ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਦੁਖਦਾਈ ਘਟਨਾ ਦੀ ਕੇਂਦਰ ਸਰਕਾਰ ਜਾਂ ਕਾਨੂੰਨੀ ਏਜੰਸੀ ਕਰੇ ਜਾਂਚ : ਬਾਦਲ

Saturday, Dec 18, 2021 - 09:48 PM (IST)

ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਦੁਖਦਾਈ ਘਟਨਾ ਦੀ ਕੇਂਦਰ ਸਰਕਾਰ ਜਾਂ ਕਾਨੂੰਨੀ ਏਜੰਸੀ ਕਰੇ ਜਾਂਚ : ਬਾਦਲ

ਚੰਡੀਗੜ੍ਹ (ਬਿਊਰੋ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੇ ਘਿਨੌਣੇ ਯਤਨਾਂ ਨੂੰ ਬਹੁਤ ਹੀ ਹੈਰਾਨੀਜਨਕ, ਪੀੜਾ ਭਰਿਆ ਤੇ ਅਤਿਅੰਤ ਦੁਖਦਾਈ ਕਰਾਰ ਦਿੱਤਾ। ਬਾਦਲ ਨੇ ਕਿਹਾ ਕਿ ਇਸ ਅਪਰਾਧ ਦੀ ਜਿੰਨੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਵੇ, ਥੋੜ੍ਹੀ ਹੈ ਤੇ ਇਸ ਨੇ ਦੁਨੀਆ ਭਰ ’ਚ ਸਿੱਖਾਂ ਦੇ ਮਨਾਂ ਵਿਚ ਡੂੰਘਾ ਦੁੱਖ ਤੇ ਰੋਹ ਪੈਦਾ ਕੀਤਾ ਹੈ। ਇਸ ਲਈ ਇਸ ਘਟਨਾ ਦੀ ਕੇਂਦਰ ਸਰਕਾਰ ਜਾਂ ਕਾਨੂੰਨੀ ਏਜੰਸੀ ਨੂੰ ਜਾਂਚ ਕਰਨੀ ਚਾਹੀਦੀ ਹੈ। ਇਸ ਘਟਨਾ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ ਤੇ ਉਨ੍ਹਾਂ ਨੂੰ ਬਹੁਤ ਵੱਡੀ ਸੱਟ ਵੱਜੀ ਹੈ।  

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ’ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਨੂੰ ਸੰਗਤ ਨੇ ਕੁੱਟ-ਕੁੱਟ ਕੇ ਮਾਰਿਆ (ਵੀਡੀਓ)

ਉਨ੍ਹਾਂ ਕਿਹਾ ਕਿ ਇਹ ਵਿਸ਼ਵਾਸਯੋਗ ਗੱਲ ਨਹੀਂ ਹੈ ਕਿ ਅਜਿਹਾ ਪੀੜਾਦਾਇਕ ਤੇ ਘਿਨੌਣਾ ਅਪਰਾਧ ਮਨੁੱਖਤਾ ਦੇ ਸਭ ਤੋਂ ਪਵਿੱਤਰ ਅਸਥਾਨ ’ਤੇ ਇਕ ਵਿਅਕਤੀ ਵੱਲੋਂ ਕੀਤਾ ਗਿਆ ਹੋਵੇ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਪਿੱਛੇ ਡੂੰਘੀ ਸਾਜ਼ਿਸ਼ ਹੋਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਾਰੀ ਸਾਜ਼ਿਸ਼ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਜੋ ਪਿੱਛੇ ਹਨ, ਉਨ੍ਹਾਂ ਨੂੰ ਬੇਨਕਾਬ ਕਰ ਕੇ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ। 

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News