ਮਈ 2020 ''ਚ ਸ਼ੁਰੂ ਹੋਵੇਗੀ ਪੰਜਾਬ ''ਚ ਜਨਗਣਨਾ

Tuesday, Dec 10, 2019 - 08:45 PM (IST)

ਚੰਡੀਗੜ੍ਹ,(ਭੁੱਲਰ) : ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਮੰਗਲਵਾਰ ਨੂੰ ਇਥੇ ਸੂਬਾ ਪੱਧਰੀ ਕੋਆਰਡੀਨੇਸ਼ਨ ਕਮੇਟੀ ਵਿਖੇ ਜਨਗਣਨਾ-2021 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਨਗਣਨਾ 2 ਪੜਾਵਾਂ 'ਚ ਕੀਤੀ ਜਾਵੇਗੀ। ਪਹਿਲੇ ਪੜਾਅ ਅਧੀਨ 15 ਮਈ ਤੋਂ 29 ਜੂਨ, 2020 ਤੱਕ ਘਰਾਂ ਦੀ ਗਣਨਾ ਕਰਨ ਦੇ ਨਾਲ-ਨਾਲ ਰਾਸ਼ਟਰੀ ਜਨਸੰਖਿਆ ਰਜਿਸਟਰ ਅਪਡੇਟ ਕੀਤਾ ਜਾਵੇਗਾ। ਦੂਜੇ ਪੜਾਅ 'ਚ 9 ਤੋਂ 28 ਫਰਵਰੀ, 2021 ਤੱਕ ਜਨਸੰਖਿਆ ਗਣਨਾ ਕੀਤੀ ਜਾਵੇਗੀ ਅਤੇ 1 ਤੋਂ 5 ਮਾਰਚ 2021 ਤੱਕ ਸੁਧਾਈ ਕੀਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਪ੍ਰਸ਼ਾਸਕੀ ਇਕਾਈਆਂ ਦੀਆਂ ਹੱਦਾਂ 31 ਦਸੰਬਰ, 2019 ਤੋਂ ਬਾਅਦ ਵਧਾਈਆਂ ਨਹੀਂ ਜਾ ਸਕਣਗੀਆਂ। ਇਸ ਨਾਲ ਸੂਬੇ ਵਿਚ ਜਨਗਣਨਾ 2021 ਮੁਕੰਮਲ ਹੋਣ ਤੱਕ ਮੌਜੂਦਾ ਨਗਰ ਪਾਲਿਕਾਵਾਂ, ਪਿੰਡਾਂ, ਤਹਿਸੀਲਾਂ, ਵਿਕਾਸ ਬਲਾਕਾਂ, ਸਬ ਡਵੀਜ਼ਨਾਂ, ਜ਼ਿਲਿਆਂ ਆਦਿ ਦੀਆਂ ਹੱਦਾਂ ਵਿਚ ਕੋਈ ਵੀ ਤਬਦੀਲੀ ਕਰਨ 'ਤੇ ਪਾਬੰਦੀ ਹੋਵੇਗੀ।

ਇਸ ਸਬੰਧੀ ਮਾਸਟਰ ਟ੍ਰੇਨਰਾਂ ਨੂੰ ਮੈਗਸੀਪਾ, ਚੰਡੀਗੜ੍ਹ ਵਿਖੇ 16 ਤੋਂ 21 ਦਸੰਬਰ, 2019 ਤੱਕ ਸਿਖਲਾਈ ਦਿੱਤੀ ਜਾਵੇਗੀ। ਜਨਗਣਨਾ 2021 ਦੇ ਫੀਲਡ ਦੇ ਕੰਮ ਲਈ ਜਨਗਣਨਾ ਕਰਨ ਵਾਲਿਆਂ ਅਤੇ ਸੁਪਰਵਾਈਜ਼ਰਾਂ ਜਿਨ੍ਹਾਂ ਵਿਚ ਸੂਬਾ ਸਰਕਾਰ ਦੇ ਅਧਿਕਾਰੀ, ਕਲਰਕ ਅਤੇ ਅਧਿਆਪਕ, ਸਥਾਨਕ ਅਥਾਰਟੀਆਂ ਆਦਿ ਸ਼ਾਮਲ ਹਨ, ਦੀ ਡਿਊਟੀ ਲਾਈ ਜਾਵੇਗੀ। ਉਨ੍ਹਾਂ ਨੂੰ ਇਸ ਸਬੰਧੀ 4 ਦਿਨ ਦੀ ਸਿਖਲਾਈ ਦਿੱਤੀ ਜਾਵੇਗੀ। ਜਨਗਣਨਾ ਦੀ ਪ੍ਰਕਿਰਿਆ ਨੂੰ ਦੁਭਾਸ਼ੀ ਮੋਬਾਇਲ ਐਪ ਅਤੇ ਪੇਪਰ ਫਾਰਮੈਟ ਦੀ ਸਹਾਇਤਾ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਘਰਾਂ ਦੀ ਸੂਚੀ ਤਿਆਰ ਕਰਨ ਸਮੇਂ ਮੈਪ/ਜੀਓ-ਰੈਫਰੈਂਸਿੰਗ ਦੀ ਵਰਤੋਂ ਕਰਨਾ ਵੀ ਵਿਚਾਰ ਅਧੀਨ ਹੈ। ਇਸ ਮੀਟਿੰਗ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਤ ਕਮਿਸ਼ਨਰ ਸੀਮਾ ਜੈਨ, ਸਥਾਨਕ ਸਰਕਾਰਾਂ ਦੇ ਪ੍ਰਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ, ਵਿਸ਼ੇਸ਼ ਸਕੱਤਰ ਯੋਜਨਾ ਡੀ. ਐੱਸ. ਮਾਂਗਟ ਅਤੇ ਵਧੀਕ ਸਕੱਤਰ ਮਾਲ ਕੈਪਟਨ ਕਰਨੈਲ ਸਿੰਘ ਵੀ ਹਾਜ਼ਰ ਸਨ। ਡਾਇਰੈਕਟਰ ਜਨਗਣਨਾ ਪੰਜਾਬ ਅਤੇ ਚੰਡੀਗੜ੍ਹ ਡਾ. ਅਭਿਸ਼ੇਕ ਜੈਨ ਨੇ ਮੀਟਿੰਗ 'ਚ ਕੀਤੇ ਜਾਣ ਵਾਲੇ ਕੰਮਾਂ ਦੀ ਜਾਣਕਾਰੀ ਦਿੱਤੀ।


Related News