ਕੇਂਦਰੀ ਜੇਲ ਦੇ ਸਾਬਕਾ ਜੇਲ ਸੁਪਰਡੈਂਟ ਰਾਜਨ ਕਪੂਰ ਸਮੇਤ 4 ਡਿਸਮਿਸ
Friday, Apr 26, 2019 - 09:41 AM (IST)
ਪਟਿਆਲਾ/ਚੰਡੀਗੜ੍ਹ (ਬਲਜਿੰਦਰ, ਰਮਨਜੀਤ)—ਜੇਲ ਵਿਭਾਗ ਵੱਲੋਂ ਸਜ਼ਾ ਤੋਂ ਛੋਟ ਅਤੇ ਜਬਰੀ ਵਸੂਲੀ, ਤਸੀਹੇ, ਗੈਰ-ਮਨੁੱਖੀ ਵਤੀਰੇ ਦੇ ਨਾਲ-ਨਾਲ ਗੈਰ-ਕੁਦਰਤੀ ਕੰਮਾਂ ਨੂੰ ਉਤਸ਼ਾਹਤ ਕਰ ਕੇ ਜੇਲ ਨਿਯਮਾਵਲੀ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਦਿਆਂ ਜੇਲ ਵਿਭਾਗ ਨੇ ਕੇਂਦਰੀ ਜੇਲ ਦੇ ਸਾਬਕਾ ਸੁਪਰਡੈਂਟ ਰਾਜਨ ਕਪੂਰ ਸਮੇਤ ਕੁੱਲ 4 ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ। ਤਿੰਨ ਹੋਰਨਾਂ ਅਸਿਸਟੈਂਟ ਸੁਪਰਡੈਂਟ ਆਫ ਜੇਲ ਵਿਕਾਸ ਸ਼ਰਮਾ, ਅਸਿਸਟੈਂਟ ਸੁਪਰਡੈਂਟ ਆਫ ਜੇਲ ਸੁਖਜਿੰਦਰ ਸਿੰਘ ਅਤੇ ਹੈੱਡ ਵਾਰਡਨ ਪਰਾਗਨ ਸਿੰਘ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਆਪਣੇ ਕਾਰਜਕਾਲ ਦੌਰਾਨ ਕਿਸੇ ਵੀ ਕੀਮਤ 'ਤੇ ਜੇਲ ਨਿਯਮਾਵਲੀ ਦੀ ਉਲੰਘਣਾ ਬਰਦਾਸ਼ਤ ਨਹੀਂ ਕਰਨਗੇ।
ਇੱਥੇ ਦੱਸਣਯੋਗ ਹੈ ਕਿ ਨਵੰਬਰ ਮਹੀਨੇ ਵਿਚ ਮੁਜ਼ੱਫਰਪੁਰ, ਬਾਲ ਗ੍ਰਹਿ ਦੇ ਮੁੱਖ ਕਥਿਤ ਦੋਸ਼ੀ ਬ੍ਰਿਜੇਸ਼ ਠਾਕੁਰ ਨੂੰ ਭਾਗਲਪੁਰ ਜੇਲ ਤੋਂ ਕੇਂਦਰੀ ਜੇਲ ਪਟਿਆਲਾ ਵਿਖੇ ਸ਼ਿਫਟ ਕੀਤਾ ਗਿਆ ਸੀ। ਇਥੇ ਨਵੰਬਰ ਮਹੀਨੇ ਵਿਚ ਬ੍ਰਿਜੇਸ਼ ਠਾਕੁਰ ਦੀ ਮਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪੁੱਤਰ ਨੂੰ ਬ੍ਰਿਜੇਸ਼ ਠਾਕੁਰ ਨਾਲ ਅੰਦਰ ਜੇਲ ਸੁਪਰਡੈਂਟ ਰਾਜਨ ਕਪੂਰ ਸਮੇਤ ਉਕਤ ਅਧਿਕਾਰੀਆਂ ਦੀ ਸ਼ਹਿ 'ਤੇ ਉਸ ਨਾਲ ਗੈਰ-ਕੁਦਰਤੀ ਤੌਰ 'ਤੇ ਸੰਭੋਗ ਕਰ ਕੇ ਉਸ ਦੀ ਵੀਡੀਓ ਬਣਾ ਕੇ ਬ੍ਰਿਜੇਸ਼ ਠਾਕੁਰ ਨੂੰ ਬਲੈਕਮੇਲ ਕੀਤਾ ਗਿਆ। ਇਸ ਦੇ ਬਦਲੇ ਉਨ੍ਹਾਂ ਨੇ 15 ਲੱਖ ਰੁਪਏ ਦਿੱਤੇ। ਇਸ ਤੋਂ ਬਾਅਦ ਪਟਿਆਲਾ ਦੇ ਤਕੀਆ ਰਹੀਮ ਸ਼ਾਹ ਮੁਹੱਲਾ ਦੇ ਰਹਿਣ ਵਾਲੇ ਕਰਨਵੀਰ ਸਿੰਘ ਨੇ ਵੀ ਜੇਲ ਮੰਤਰੀ ਨੂੰ ਅਜਿਹੀ ਹੀ ਇਕ ਸ਼ਿਕਾਇਤ ਦਿੱਤੀ ਸੀ। ਇਸ ਵਿਚ ਉਸ ਦੇ ਭਰਾ ਨਾਲ ਵੀ ਅਜਿਹਾ ਕੁੱਝ ਹੋਇਆ ਤੇ ਉਨ੍ਹਾਂ ਨੇ 7 ਲੱਖ ਰੁਪਏ ਦਿੱਤੇ। ਇਸ ਦੀ ਜਾਂਚ ਓ. ਸੀ. ਸੀ. ਯੂ. ਦੇ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੌਂਪੀ ਗਈ।
ਕੁੰਵਰ ਵਿਜੇ ਪ੍ਰਤਾਪ ਸਿੰਘ ਕੋਲ ਜੇਲ ਦੇ ਕੁੱਝ ਹਵਾਲਾਤੀਆਂ ਤੇ ਕੈਦੀਆਂ ਜਿਨ੍ਹਾਂ ਵਿਚ ਮਹਿਲਾਵਾਂ ਵੀ ਸ਼ਾਮਲ ਸਨ, ਨੇ ਅਜਿਹੀ ਸ਼ਿਕਾਇਤ ਦਰਜ ਕਰਵਾਈ। ਉਸ ਰਿਪੋਰਟ ਦੇ ਆਧਾਰ 'ਤੇ ਅੱਜ ਕੇਂਦਰੀ ਜੇਲ ਪਟਿਆਲਾ ਦੇ ਸਾਬਕਾ ਸੁਪਰਡੈਂਟ ਰਾਜਨ ਕਪੂਰ ਸਮੇਤ ਉਕਤ 4 ਅਧਿਕਾਰੀਆਂ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ। ਜਦੋਂ ਇਹ ਜਾਂਚ ਸ਼ੁਰੂ ਹੋਈ ਤਾਂ ਜਿਹੜੇ ਗੈਂਗਸਟਰਾਂ ਗੋਰੂ ਬੱਚਾ, ਅਮਿਤ ਭੂਰਾ ਅਤੇ ਗੁਰਜੰਟ ਆਦਿ ਦਾ ਨਾਂ ਆ ਰਿਹਾ ਸੀ, ਉਨ੍ਹਾਂ ਨੂੰ ਪਹਿਲਾਂ ਹੀ ਕੇਂਦਰੀ ਜੇਲ ਪਟਿਆਲਾ ਤੋਂ ਸ਼ਿਫਟ ਕਰ ਦਿੱਤਾ ਗਿਆ।
ਨਿਯਮਾਵਲੀ ਦੀ ਉਲੰਘਣਾ ਬਰਦਾਸ਼ਤ ਨਹੀਂ : ਰੰਧਾਵਾ
ਕੇਂਦਰੀ ਜੇਲ ਪਟਿਆਲਾ ਵਿਚ ਹੋਈ ਇੰਨੀ ਵੱਡੀ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਡਿਸਮਿਸ ਕਰਨ ਤੋਂ ਬਾਅਦ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਾਫ ਤੌਰ 'ਤੇ ਕਿਹਾ ਕਿ ਜੇਲ ਵਿਚ ਨਿਯਮਾਵਲੀ ਦੀ ਉਲੰਘਣਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ। ਜੇਲ ਵਿਚ ਜੋ ਘਟਨਾ ਹੋਈ, ਉਹ ਅਤਿ ਨਿੰਦਣਯੋਗ ਸੀ। ਉਸ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਜ਼ਾ ਦੇ ਦਿੱਤੀ ਗਈ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਮਾਮਲੇ ਵਿਚ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓ. ਸੀ. ਸੀ. ਯੂ.) ਨੂੰ ਕੇਸ ਦਰਜ ਕਰਨ ਦੇ ਜੇਲ ਮੰਤਰੀ ਵੱਲੋਂ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।