ਕਿਸਾਨ ਮੌਸਮ ਦੀ ਮਾਰ ਸਹਿੰਦੇ ਸਹਿੰਦੇ ਹੁਣ ਸਰਕਾਰ ਦੀ ਮਾਰ ਸਹਿਣ ਲਈ ਵੀ ਹੋਏ ਮਜਬੂਰ : ਨੀਲ ਗਰਗ

04/20/2018 12:43:38 PM

ਬਠਿੰਡਾ/ਤਲਵੰਡੀ (ਮੁਨੀਸ਼) — “ਕੇਂਦਰੀ ਸਰਕਾਰੀ ਖਰੀਦ ਏਜੰਸੀ ਐੱਫ.ਸੀ.ਆਈ. ਜੋ ਕਿ ਪਹਿਲਾਂ ਪੰਜਾਬ 'ਚੋਂ 20% ਕਣਕ ਖਰੀਦੀ ਸੀ ਪਿੱਛਲੇ ਸਾਲ ਤੋਂ ਉਸ ਨੇ ਇਹ 10% ਕਰ ਦਿੱਤੀ ਅਤੇ ਇਸ ਵੇਲੇ ਐੱਫ.ਸੀ.ਆਈ. ਨੇ ਵੱਖ-ਵੱਖ ਬਹਾਨੇ ਬਣਾ ਕੇ ਪੰਜਾਬ 'ਚੋਂ ਕਣਕ ਖਰੀਦਣ ਤੋਂ ਹੱਥ ਖੜੇ ਕਰ ਦਿੱਤੇ ਅਤੇ ਕਿਸਾਨ ਮੌਸਮ ਦੀ ਮਾਰ ਸਹਿੰਦੇ ਸਹਿੰਦੇ ਹੁਣ ਸਰਕਾਰ ਦੀ ਮਾਰ ਸਹਿਣ ਲਈ ਮਜ਼ਬੂਰ ਹੋ ਗਏ ਹਨ।  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਸਪੋਕਸਪਰਸਨ ਨੀਲ ਗਰਗ ਨੇ ਕਿਹਾ ਕਿ ਮੰਡੀਆਂ 'ਚ ਕਣਕ ਦੇ ਅੰਬਾਰ ਲੱਗ ਰਹੇ ਹਨ । ਚਾਹੀਦਾ ਤਾਂ ਇਹ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਸਬੰਧੀ ਤੁਰੰਤ ਕੇਂਦਰ ਸਰਕਾਰ ਨਾਲ ਗੱਲ ਕਰਕੇ ਇਸ ਮਸਲੇ ਦਾ ਹੱਲ ਲੱਭਦੇ ਪਰ ਮੁੱਖ ਮੰਤਰੀ ਸਾਹਿਬ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਇਹ ਦੱਸਣ ਗਏ ਕਿ ਪੰਜਾਬ ਵਿੱਚ 'ਕੱਟੜ ਅੱਤਵਾਦ' ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਕਰਕੇ ਕੇਂਦਰ ਸਰਕਾਰ ਨੂੰ ਸਖਤ ਕਾਨੂੰਨ ਬਨਾਓਣ ਦੀ ਲੋੜ ਹੈ। ਮੁੱਖ ਮੰਤਰੀ ਸਾਹਿਬ ਪੰਜਾਬ 'ਕੱਟੜ ਅੱਤਵਾਦ' ਵੱਲ ਵੱਧ ਰਿਹਾ ਹੈ ਜਾਂ ਨਹੀਂ ਇਹ ਤਾਂ ਪਤਾ ਨਹੀਂ ਪਰ ਪਹਿਲਾਂ ਹੀ ਬੁਰੇ ਹਾਲਾਤ 'ਚ ਫਸੇ ਪੰਜਾਬ ਦਾ ਕਿਸਾਨ ਜ਼ਰੂਰ ਹਨੇਰੀ ਗੁਫਾ ਵੱਲ ਵੱਧ ਰਿਹਾ ਹੈ।
ਨੀਲ ਗਰਗ ਨੇ ਅੱਗੇ ਕਿਹਾ ਕਿ ਕਿਸਾਨਾਂ ਵਲੋਂ ਕਣਕ 'ਤੇ ਦੋ-ਦੋ ਵਾਰ ਸਪਰੇਆਂ ਕਰਨ ਤੋਂ ਬਾਅਦ ਵੀ ਨਦੀਨ ਨਹੀਂ ਮਰਿਆ ਸੀ ਤੇ ਇਸ ਦਾ ਕਿਸਾਨਾਂ 'ਤੇ ਵਾਧੂ ਦਾ ਆਰਥਿਕ ਬੋਝ ਪਿਆ । ਹੁਣ ਕਿਸਾਨਾਂ ਨੇ ਨਰਮੇ ਦੀ ਫਸਲ ਬੀਜਣੀ ਹੈ ਤਾਂ ਮਾਨਯੋਗ ਮੁਖ ਮੰਤਰੀ ਸਾਹਿਬ ਜਿਨ੍ਹਾਂ ਕੋਲ ਇਹ ਵਿਭਾਗ ਵੀ ਹੈ, ਨੂੰ ਚਾਹੀਦਾ ਹੈ ਕਿ ਉਹ ਕਿਸਾਨ ਭਰਾਵਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਦੁਬਾਰਾ ਸਿਫਾਰਸ਼ ਕੀਤੇ ਬੀਜ ਮੁਹੱਈਆ ਕਰਾਉਣਾ ਤੇ ਯਕੀਨੀ ਬਨਾਉਣ ਤਾਂ ਜੋ ਕਿਸਾਨਾਂ ਨੂੰ ਦੁਬਾਰਾ ਉਹ ਦਿਨ ਨਾ ਦੇਖਣੇ ਪੈਣ, ਜੋ ਬਾਦਲ ਸਰਕਾਰ ਵੇਲੇ ਨਕਲੀ ਬੀਜਾਂ ਕਾਰਨ ਦੇਖਣੇ ਪਏ ਸੀ । ਨੀਲ ਗਰਗ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਬੀਜ ਖਰੀਦਦੇ ਸਮੇਂ ਬਿੱਲ ਜ਼ਰੂਰ ਲੈਣ ਤਾਂ ਕਿ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ । ਇਸ ਮੌਕੇ ਜਸਵਿੰਦਰ ਸਿੰਘ ਜੈਲਦਾਰ, ਸਤਿੰਦਰ ਸਿੰਘ ਸਿੱਧੂ ਵਕੀਲ, ਕਸ਼ਮੀਰ ਸਿੰਘ ਸੰਗਤ, ਰਾਜਿੰਦਰ ਸਿੰਘ ਰਾਜਪਾਲ ਅਤੇ ਹੋਰ ਬਹੁਤ ਸਾਰੇ ਵਲੰਟੀਅਰ ਮੌਜੂਦ ਸਨ ।


Related News