ਕੇਂਦਰ ਤੇ ਸੂਬਾ ਸਰਕਾਰ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਜਬਰਨ ਦਿੱਤੀ ਜ਼ੈੱਡ ਸੁਰੱਖਿਆ
Saturday, Jun 04, 2022 - 11:13 PM (IST)
ਅੰਮ੍ਰਿਤਸਰ (ਅਨਜਾਣ) : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਾਰ-ਵਾਰ ਇਨਕਾਰ ਕਰਨ ਦੇ ਬਾਵਜੂਦ ਮੌਜੂਦਾ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਜਬਰਨ ਸੁਰੱਖਿਆ ਛੱਤਰੀ ਮੁਹੱਈਆ ਕਰਵਾਈ ਗਈ ਹੈ। ਦੱਸ ਦੇਈਏ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਕੇਂਦਰ ਸਰਕਾਰ ਵੱਲੋਂ ਗੱਡੀ ਸਮੇਤ ਸੀ. ਆਰ. ਪੀ. ਦੇ ਪੰਜ ਜਵਾਨਾਂ ਦੀ ਟੁਕੜੀ ਦਿੱਤੀ ਗਈ ਹੈ, ਜਦਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਤੋਂ ਦਿੱਤੇ ਛੇ ਸੁਰੱਖਿਆ ਕਰਮਚਾਰੀ ਬਹਾਲ ਕਰਕੇ ਉਨ੍ਹਾਂ ਨਾਲ ਤਾਿੲਨਾਤ ਕੀਤੇ ਗਏ ਹਨ। ਜਥੇਦਾਰ ਦੀ ਸੁਰੱਖਿਆ ’ਚ ਕੇਂਦਰ ਵੱਲੋਂ ਤਾਇਨਾਤ ਕੀਤੀ ਜ਼ੈੱਡ ਸੁਰੱਖਿਆ ਦੀ ਪਹਿਲੀ 6 ਮੈਂਬਰੀ ਟੀਮ ਅੰਮ੍ਰਿਤਸਰ ਪਹੁੰਚ ਗਈ ਹੈ। ਇਸ ਸੁਰੱਖਿਆ ਟੀਮ ’ਚ ਇਕ ਹੈੱਡ ਕਾਂਸਟੇਬਲ, 4 ਕਾਂਸਟੇਬਲ ਤੇ ਇਕ ਡਰਾਈਵਰ ਸ਼ਾਮਿਲ ਹੈ। ਬੀਤੇ ਕੱਲ੍ਹ ਤੋਂ ਕੇਂਦਰ ਸਰਕਾਰ ਨੇ ਜਥੇਦਾਰ ਦੀ ਸੁਰੱਖਿਆ ਲਈ ਚੰਡੀਗੜ੍ਹ ਤੋਂ ਐਮਰਜੈਂਸੀ ਡਿਊਟੀ ’ਤੇ ਸੀ. ਆਰ. ਪੀ. ਐੱਫ਼. ਦੀ 220 ਬਟਾਲੀਅਨ ਦੇ ਜਵਾਨ ਭੇਜੇ ਹਨ। ਇਹ ਸੁਰੱਖਿਆ ਕਰਮਚਾਰੀ 6 ਜੂਨ ਤੋਂ ਬਾਅਦ ਵਾਪਸ ਪਰਤਣਗੇ। ਇਨ੍ਹਾਂ ਜਵਾਨਾਂ ਦੇ ਵਾਪਸ ਜਾਣ ਤੋਂ ਬਾਅਦ ਸੀ. ਆਰ. ਪੀ. ਐੱਫ਼. ਦੀ 235 ਬਟਾਲੀਅਨ ਦੇ 20 ਦੇ ਕਰੀਬ ਜਵਾਨ ਪੱਕੇ ਤੌਰ ’ਤੇ ਸਿੰਘ ਸਾਹਿਬ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਜਾਣਗੇ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਅਕਾਲੀ ਦਲ ਨੇ ਕਮਲਦੀਪ ਕੌਰ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ
ਇਸ ਬਾਰੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰਾਂ ਵੱਲੋਂ ਜਬਰੀ ਸੁਰੱਖਿਆ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਘਟਾਉਣ ਤੋਂ ਬਾਅਦ ਉਨ੍ਹਾਂ ਰਹਿੰਦੀ ਸੁਰੱਖਿਆ ਵੀ ਮੋੜ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉੱਠੇ ਵਿਰੋਧ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਜਥੇਦਾਰ ਦੀ ਸੁਰੱਖਿਆ ਮੁੜ ਬਹਾਲ ਕਰ ਦਿੱਤੀ ਹੈ ਪਰ ਜਥੇਦਾਰ ਸਾਹਿਬ ਨੇ ਕਿਸੇ ਕਿਸਮ ਦੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਵੀ ਜਥੇਦਾਰ ਸਾਹਿਬ ਨੂੰ ਜ਼ੈੱਡ ਸੁਰੱਖਿਆ ਦੇਣ ਦਾ ਨਿਰਣਾ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ ਦਿੱਤੀ ਜ਼ੈੱਡ ਸੁਰੱਖਿਆ ’ਤੇ ਵੀ ਸਿੰਘ ਸਾਹਿਬ ਨੇ ਇਨਕਾਰ ਕਰਦਿਆਂ ਸਰਕਾਰ ਨੂੰ ਆਪਣਾ ਫੈਸਲਾ ਮੁਲਤਵੀ ਕਰਨ ਲਈ ਕਿਹਾ ਸੀ। ਆਖਿਰਕਾਰ ਸਿੰਘ ਸਾਹਿਬ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਕੇਂਦਰ ਸਰਕਾਰ ਨੇ ਐੱਸ. ਪੀ. ਜੀ. ਦੇ ਚਾਰ ਕਮਾਂਡੋ ਗੱਡੀ ਸਮੇਤ ਤਾਇਨਾਤ ਕੀਤੇ ਹਨ, ਜਦਕਿ ਪੰਜਾਬ ਸਰਕਾਰ ਨੇ ਛੇ ਪੰਜਾਬ ਪੁਲਸ ਦੇ ਜਵਾਨ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 12 ਸੇਵਾਦਾਰ ਸੁਰੱਖਿਆ ਦਸਤਾ ਜਥੇਦਾਰ ਨਾਲ ਤਾਇਨਾਤ ਹਨ। ਹੁਣ ਜਥੇਦਾਰ ਸਾਹਿਬ ਨਾਲ ਇਕ ਪਾਇਲਟ ਗੱਡੀ, ਐੱਸ. ਪੀ. ਜੀ. ਕਮਾਂਡੋਜ਼ ਦੀ ਗੱਡੀ, ਇਕ ਪੰਜਾਬ ਪੁਲਸ ਦੀ ਗੱਡੀ, ਜਥੇਦਾਰ ਸਾਹਿਬ ਦੀ ਗੱਡੀ ਪਿੱਛੇ ਦੋ ਸ਼੍ਰੋਮਣੀ ਕਮੇਟੀ ਦੀਆਂ ਗੱਡੀਆਂ ਸਕਿਓਰਿਟੀ ਵਜੋਂ ਨਾਲ ਚੱਲਣੀਆਂ ਸ਼ੁਰੂ ਹੋ ਗਈਆਂ ਹਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ, ਕੀਤੀ ਇਹ ਮੰਗ