਵੀ ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ਤੋਂ ਮੋਬਾਇਲ ਸਮੇਤ ਬੀੜੀਆਂ ਬਰਾਮਦ ਹੋਈਆਂ ਹਨ, ਜਿਸ ’ਤੇ ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਲਈ ਹੈ। ਇਸ ਬਰਾਮਦਗੀ ’ਚ 15 ਮੋਬਾਇਲ ਅਤੇ 10 ਬੀੜੀਆਂ ਸ਼ਾਮਲ ਹਨ, ਜਿਸ ਤੋਂ ਬਾਅਦ 16 ਹਵਾਲਾਤੀਆਂ ’ਤੇ ਪ੍ਰੀਜ਼ਨ ਐਕਟ ਦੀ ਧਾਰਾ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਤਨਾਮ ਸਿੰਘ, ਹਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ। ਪੁਲਸ ਜਾਂਚ ਅਧਿਕਾਰੀ ਰਜਿੰਦਰ ਸਿੰਘ, ਗੁਰਦਿਆਲ ਸਿੰਘ, ਮੇਵਾ ਸਿੰਘ ਨੇ ਦੱਸਿਆ ਕਿ ਹਵਾਲਾਤੀ ਬੰਨੀ ਚੋਪੜਾ ਬੰਨੀ, ਸੋਨੂ ਕੁਮਾਰ ਲਵਲੀ, ਜਤਿੰਦਰ ਕੁਮਾਰ ਪੱਪੀ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਮੰਨੀ ਭਗਤ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਲਵਪ੍ਰੀਤ ਸਿੰਘ, ਆਕਾਸ਼ਦੀਪ, ਸੁਖਵਿੰਦਰ ਸਿੰਘ, ਅਰੁਣ ਕੁਮਾਰ, ਗੋਪਾਲ, ਮਨਦੀਪ ਸਿੰਘ, ਕਮਲਜੀਤ ਸਿੰਘ ਤੋਂ ਮੋਬਾਇਲ ਅਤੇ ਮਨੀਸ਼ ਤੋਂ 10 ਬੀੜੀਆਂ ਬਰਾਮਦ ਹੋਈਆਂ ਹਨ।
ਸਿਮ ਸਪਲਾਈ ਕਰਨ ਵਾਲਿਆਂ ’ਤੇ ਕਦੋਂ ਹੋਵੇਗੀ ਕਾਰਵਾਈ?
ਜੇਲ੍ਹਾਂ ’ਚ ਮੋਬਾਇਲਾਂ ਦੇ ਵੱਧਦੇ ਚਲਨ ਨੂੰ ਰੋਕਣ ਲਈ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਅਵੇ ਕੀਤੇ ਸਨ ਕਿ ਮੋਬਾਇਲ ਸਿਮ ਕਿਸ ਦੇ ਨਾਮ ’ਤੇ ਅਤੇ ਕਿਵੇਂ ਜੇਲ੍ਹਾਂ ’ਚ ਪੁੱਜ ਰਹੇ ਹਨ ਪਰ ਅਜੇ ਵੀ ਪੁਲਸ ਦੀ ਜਾਂਚ ਇਸ ਦਿਸ਼ਾ ’ਚ ਨਹੀਂ ਵਧ ਰਹੀ, ਜਿਸ ਕਾਰਨ ਸਿਮ ਪਹੁੰਚਾਉਣ ਵਾਲੇ ਬੇਧੜਕ ਹੋ ਕੇ ਆਪਣੇ ਕੰਮ ’ਚ ਲੱਗੇ ਹੋਏ ਹਨ ਅਤੇ ਇਹ ਵੀ ਆਵਾਜ਼ ਉੱਠ ਰਹੀ ਹੈ ਕਿ ਸਿਮ ਸਪਲਾਈ ਕਰਨ ਵਾਲਿਆਂ ’ਤੇ ਕਾਰਵਾਈ ਕਦੋਂ ਹੋਵੇਗੀ। ਮਾਹਿਰ ਵੀ ਮੰਨ ਰਹੇ ਹਨ ਕਿ ਜਦੋਂ ਜੜ੍ਹ ’ਚ ਵਾਰ ਹੋਵੇਗਾ ਤਾਂ ਸਮੱਸਿਆ ਦਾ ਹੱਲ ਹੋ ਜਾਵੇਗਾ।