''ਦੇਸ਼ ਦੇ ਅੰਨਦਾਤਾ ਨਾਲ ਖੇਡਾਂ ਖੇਡਣੀਆਂ ਬੰਦ ਕਰੇ ਕੇਂਦਰ'' : ਅਕਾਲੀ ਦਲ

Thursday, Dec 10, 2020 - 03:41 PM (IST)

''ਦੇਸ਼ ਦੇ ਅੰਨਦਾਤਾ ਨਾਲ ਖੇਡਾਂ ਖੇਡਣੀਆਂ ਬੰਦ ਕਰੇ ਕੇਂਦਰ'' : ਅਕਾਲੀ ਦਲ

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਮਾਸੂਮ ਕਿਸਾਨਾਂ ਨਾਲ ਖੇਡਾਂ ਖੇਡਣੀਆਂ ਬੰਦ ਕਰੇ ਅਤੇ ਬਿਨਾਂ ਸ਼ਰਤ ਤਿੰਨ ਖ਼ੇਤੀ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਦੀਆਂ ਹੋਰ ਮੰਗਾਂ ਵੀ ਪ੍ਰਵਾਨ ਕਰੇ। ਅਕਾਲੀ ਦਲ ਨੇ ਕਿਹਾ ਕਿ ਉਹ ਕਿਸਾਨਾਂ ਵਲੋਂ ਭਾਰਤ ਸਰਕਾਰ ਦੀਆਂ ਤਜਵੀਜ਼ਾਂ ਰੱਦ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਹ ਤਜਵੀਜ਼ਾਂ ਹੋਰ ਕੁਝ ਨਹੀਂ ਸਗੋਂ ਧਿਆਨ ਵੰਡਾਊ ਤਰਕੀਬਾਂ ਹਨ, ਜਿਨ੍ਹਾਂ ਨੂੰ ਕਿਸਾਨਾ ਨੇ ਰੱਦ ਕਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਅਸੀਂ ਹਰ ਮਾਮਲੇ ਵਿਚ ਤੇ ਹਰ ਤਰੀਕੇ ਨਾਲ ਕਿਸਾਨਾਂ ਦੇ ਨਾਲ ਹਾਂ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਨ੍ਹਾਂ ਤਜਵੀਜ਼ਾਂ 'ਚ ਕੁਝ ਵੀ ਨਵਾਂ ਨਹੀ ਂਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਤਜਵੀਜ਼ਾਂ ਤਿੰਨ ਖੇਤੀ ਕਾਨੂੰਨ ਵਾਂਗ ਹੀ ਹਨ ਜੋ ਅਕਾਲੀ ਦਲ ਨੇ ਕਿਸਾਨਾਂ ਦਾ ਸਾਥ ਦੇਣ ਲਈ ਐੱਨ. ਡੀ. ਏ. ਛੱਡਣ ਵੇਲੇ ਰੱਦ ਕੀਤੀਆਂ ਸਨ। ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਤਰਸਯੋਗ ਹੈ ਕਿ ਦੇਸ਼ ਦਾ ਅੰਨਦਾਤਾ ਕਿਸਾਨ ਅੱਜ ਕੜਾਕੇ ਦੀ ਠੰਢ ਵਿਚ ਆਪਣੇ ਪਰਿਵਾਰਾਂ, ਜਿਨ੍ਹਾਂ ਵਿਚ 14 ਦਿਨ ਛੋਟਾ ਬੱਚਾ ਅਤੇ ਬਜ਼ੁਰਗ ਵੀ ਸ਼ਾਮਲ ਹਨ, ਦੇ ਨਾਲ ਰਲ ਕੇ ਆਪਣੇ ਹੱਕਾਂ ਦੀ ਵੱਡੀ ਲੜਾਈ ਲੜ ਰਿਹਾ ਹੈ। ਸਰਕਾਰ ਨੂੰ ਆਪਣੀ ਅੜਵਾਈ ਛੱਡ ਕੇ ਕਿਸਾਨਾਂ ਦੀ ਗੱਲ ਸੁਣਨ ਅਤੇ ਬਿਨਾਂ ਸ਼ਰਤ ਉਨ੍ਹਾਂ ਦੀਆਂ ਮੰਗ ਮੰਨਣ ਲਈ ਆਖਦਿਆਂ ਮਜੀਠੀਆ ਨੇ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਇਹ ਐਕਟ ਕਿਸਾਨਾਂ ਦੀ ਭਲਾਈ ਲਈ ਹਨ ਪਰ ਜਦੋਂ ਕਿਸਾਨ ਹੀ ਨਹੀਂ ਚਾਹੁੰਦਾ ਤਾਂ ਇਹ ਕਾਨੂੰਨ ਕਿਸਾਨਾਂ ਸਿਰ ਕਿਉਂ ਮੜ੍ਹੇ ਜਾਣ। ਅਕਾਲੀ ਦਲ ਦੇ ਸੀਨੀਅਰ ਆਗੂ ਨੇ ਇਸ ਗੱਲ 'ਤੇ ਗੰਭੀਰ ਚਿੰਤਾ ਪ੍ਰਗਟਾਈ ਕਿ ਕਿਵੇਂ ਸਾਡੇ ਦੇਸ਼ ਦੀ ਨਰਮ ਤੇ ਸਭਿਅਕ ਸਾਖ਼ ਸਰਕਾਰ ਦੀਆਂ ਸ਼ਾਂਤੀਪੂਰਨ ਅੰਦੋਲਨਾਂ ਦੇ ਟਾਕਰੇ ਲਈ ਦਮਨਕਾਰੀ ਨੀਤੀਆਂ ਅਪਣਾਉਣ ਕਾਰਨ ਮਿੱਟੀ ਵਿਚ ਮਿਲ ਰਹੀ ਹੈ।

ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਵਿਚ ਫੁੱਟ ਪਾਉਣੀ ਚਾਹੁੰਦੈ ਅਮਿਤ ਸ਼ਾਹ : ਮਾਨ

ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਸੰਯੁਕਤ ਰਾਸ਼ਟਰ ਸਮੇਤ ਦੁਨੀਆ ਭਰ ਦੇ ਲੋਕਾਂ ਅਤੇ ਸੰਸਥਾਵਾਂ ਨੇ ਸਾਡੇ ਬਹਾਦਰ ਵੀ ਕਸੂਤੇ ਫਸੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਉਨ੍ਹਾਂ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਹੈ ਪਰ ਸਾਡੀ ਆਪਣੀ ਚੁਣੀ ਹੋਈ ਸਰਕਾਰ ਸਾਡੀ ਪੀੜਾ ਤੇ ਤਕਲੀਫਾਂ ਪ੍ਰਤੀ ਬੇਦਰਦ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅੰਨਦਾਤਾ ਦੀ ਬਿਆਨ ਨਾ ਕੀਤੇ ਜਾ ਸਕਣ ਵਾਲੀ ਪੀੜਾ ਇੰਨੀ ਦਲੇਰਾਨਾ ਤਸਵੀਰ ਪੇਸ਼ ਕਰਦੀ ਹੈ ਕਿ ਉਹ ਬੇਦਿਲ ਦੁਸ਼ਮਣਾਂ ਦੇ ਦਿਲਾਂ ਵਿਚ ਵੀ ਤਰਸ ਲਿਆ ਸਕਦੀ ਹੈ। ਅਕਾਲੀ ਆਗੂ ਨੇ ਕਿਹਾ ਕਿ ਸਰਕਾਰ ਦੀ ਆਪਣੇ ਹੀ ਲੋਕਾਂ ਪ੍ਰਤੀ ਬੇਰੁਖੀ ਅਤੇ ਅਮੀਰ ਕਾਰਪੋਰੇਟ ਘਰਾਣਿਆਂ ਲਈ ਪਿਆਰ ਤੇ ਤਰਜੀਹ ਨੇ ਬਸਤੀਵਾਦੀ ਸ਼ਾਸਨ ਚੇਤੇ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੱਡੀ ਤਕਲੀਫ਼ ਤਾਂ ਇਹ ਹੈ ਕਿ ਅੱਜ ਦੇ ਸਾਡੇ ਸ਼ਾਸ਼ਕਾਂ ਕਰ ਕੇ ਨਾ ਕਿ ਵਿਦੇਸ਼ੀਆਂ ਕਰ ਕੇ ਸਾਨੂੰ ਸਾਡੇ ਆਪਣੇ ਚੁਣੇ ਪ੍ਰਤੀਨਿਧ ਹੀ ਇਸਦਾ ਕਾਰਨ ਹਨ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਦੀ ਚੋਣ ਕਰਦੇ ਹਨ ਅਤੇ ਆਸ ਕਰਦੇ ਹਨ ਕਿ ਸਰਕਾਰਾਂ ਉਨ੍ਹਾਂ ਦੇ ਮਸਲੇ ਹੱਲ ਕਰਨਗੀਆਂ ਜਿਵੇਂ ਕਿ ਆਮ ਤੌਰ 'ਤੇ ਪਰਿਵਾਰਾਂ ਵਿਚ ਮਾਪੇ ਕਰਦੇ ਹਨ। ਉਨ੍ਹਾਂ ਕਿਹਾ ਕਿ ਮੰਦੇ ਭਾਗਾਂ ਨੂੰ ਮਾਪਿਆਂ ਨੇ ਹੀ ਆਪਣੇ ਬੱਚਿਆਂ ਖਿਲਾਫ਼ ਨਿਰਦਈਅਤਾ ਤੇ ਬੇਦਿਲੀ 'ਤੇ ਕੁਝ ਵੀ ਕਹਿਣ ਤੋਂ ਨਾਂਹ ਕਰ ਕਹਿ ਦਿੱਤੀ ਹੈ।

ਇਹ ਵੀ ਪੜ੍ਹੋ : ''ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਦੁਬਾਰਾ ਖੁੱਲ੍ਹਣ ਦੀਆਂ ਸੰਭਾਵਨਾਵਾਂ ਕਮਜ਼ੋਰ''   

ਅਕਾਲੀ ਆਗੂ ਨੇ ਹਰਿਆਣਾ ਦੇ ਲੋਕਾਂ ਖਾਸ ਤੌਰ 'ਤੇ ਕਿਸਾਨਾਂ ਵਲੋਂ ਪੰਜਾਬੀ ਕਿਸਾਨਾਂ ਨਾਲ ਪ੍ਰਗਟਾਈ ਗਈ ਇਕਜੁੱਟਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕਾਂ ਨੇ ਖੱਟਰ ਸਰਕਾਰ ਦੇ ਜਵਾਬ ਦਾ ਠੋਕਵਾਂ ਮੋੜਵਾਂ ਜਵਾਬ ਦਿੱਤਾ ਹੈ ਜਦਕਿ ਖੱਟਰ ਸਰਕਾਰ ਪੰਜਾਬ ਅਤੇ ਹਰਿਆਣਾ ਵਿਚਾਲੇ ਸ਼ੱਕ, ਨਫ਼ਰਤ ਤੇ ਵੰਡ ਪਾਊ ਬੀਜ ਬੀਜਣਾ ਚਾਹੁੰਦੀ ਸੀ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿਚ ਹਮੇਸ਼ਾ ਹੀ ਤੁਹਾਨੂੰ ਹਰਿਆਣਵੀ ਭਰਾਵਾਂ ਨੁੰ ਸਾਂਝੇ ਦੁਸ਼ਮਣ ਖਿਲਾਫ਼ ਇਕਜੁਟ ਹੋ ਕੇ ਟਾਕਰਾ ਕਰਨ ਤੇ ਹਰਾਉਣ ਵਾਸਤੇ ਤੁਹਾਡੇ ਨਾਲ ਡਟੇ ਰਹਾਂਗੇ। ਉਨ੍ਹਾਂ ਕਿਹਾ ਕਿ ਹਰਿਆਣਵੀ ਲੋਕਾਂ ਖਾਸ ਤੌਰ 'ਤੇ ਹਰਿਆਣਵੀ ਕਿਸਾਨਾਂ ਵਲੋਂ ਨਿਭਾਈ ਭੂਮਿਕਾ ਵਲੋਂ ਇਸ ਲੋੜ ਮੌਕੇ ਨਿਭਾਈ ਭੂਮਿਕਾ ਨੂੰ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਅਕਾਲੀ ਆਗੂ ਨੇ ਸ਼ਾਂਤੀਪੂਰਨ ਤੇ ਪੂਰੀ ਤਰ੍ਹਾਂ ਨਿਹੱਥੇ ਕਿਸਾਨਾਂ ਖਿਲਾਫ ਖੱਟਰ ਦੀਆਂ ਹਦਾਇਤਾਂ 'ਤੇ ਸਰਕਾਰ ਵਲੋਂ ਦਮਨਕਾਰੀ ਨੀਤੀਆਂ ਅਪਣਾਉਣ ਦੀ ਵੀ ਨਿਖੇਧੀ ਕੀਤੀ।

ਇਹ ਵੀ ਪੜ੍ਹੋ : ਹੰਸ ਰਾਜ ਹੰਸ ਕਿਸਾਨੀ ਸੰਘਰਸ਼ ਨਾਲ ਕਰ ਰਿਹੈ ਗੱਦਾਰੀ, ਰਾਜ ਗਾਇਕ ਦੀ ਉਪਾਧੀ ਕਰੇ ਵਾਪਸ

 

ਨੋਟ : ਅਕਾਲੀ ਦਲ ਵਲੋਂ ਕੇਂਦਰ 'ਤੇ ਲਗਾਏ ਗਏ ਦੋਸ਼ਾਂ 'ਤੇ ਕੀ ਤੁਸੀਂ ਸਹਿਮਤ ਹੋ? ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Anuradha

Content Editor

Related News