ਹੁਣ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਨੂੰ ਕਰੀਅਰ ਗਾਈਡੈਂਸ ਵੀ ਦੇਵੇਗਾ CBSE, ਆਨਲਾਈਨ ਪੋਰਟਲ ਲਾਂਚ
Saturday, Aug 07, 2021 - 01:23 PM (IST)
ਲੁਧਿਆਣਾ (ਵਿੱਕੀ) : ਕੋਰੋਨਾ ਮਹਾਮਾਰੀ ਨੇ ਲੱਖਾਂ ਨੌਜਵਾਨਾਂ ਦੇ ਵਿਚ ਉਨ੍ਹਾਂ ਦੀ ਭਵਿੱਖ ਦੀ ਰੋਜ਼ੀ-ਰੋਟੀ ਅਤੇ 21ਵੀਂ ਸਦੀ ਵਿਚ ਵਧਣ-ਫੁੱਲਣ ਲਈ ਜ਼ਰੂਰੀ ਮੁਹਾਰਤ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ। ਜਿਸ ਨੂੰ ਦੇਖਦੇ ਹੋਏ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਯੂਨੀਸੈਫ ਨਾਲ ਮਿਲ ਕੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਆਨਲਾਈਨ ਕਰੀਅਰ ਕਾਊਂਸਲਿੰਗ ਪੋਰਟਲ ਜ਼ਰੀਏ ਕਰੀਅਰ, ਕਾਲਜ ਸਮੇਤ ਕਈ ਦੇਸ਼ਾਂ ਦੇ ਪਾਠਕ੍ਰਮਾਂ, ਵਜ਼ੀਫਾ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਸਬੰਧੀ ਜਾਣਕਾਰੀ ਦੇਣ ਲਈ ਆਨਲਾਈਨ ਕਾਊਂਸਲਿੰਗ ਪੋਰਟਲ ਦੀ ਸ਼ੁਰੂਆਤ ਕੀਤੀ ਹੈ। ਖਾਸ ਗੱਲ ਇਹ ਹੈ ਕਿ ਸੀ. ਬੀ. ਐੱਸ. ਈ. ਦਾ ਇਹ ਪੋਰਟਲ ਮੋਬਾਇਲ ਐਪਲੀਕੇਸ਼ਨ ਦੇ ਰੂਪ ਅਤੇ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਪੋਰਟਲ ਦੀ ਅਧਿਕਾਰਤ ਵੈੱਬਸਾਈਟ http://www.cbsecareerguidance.com ’ਤੇ ਮੁਹੱਈਆ ਹੈ। ਸੀ. ਬੀ. ਐੱਸ. ਈ. ਨੇ ਭਵਿੱਖ ਦਾ ਰੋਡ ਮੈਪ ਤਿਆਰ ਕਰਨ ਲਈ ਇੰਡਸਟਰੀ, ਸਿੱਖਿਆ ਜਗਤ ਅਤੇ ਸਰਕਾਰ ਨਾਲ ਜੁੜੇ ਐਕਸਪਰਟਸ ਦੇ ਇਕ ਸਲਾਹਕਾਰ ਸਮੂਹ ਨੂੰ ਇਸ ਵਿਚ ਸ਼ਾਮਲ ਕੀਤਾ ਹੈ।
ਵੱਖ-ਵੱਖ ਵਿਸ਼ਿਆਂ ਬਾਰੇ ਮਿਲੇਗੀ ਜਾਣਕਾਰੀ
ਸੀ. ਬੀ. ਐੱਸ. ਈ. ਦਾ ਦਾਅਵਾ ਹੈ ਕਿ ਇੰਡਵੀਜੁਅਲ ਕਰੀਅਰ ਡੈਸ਼ਬੋਰਡ ਜ਼ਰੀਏ ਵਿਦਿਆਰਥੀ 560 ਤੋਂ ਜ਼ਿਆਦਾ ਕਰੀਅਰ, 25000 ਕਾਲਜਾਂ ਅਤੇ ਪ੍ਰੋਫੈਸ਼ਨਲ ਇੰਸਟੀਚਿਊਟਸ ਦੇ 3 ਲੱਖ ਤੋਂ ਜ਼ਿਆਦਾ ਕੋਰਸਾਂ, 1200 ਸਕਾਲਰਸ਼ਿਪ ਅਤੇ 1150 ਐਂਟਰੈਂਸ ਐਗਜ਼ਾਮਸ ਨੂੰ ਐਕਸੈੱਸ ਕਰ ਸਕਣਗੇ। ਕਰੀਅਰ, ਕਾਲਜ ਨਿਰਦੇਸ਼ਕਾਂ, ਕਈ ਦੇਸ਼ਾਂ ਦੇ ਕੋਰਸਾਂ, ਸਕਾਲਰਸ਼ਿਪ ਅਤੇ ਮੁਕਾਬਲੇ ਦੀਆਂ ਦਾਖਲਾ ਪ੍ਰੀਖਿਆਵਾਂ ਸਬੰਧੀ ਜਾਣਕਾਰੀ ਦੇਵੇਗਾ। ਯੂਨੀਸੇਫ ਨੇ 13 ਸੂਬਾ ਸਰਕਾਰਾਂ ਅਤੇ ਨਿੱਜੀ ਖੇਤਰ ਦੇ ਹਿੱਸੇਦਾਰਾਂ ਨਾਲ ਖੇਤਰੀ ਭਾਸ਼ਾਵਾਂ ਵਿਚ ਕਰੀਅਰ ਪੋਰਟਲਜ਼ ਨੂੰ ਕਸਟਮਾਈਜ਼ਡ ਕੀਤਾ ਹੈ, ਜੋ 21 ਮਿਲੀਅਨ ਨਾਬਾਲਗਾਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਐਜੂਕੇਸ਼ਨਲ ਅਤੇ ਵਰਕ ਰਿਲੇਟਿਡ ਰਿਸੋਰਸਿਜ਼ ਤੱਕ ਪੁੱਜਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ, ਹਰ ਸਕੂਲ ਦੋ ਟੀਚਰਸ ਜਾਂ ਕਾਊਂਸਲਰਾਂ ਨੂੰ ਇਕ ਡਿਜ਼ੀਟਲ ਟ੍ਰੇਨਿੰਗ ਸੈਸ਼ਨ ਜ਼ਰੀਏ ਪੋਰਟਲ ਲਈ ਟ੍ਰੇਂਡ ਕੀਤਾ ਜਾਵੇਗਾ ਅਤੇ ਪੂਰੇ ਕਰੀਅਰ ਕੁਰੀਕੁਲਮ ਨੂੰ ਐਕਸੈੱਸ ਕਰਨ ਲਈ ਇੰਡਵੀਜੁਅਲ ਕਾਊਂਸਲਰ ਡੈਸ਼ਬੋਰਡ ਵੀ ਦਿੱਤਾ ਜਾਵੇਗਾ, ਜਿਸ ਦੀ ਵਰਤੋਂ ਵਿਦਿਆਰਥੀਆਂ ਦੀ ਕਰੀਅਰ ਨਾਲ ਸਬੰਧਤ ਸਵਾਲਾਂ ’ਤੇ ਉਨ੍ਹਾਂ ਨੂੰ ਗਾਈਡ ਕਰਨ ਲਈ ਕੀਤੀ ਜਾਵੇਗੀ।
ਇਹ ਸੀ. ਬੀ. ਐੱਸ. ਈ. ਦਾ ਇਕ ਵਧੀਆ ਯਤਨ ਹੈ। 9ਵੀਂ ਤੋਂ ਬੱਚੇ ਆਪਣੇ ਕਰੀਅਰ ਸਬੰਧੀ ਆਪਣਾ ਮਨ ਬਣਾ ਸਕਦੇ ਹਨ। ਉਨ੍ਹਾਂ ਨੂੰ ਕੇਵਲ ਕਰੀਅਰ ਸਬੰਧੀ ਹੀ ਨਹੀਂ, ਸਗੋਂ ਅਗਲੀ ਪੜ੍ਹਾਈ ਅਤੇ ਸਕਾਲਰਸ਼ਿਪ ਆਦਿ ਸਬੰਧੀ ਵੀ ਸਾਰੀ ਜਾਣਕਾਰੀ ਇਸ ਪੋਰਟਲ ’ਤੇ ਮੁਹੱਈਆ ਹੋਵੇਗੀ। -ਡੀ. ਪੀ. ਗੁਲੇਰੀਆ, ਡਾਇਰੈਕਟਰ ਸਹੋਦਿਆ, ਸਕੂਲ ਕੰਪਲੈਕਸ
ਸੀ. ਬੀ. ਐੱਸ. ਈ. ਬੱਚਿਆਂ ਦੀ ਪੜ੍ਹਾਈ ਦੇ ਨਾਲ ਹੀ ਉਨ੍ਹਾਂ ਦੇ ਸਰਵਪੱਖੀ ਵਿਕਾਸ ਦੀ ਦਿਸ਼ਾ ਵਿਚ ਕੰਮ ਕਰਦਾ ਹੈ। ਕਰੀਅਰ ਗਾਈਡੈਂਸ ਅਤੇ ਕਾਊਂਸÇਲਿੰਗ ਪੋਰਟਲ ਬੱਚਿਆਂ ਨੂੰ ਉਨ੍ਹਾਂ ਦੇ ਕਰੀਅਰ ਅਤੇ ਬਿਹਤਰ ਭਵਿੱਖ ਲਈ ਸਹੀ ਮਾਰਗਦਰਸ਼ਨ ਦੇਵੇਗਾ। ਇਸ ਵਿਚ ਸਿਰਫ ਟੀਚਰਾਂ ਹੀ ਨਹੀਂ, ਸਗੋਂ ਇੰਡਸਟਰੀ ਐਕਸਪਰਟ ਵੀ ਸ਼ਾਮਲ ਹੋਣਗੇ, ਜੋ ਕਰੀਅਰ ਦੀ ਚੋਣ ਵਿਚ ਹੋਰ ਬਿਹਤਰ ਤਰੀਕੇ ਨਾਲ ਬੱਚਿਆਂ ਦਾ ਰਾਹ ਪੱਧਰਾ ਕਰ ਸਕਣਗੇ।
-ਨਵਿਤਾ ਪੁਰੀ, ਪ੍ਰਿੰਸੀਪਲ ਕੁੰਦਨ ਵਿੱਦਿਆ ਮੰਦਰ