ਕੇਂਦਰ ਵੱਲੋਂ ਖੇਤੀ ਸੰਦਾਂ ’ਤੇ ਆਈ ਸਬਸਿਡੀ ਪੰਜਾਬ ਸਰਕਾਰ ਚਾਹੁੰਦੀ ਹੈ ਹੜੱਪਣਾ : ਉਗਰਾਹਾਂ
Sunday, Oct 31, 2021 - 06:10 PM (IST)
ਸੰਗਰੂਰ (ਬੇਦੀ): ਕੇਂਦਰ ਵੱਲੋਂ ਕਿਸਾਨਾਂ ਨੂੰ ਖੇਤੀ ਸੰਦਾਂ ’ਤੇ ਮਿਲੀ ਸਬਸਿਡੀ ਪੰਜਾਬ ਸਰਕਾਰ ਹੜੱਪਣਾ ਚਾਹੁੰਦੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੋ ਖੇਤੀ ਸੰਦਾਂ ’ਤੇ ਕੇਂਦਰ ਸਰਕਾਰ ਸਬਸਿਡੀ ਦੇ ਰਹੀ ਹੈ ਉਸ ਸਬਸਿਡੀ ਨੂੰ ਪੰਜਾਬ ਸਰਕਾਰ ਆਨੇ-ਬਹਾਨੇ ਹੜੱਪਣਾ ਚਾਹੁੰਦੀ ਹੈ।
ਕੇਂਦਰ ਸਰਕਾਰ ਵੱਲੋਂ ਖੇਤੀ ਸੰਦਾਂ ’ਤੇ 80 ਫ਼ੀਸਦੀ ਸਬਸਿਡੀ ਕਿਸਾਨਾਂ ਨੂੰ ਦੇਦ ਲਈ ਮਨਜ਼ੂਰ ਕੀਤੀ ਗਈ, ਜਦੋਂ ਕਿਸਾਨਾਂ ਨੇ ਖੇਤੀ ਸੰਦਾਂ ਲਈ ਅਪਲਾਈ ਕਰ ਦਿੱਤਾ ਤਾਂ ਪੰਜਾਬ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਖੇਤੀ ਸੰਦਾਂ ’ਤੇ ਸਬਸਿਡੀ 50 ਫੀਸਦੀ ਮਿਲੇਗੀ ਪਰ ਬਾਅਦ ’ਚ ਪੰਜਾਬ ਸਰਕਾਰ ਵੱਲੋਂ ਸਬਸਿਡੀ 80 ਫੀਸਦੀ ਦਾ ਐਲਾਨ ਕਰ ਦਿੱਤਾ ਤੇ ਕਿਸਾਨਾਂ ਨੂੰ ਅਰਜ਼ੀਆਂ ਦੇਣ ਲਈ ਕਿਹਾ ਪਰ ਜਿਨ੍ਹਾਂ ਨੇ ਪਹਿਲਾਂ ਅਰਜ਼ੀਆਂ ਦਿੱਤੀਆਂ ਸਨ ਉਨ੍ਹਾਂ ਨੂੰ ਖੇਤੀ ਸੰਦ ਨਹੀਂ ਮਿਲੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਇਹ ਸਬਸਿਡੀ ਹੜੱਪਣ ਲਈ ਆਪਣੇ ਚਹੇਤਿਆਂ ਰਾਹੀਂ ਅਰਜ਼ੀਆਂ ਮੰਗ ਲਈਆਂ, ਕਿਉਂਕਿ ਪਹਿਲਾਂ ਵਾਲੀ ਸਰਕਾਰ ਅੱਡ ਹੱਥ ਰੰਗਣੇ ਚਾਹੁੰਦੀ ਸੀ ਤੇ ਹੁਣ ਵਾਲੀ ਸਰਕਾਰ ਖੇਤੀ ਸੰਦਾਂ ’ਚੋਂ ਅੱਡ ਹੱਥ ਰੰਗਣੇ ਚਾਹੁੰਦੀ ਹੈ।