ਜ਼ਿਮਨੀ ਚੋਣਾਂ ''ਚ ‘ਆਪ’ ਦੀ ਜਿੱਤ ’ਤੇ ਹਲਕਾ ਸਮਰਾਲਾ ''ਚ ਮਨਾਏ ਗਏ ਜਸ਼ਨ

Saturday, Nov 23, 2024 - 03:24 PM (IST)

ਜ਼ਿਮਨੀ ਚੋਣਾਂ ''ਚ ‘ਆਪ’ ਦੀ ਜਿੱਤ ’ਤੇ ਹਲਕਾ ਸਮਰਾਲਾ ''ਚ ਮਨਾਏ ਗਏ ਜਸ਼ਨ

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਈਆਂ ਵਿਧਾਨ ਸਭਾ ਚੋਣ ਨਤੀਜਿਆਂ 'ਚ 3 ਹਲਕਿਆਂ 'ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ’ਤੇ ਅੱਜ ਹਲਕਾ ਸਮਰਾਲਾ ਦੇ ਆਗੂਆਂ ਤੇ ਵਰਕਰਾਂ ਨੇ ਵੀ ਇਸ ਦੇ ਜਸ਼ਨ ਮਨਾਏ। ਮਾਛੀਵਾੜਾ ਦੇ ਖਾਲਸਾ ਚੌਂਕ ਵਿਚ ਅੱਜ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਦੀ ਅਗਵਾਈ ਹੇਠ ਇਕੱਤਰ ਹੋਏ ਲੋਕਾਂ ਨੇ ਲੱਡੂ ਵੰਡੇ ਅਤੇ ਢੋਲ ਦੀ ਥਾਪ ’ਤੇ ਭੰਗੜੇ ਪਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿਆਲਪੁਰਾ ਤੇ ਖੀਰਨੀਆਂ ਨੇ ਕਿਹਾ ਕਿ 3 ਵਿਧਾਨ ਸਭਾ ਹਲਕਿਆਂ ਵਿਚ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੋਟ ਪਾਈ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਵਰਕਰਾਂ ਨੇ ਵੀ ਸਖ਼ਤ ਮਿਹਨਤ ਕੀਤੀ। ਜ਼ਿਮਨੀ ਚੋਣਾਂ ਦੌਰਾਨ ਸਭ ਤੋਂ ਹੌਟ ਸੀਟ ਮੰਨੀ ਜਾਣ ਵਾਲੀ ਗਿੱਦੜਬਾਹਾ ’ਤੇ ‘ਆਪ’ ਦੀ ਸ਼ਾਨਦਾਰ ਜਿੱਤ ਤੇ ਪ੍ਰਤੀਕਿਰਿਆ ਕਰਦਿਆਂ ਕਿਹਾ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਫ਼ਨਾ ਦੇਖ ਰਿਹਾ ਸੀ, ਜਿਸ ਨੂੰ ਲੋਕਾਂ ਨੇ ਚਕਨਾਚੂਰ ਕਰ ਇਹ ਸਾਬਿਤ ਕਰ ਦਿੱਤਾ ਕਿ ਅਗਲਾ ਮੁੱਖ ਮੰਤਰੀ ਵੀ ‘ਆਪ’ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਗੇ। ਇਸ ਮੌਕੇ ‘ਆਪ’ ਆਗੂ ਮੋਹਿਤ ਕੁੰਦਰਾ, ਜਗਮੀਤ ਸਿੰਘ ਮੱਕੜ, ਸੁਖਵਿੰਦਰ ਸਿੰਘ ਗਿੱਲ, ਬਲਵਿੰਦਰ ਸਿੰਘ ਬਿੰਦਰ, ਪ੍ਰਵੀਨ ਮੱਕੜ, ਚੇਅਰਮੈਨ ਮੇਜਰ ਸਿੰਘ ਬਾਲਿਓਂ, ਚੇਅਰਮੈਨ ਧਰਮਵੀਰ ਧੰਮੀ, ਨਰਿੰਦਰਪਾਲ ਨਿੰਦੀ, ਰਿੰਕੂ ਮੱਕੜ, ਬਚਨ ਸਿੰਘ, ਸੁਭਾਸ਼ ਨਾਗਪਾਲ, ਲੱਕੀ ਰਾਣਾ, ਨਵਤੇਜ ਸਿੰਘ ਉਟਾਲਾਂ ਵੀ ਮੌਜੂਦ ਸਨ।

2 ਹਫ਼ਤਿਆਂ ਵਿਚ ਮਾਛੀਵਾੜਾ ਨਗਰ ਕੌਂਸਲ ਚੋਣਾਂ ਦੇ ਉਮੀਦਵਾਰਾਂ ਐਲਾਨ ਕਰ ਦਿੱਤਾ ਜਾਵੇਗਾ

ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ 2 ਹਫ਼ਤਿਆਂ ਅੰਦਰ ‘ਆਪ’ ਪਾਰਟੀ ਮਾਛੀਵਾੜਾ ਨਗਰ ਕੌਂਸਲ ਦੇ 15 ਵਾਰਡਾਂ ਤੋਂ ਉਮੀਦਵਾਰਾਂ ਦਾ ਐਲਾਨ ਕਰੇਗੀ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਜਿੱਤਣ ਤੋਂ ਬਾਅਦ ‘ਆਪ’ ਆਗੂ ਤੇ ਵਰਕਰ ਬਹੁਤ ਉਤਸ਼ਾਹਿਤ ਹਨ ਅਤੇ ਇਸ ਤਰ੍ਹਾਂ ਨਗਰ ਕੌਂਸਲ ਚੋਣਾਂ ਵੀ ਬੜੀ ਸ਼ਾਨ ਨਾਲ ਜਿੱਤੀਆਂ ਜਾਣਗੀਆਂ। ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਦੌਰਾਨ ਉਹ ਸਰਕਾਰ ਵਲੋਂ ਕੀਤੇ ਕੰਮਾਂ ਨੂੰ ਲੈ ਕੇ ਲੋਕਾਂ ਦੀ ਕਚਹਿਰੀ ਜਾਣਗੇ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਹ ਚੋਣਾਂ ਵੀ 15 ਵਾਰਡਾਂ ’ਚੋਂ ਸਾਰੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤਣਗੇ।


author

Babita

Content Editor

Related News