ਕੇਂਦਰੀ GST ਸੁਪਰਡੈਂਟ ਨੂੰ CBI ਨੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ
Tuesday, Jul 30, 2019 - 09:42 PM (IST)

ਖੰਨਾ (ਸ਼ਾਹੀ, ਸੁਖਵਿੰਦਰ ਕੌਰ)-ਸੀ. ਬੀ. ਆਈ. ਦੀ ਕ੍ਰਾਈਮ ਬ੍ਰਾਂਚ ਵਲੋਂ ਖੰਨਾ 'ਚ ਤਾਇਨਾਤ ਸੈਂਟਰਲ ਜੀ. ਐੱਸ. ਟੀ. ਦੇ ਸੁਪਰਡੈਂਟ ਰਵਿੰਦਰ ਸਿੰਘ ਸੇਠੀ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜ ਲਿਆ। ਸਵੇਰੇ 11 ਵਜੇ ਸੀ. ਬੀ. ਆਈ. ਦੀ ਟੀਮ ਨੇ ਰੇਡ ਕੀਤੀ, ਜਿਸ ਤੋਂ ਬਾਅਦ ਮੌਕੇ 'ਤੇ ਗ੍ਰਿਫ਼ਤਾਰ ਕਰਕੇ ਰਾਤ 8 ਵਜੇ ਮੀਡੀਆ ਦੀਆਂ ਨਜ਼ਰਾਂ ਤੋਂ ਬਚਾਉਂਦਿਆਂ ਹੋਇਆਂ ਟੀਮ ਸੇਠੀ ਨੂੰ ਚੰਡੀਗੜ੍ਹ ਲੈ ਗਈ। ਟੀਮ ਦੇ ਨਾਲ ਆਏ ਅਫ਼ਸਰਾਂ ਨੇ ਸਵਾਲਾਂ ਦੇ ਜਵਾਬ 'ਚ ਬੱਸ ਇੰਨਾ ਦੱਸਿਆ ਕਿ ਕੇਂਦਰੀ ਜੀ. ਐੱਸ. ਟੀ. ਖੰਨਾ ਡਵੀਜ਼ਨ 'ਚ ਤਾਇਨਾਤ ਰਵਿੰਦਰ ਸਿੰਘ ਸੇਠੀ ਨੂੰ 50 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਫੜ ਕੇ ਗਿਫ੍ਰਤਾਰ ਕੀਤਾ ਗਿਆ। ਸੂਤਰਾਂ ਅਨੁਸਾਰ ਮਿਲੀ ਜਾਣਕਾਰੀ ਅਨੁਸਾਰ ਫੜਿਆ ਗਿਆ ਅਫ਼ਸਰ ਇਕ ਲੋਹੇ ਦੀ ਸਕਰੈਪ ਨਾਲ ਭਰਿਆ ਟਰੱਕ ਛੱਡਣ ਬਦਲੇ 1 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਪਹਿਲੀ ਕਿਸ਼ਤ 50 ਹਜ਼ਾਰ ਰੁਪਏ ਦੇਣੀ ਤੈਅ ਹੋਈ ਸੀ ਕਿ ਸਕਰੈਪ ਡੀਲਰ ਦੀ ਸ਼ਿਕਾਇਤ 'ਤੇ ਫੜਿਆ ਗਿਆ।