ਸੀਮਿੰਟ ਵਪਾਰੀ ਨੂੰ ਗੋਲ਼ੀ ਮਾਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ, ਦੂਜਾ ਫ਼ਰਾਰ
Monday, Mar 29, 2021 - 05:57 PM (IST)
ਜਲੰਧਰ (ਮਾਹੀ) : ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਭੋਗਲ ਰੋਡ ’ਤੇ ਸਥਿਤ ਪਿੰਡ ਨੰਗਲ ਜਮਾਲਪੁਰ ਨੇੜੇ (ਨੂਰਪੁਰ) 10 ਮਾਰਚ ਨੂੰ ਧੋਗੜੀ ਰੋਡ ’ਤੇ ਸਥਿਤ ਪਿੰਡ ਨੰਗਲ ਜਮਾਲਪੁਰ ’ਚ ਸੀਮਿੰਟ ਵਪਾਰੀ ਨੂੰ ਗੋਲੀ ਮਾਰ ਕੇ ਲੁੱਟ ਖੋਹ ਕਰਨ ਦੀ ਵਾਰਦਾਤ ਹੋਈ ਸੀ। ਇਸ ਦੇ ਸਬੰਧ ਵਿਚ ਥਾਣਾ ਮਕਸੂਦਾਂ ਦੀ ਪੁਲਸ ਨੇ ਇਕ ਦੋਸ਼ੀ ਨੂੰ ਦੇਸੀ ਕੱਟੇ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪ੍ਰੈੱਸ ਵਾਰਤਾ ਦੌਰਾਨ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਲਵਪ੍ਰੀਤ ਉਰਫ ਲੱਭ ਵਾਸੀ ਪਿੰਡ ਕਰਾੜੀ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਜਿਸ ਨੂੰ ਜੀ. ਟੀ. ਰੋਡ ਨੇੜੇ ਨਹਿਰ ਪੁਲੀ ਅੱਡਾ ਪਿੰਡ ਰਾਏਪੁਰ ਰਸੂਲਪੁਰ ਤੋਂ ਕਾਬੂ ਕੀਤਾ ਹੈ। ਜਿਸ ਕੋਲੋਂ ਵਾਰਦਾਤ ਵੇਲੇ ਵਰਤਿਆ ਗਿਆ 315 ਬੋਰ ਦਾ ਇਕ ਦੇਸੀ ਕੱਟਾ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀ ਲਵਪ੍ਰੀਤ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਅਲੱਗ ਹੋਣ ਕਰਕੇ ਉਸ ਨੂੰ ਕੋਈ ਵੀ ਆਰਥਿਕ ਸਹੂਲਤ ਨਹੀਂ ਮਿਲਦੀ ਸੀ।
ਉਸ ਨੇ ਸੋਚਿਆ ਸੀ ਕਿ ਅਹਿਮਦਾਬਾਦ ਵਿਖੇ ਜਾ ਕੇ ਆਪਣਾ ਵਪਾਰ ਸ਼ੁਰੂ ਕਰਨਾ ਹੈ ਜਿਸ ਲਈ ਉਸ ਕੋਲ ਕੋਈ ਵੀ ਆਰਥਿਕ ਸਹੂਲਤ ਨਹੀਂ ਸੀ।ਉਨ੍ਹਾਂ ਦੱਸਿਆ ਕਿ ਵਾਰਦਾਤ ਵਿਚ ਜ਼ਖ਼ਮੀ ਹੋਇਆ ਸੀਮਿੰਟ ਵਪਾਰੀ ਜਤਿੰਦਰਪਾਲ ਸਿੰਘ ਬਾਜਵਾ ਦਾ ਡਰਾਈਵਰ ਸੰਦੀਪ ਦੀਪਾ ਨਾਲ ਦੋਸ਼ੀ ਲਵਪ੍ਰੀਤ ਉਰਫ ਲਵ ਦੀ ਦੋਸਤੀ ਸੀ ਜੋ ਕਿ ਅਕਸਰ ਹੀ ਉਸ ਨੂੰ ਸੀਮਿੰਟ ਦੀ ਦੁਕਾਨ ’ਤੇ ਮਿਲਣ ਆਇਆ ਕਰਦਾ ਸੀ ਤੇ ਇਕ ਦਿਨ ਉਸ ਨੇ ਸੀਮਿੰਟ ਵਪਾਰੀ ਨੂੰ ਨਕਦੀ ਗਿਣਤੀ ਕਰਦਿਆਂ ਦੇਖ ਲਿਆ ਤਾਂ ਉਸਦੀ ਨੀਅਤ ਵਿਗੜ ਗਈ। ਇਸ ਤੋਂ ਬਾਅਦ ਉਸ ਨੇ ਮਨ ਬਣਾ ਲਿਆ ਕਿ ਉਹ ਇੱਥੋਂ ਲੁੱਟਖੋਹ ਕਰ ਕੇ ਆਪਣਾ ਵਪਾਰ ਸ਼ੁਰੂ ਕਰ ਸਕਦਾ ਹੈ । ਉਨ੍ਹਾਂ ਦੱਸਿਆ ਕਿ ਵਾਰਦਾਤ ਹੋਣ ਤੋਂ ਦੋ ਦਿਨ ਪਹਿਲਾਂ ਵੀ ਇਹ ਵਾਰਦਾਤ ਨੂੰ ਅੰਜਾਮ ਦੇਣ ਆਪਣੇ ਦੋਸਤ ਨਾਲ ਆਇਆ ਸੀ ਪਰ ਕਿਸੇ ਕਾਰਨ ਉਹ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਅਤੇ ਦੋ ਦਿਨ ਬਾਅਦ ਉਹ ਫਿਰ ਆਪਣੇ ਇਕ ਹੋਰ ਸਾਥੀ ਨਾਲ ਉੱਥੇ ਪੁੱਜਾ ਅਤੇ ਉਸ ਨੇ ਸੀਮਿੰਟ ਵਪਾਰੀ ਕੋਲੋਂ ਨਕਦੀ ਲੁੱਟਣੀ ਚਾਹੀ ਪਰ ਸੀਮਿੰਟ ਵਪਾਰੀ ਉਸ ਨਾਲ ਉਲਝ ਗਿਆ ਜਿਸ ਕਰਕੇ ਉਸ ਨੇ ਸੀਮਿੰਟ ਵਪਾਰੀ ਨੂੰ ਗੋਲ਼ੀ ਮਾਰ ਦਿੱਤੀ ਸੀ ਤੇ ਜਲਦਬਾਜ਼ੀ ’ਚ ਸਿਰਫ਼ 21ਹਜ਼ਾਰ ਰੁਪਿਆ ਹੀ ਲੈ ਕੇ ਜਾਣ ਵਿਚ ਸਫ਼ਲ ਹੋਏ ਸਨ। ਵਾਰਦਾਤ ਕਰਨ ਉਪਰੰਤ ਦੋਵੇਂ ਦੋਸਤ ਵੱਖ-ਵੱਖ ਰਸਤਿਆਂ ਰਾਹੀਂ ਫ਼ਰਾਰ ਹੋਏ ਸਨ।
ਡੀ. ਐੱਸ. ਪੀ. ਨੇ ਦੱਸਿਆ ਕਿ ਸੀਮਿੰਟ ਵਪਾਰੀ ਕੋਲ ਕੰਮ ਕਰਦੇ ਡਰਾਈਵਰ ਸੰਦੀਪ ਦੀਪਾ ਦੀ ਮੱਦਦ ਨਾਲ ਅਤੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ ਜਦ ਕਿ ਇਸ ਦਾ ਦੂਸਰਾ ਸਾਥੀ ਅਜੇ ਫਰਾਰ ਹੈ ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਾਰਦਾਤ ਕਰਨ ਉਪਰੰਤ ਦੋਸ਼ੀ ਲਵਪ੍ਰੀਤ ਸਿੰਘ ਉਰਫ ਲਵ ਪਹਿਲਾਂ ਕੁਹਾੜਾ ਵਿਖੇ ਰਹਿ ਰਹੀ ਆਪਣੀ ਮਾਂ ਕੋਲ ਗਿਆ ਅਤੇ ਕੁਝ ਸਮਾਂ ਉਥੇ ਉਪਰੰਤ ਦਿੱਲੀ ਚਲੇ ਗਿਆ ਸੀ।