ਕਿਸਾਨਾਂ ਦੇ ਅੰਦੋਲਨ ਨਾਲ ਇੰਡਸਟਰੀ ਬੇਹਾਲ, 10 ਹਜ਼ਾਰ ਕਰੋੜ ਰੁਪਏ ਦੀ ਅਦਾਇਗੀ ਰੁਕੀ

Monday, Oct 19, 2020 - 08:10 PM (IST)

ਕਿਸਾਨਾਂ ਦੇ ਅੰਦੋਲਨ ਨਾਲ ਇੰਡਸਟਰੀ ਬੇਹਾਲ, 10 ਹਜ਼ਾਰ ਕਰੋੜ ਰੁਪਏ ਦੀ ਅਦਾਇਗੀ ਰੁਕੀ

ਜਲੰਧਰ, (ਨਰੇਸ਼ ਕੁਮਾਰ) : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ 'ਚ ਕਿਸਾਨਾਂ ਵਲੋਂ ਕੀਤੇ ਗਏ ਚੱਕਾ ਜਾਮ ਨਾਲ ਪੰਜਾਬ ਦਾ ਨਿਰਯਾਤ ਠੱਪ ਹੋ ਗਿਆ ਹੈ। ਲੁਧਿਆਣਾ ਤੇ ਜਲੰਧਰ ਦੇ ਨਿਰਯਾਤਕਾਂ ਦਾ ਕਰੀਬ 80 ਹਜ਼ਾਰ ਟਨ ਤਿਆਰ ਮਾਲ ਪੰਜਾਬ 'ਚ ਹੀ ਫਸ ਗਿਆ ਹੈ ਅਤੇ ਇਸ ਨਾਲ ਨਿਰਯਾਤਕਾਂ ਦੀ ਕਰੀਬ 10 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਅਦਾਇਗੀ ਰੁਕ ਗਈ ਹੈ ਅਤੇ ਨਿਰਯਾਤਕਾਂ ਨੂੰ ਸ਼ੱਕ ਹੈ ਕਿ ਜੇਕਰ ਜਲਦ ਹੀ ਇਸ ਸਮੱਸਿਆ ਦਾ ਹੱਲ ਨਹੀਂ ਕੱਢਿਆ ਗਿਆ ਤਾਂ ਨਿਰਯਾਤਕਾਂ ਦੇ ਨਾਲ-ਨਾਲ ਇਨ੍ਹਾਂ ਦੀਆਂ ਫੈਕਟਰੀਆਂ 'ਚ ਕੰਮ ਕਰਨ ਵਾਲੇ ਵਰਕਰਾਂ ਦੀ ਦੀਵਾਲੀ ਵੀ ਕਿਤੇ ਕਾਲੀ ਨਾ ਹੋਵੇ ਕਿਉਂਕਿ ਤਿਆਰ ਮਾਲ ਵਿਦੇਸ਼ੀ ਗ੍ਰਾਹਕਾਂ ਤਕ ਨਾ ਪਹੁੰਚਣ ਦੀ ਹਾਲਤ 'ਚ ਨਾ ਸਿਰਫ ਅਦਾਇਗੀ ਪ੍ਰਭਾਵਿਤ ਹੋਵੇਗੀ ਬਲਕਿ ਭਵਿੱਖ ਦੇ ਕਾਂਟ੍ਰੇਕਟ 'ਤੇ ਵੀ ਖਤਰਾ ਹੋਵੇਗਾ।

ਕੋਰੋਨਾ ਨਾਲ ਇੰਡਸਟਰੀ ਦੀ ਕਮਰ ਟੁੱਟੀ, ਹੁਣ ਰੋਜ਼ਗਾਰ 'ਤੇ ਪੈ ਸਕਦਾ ਹੈ ਅਸਰ : ਕਾਮਨਾ ਅਗਰਵਾਲ
ਇੰਜੀਨਿਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੀ ਰੀਜਨਲ ਚੇਅਰਪਰਸਨ ਕਾਮਨਾ ਰਾਜ ਅਗਰਵਾਲ ਨੇ ਇਥੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਪੰਜਾਬ ਦੇ ਵੱਖ-ਵੱਖ ਉਦਯੋਗਿਕ ਸੰਗਠਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਸਾਹਮਣੇ ਆਪਣੀ ਇਹ ਸਮੱਸਿਆ ਪਹੁੰਚਾਈ ਹੈ ਅਤੇ ਸਰਕਾਰ ਨੂੰ ਇਸ ਗੰਭੀਰ ਸਥਿਤੀ ਦੀ ਪੂਰੀ ਜਾਣਕਾਰੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੀ ਸਮੱਸਿਆ ਨੂੰ ਸਮਝਦੇ ਹਾਂ ਪਰ ਇੰਡਸਟਰੀ ਦੀ ਵੀ ਆਪਣੀ ਸਮੱਸਿਆ ਹੈ ਅਤੇ ਜੇਕਰ ਇੰਡਸਟਰੀ ਰੁਕੀ ਤਾਂ ਇਸ ਦਾ ਸਿੱਧਾ ਅਸਰ ਰੋਜ਼ਗਾਰ 'ਤੇ ਪਵੇਗਾ। ਹਰਿਆਣਾ 'ਚ ਸੂਬਾ ਸਰਕਾਰ ਰਾਤ ਦੇ ਸਮੇਂ ਰੇਲ ਦੀ ਮੂਵਮੈਂਟ ਕਰਵਾ ਕੇ ਕੰਟਨੇਰ ਕੱਢਵਾਉਣ ਦਾ ਕੰਮ ਕਰ ਰਹੀ ਹੈ ਅਤੇ ਇਹ ਰਸਤਾ ਪੰਜਾਬ 'ਚ ਵੀ ਅਪਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਚੱਲਦੇ ਪਹਿਲਾਂ ਹੀ ਇੰਡਸਟਰੀ ਦੀ ਕਮਰ ਟੁੱਟੀ ਹੋਈ ਸੀ ਅਤੇ ਅਜੇ ਤਕ ਇੰਡਸਟਰੀ ਇਸ ਸੰਕਟ ਤੋਂ ਉਭਰ ਨਹੀਂ ਪਾਈ ਹੈ ਅਤੇ ਹੁਣ ਇਹ ਨਵਾਂ ਸੰਕਟ ਇੰਡਸਟਰੀ ਦੇ ਸਾਹਮਣੇ ਖੜਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਲ 'ਚ ਆਪਣੇ ਪ੍ਰਦੇਸ਼ਾਂ 'ਚ ਗਏ ਇੰਡਸਟਰੀ ਦੀ ਸਾਰੇ ਮਜ਼ਦੂਰ ਅਜੇ ਵੀ ਵਾਪਸ ਨਹੀਂ ਆਏ ਹਨ ਅਤੇ ਕਿਸਾਨ ਵੀ ਇਸ ਗੱਲ ਨੂੰ ਜਾਣਦੇ ਹਨ ਅਤੇ ਉਨ੍ਹਾਂ ਨੂੰ ਵੀ ਅੱਗੇ ਫਸਲ ਦੀ ਕਟਾਈ ਅਤੇ ਬੁਆਈ ਲਈ ਮਜ਼ਦੂਰਾਂ ਦੀ ਲੋੜ ਹੈ ਅਤੇ ਮਜ਼ਦੂਰਾਂ ਲਈ ਰੇਲ ਹੀ ਸਸਤਾ ਮਾਧਿਅਮ ਹੈ, ਜੇਕਰ ਰੇਲ ਨਹੀਂ ਚੱਲੇਗੀ ਤਾਂ ਇਹ ਮਜ਼ਦੂਰ ਵਾਪਸ ਨਹੀਂ ਆ ਸਕਣਗੇ, ਜਿਸ ਨਾਲ ਕਿਸਾਨਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ।


author

Deepak Kumar

Content Editor

Related News