ਸੀ.ਬੀ.ਐੱਸ.ਈ. ਸਕੂਲ ਬਣਨਗੇ ''ਐਂਗਰ ਫ੍ਰੀ ਜ਼ੋਨ''

12/29/2019 10:55:01 AM

ਲੁਧਿਆਣਾ (ਵਿੱਕੀ): ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਵਿਚ ਹਾਂ-ਪੱਖੀ ਬਦਲਾਅ ਲਿਆਉਣ ਦੇ ਮਕਸਦ ਨਾਲ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਸਾਰੇ ਸਕੂਲਾਂ ਨੂੰ ਆਪਣੀਆਂ ਸੰਸਥਾਵਾਂ ਵਿਚ 'ਐਂਗਰ ਫ੍ਰੀ ਜ਼ੋਨ' ਬਣਾਉਣ ਲਈ ਕਿਹਾ ਹੈ। ਬੋਰਡ ਦੇ ਇਸ ਕਦਮ ਨਾਲ ਜਿੱਥੇ ਅਧਿਆਪਕ, ਮਾਤਾ-ਪਿਤਾ ਅਤੇ ਸਟਾਫ ਆਪਣੇ ਗੁੱਸੇ 'ਤੇ ਕਾਬੂ ਪਾਉਣ ਦਾ ਯਤਨ ਕਰਨਗੇ, ਉੱਥੇ ਬੱਚਿਆਂ ਦੇ ਸਾਹਮਣੇ ਵੀ ਨਵੀਂ ਮਿਸਾਲ ਕਾਇਮ ਹੋਵੇਗੀ।

ਸੀ. ਬੀ. ਐੱਸ. ਈ. ਦੇ ਮੁਤਾਬਕ ਬੱਚਿਆਂ ਨੂੰ 'ਗੁੱਸੇ ਤੋਂ ਮੁਕਤੀ' ਦਾ ਮਹੱਤਵ ਸਮਝਾਉਣ ਲਈ ਇਹ ਪਹਿਲ ਅਤਿ ਫਾਇਦੇਮੰਦ ਸਾਬਤ ਹੋਵੇਗੀ। ਇਹੀ ਨਹੀਂ, ਸਕੂਲਾਂ ਨੂੰ ਕਿਹਾ ਗਿਆ ਹੈ ਕਿ ਐਂਗਰ ਫ੍ਰੀ ਜ਼ੋਨ ਬਣਾਉਣ ਨੂੰ ਲੈ ਕੇ ਕੀਤੀ ਗਈ ਪਹਿਲ ਨੂੰ ਟਵਿਟਰ ਹੈਂਡਲ 'ਤੇ ਵੀ ਸ਼ੇਅਰ ਕਰਨ। ਬੋਰਡ ਦੇ ਸਕੱਤਰ ਅਨੁਰਾਮ ਤ੍ਰਿਪਾਠੀ ਨੇ ਸੀ. ਬੀ. ਐੱਸ. ਈ. ਦੀ ਵੈੱਬਸਾਈਟ 'ਤੇ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਐਡਵਾਈਜ਼ਰੀ ਵਿਚ ਦੱਸਿਆ ਗਿਆ ਹੈ ਕਿ ਸਕੂਲਾਂ ਨੂੰ ਕਿਵੇਂ ਐਂਗਰ ਫ੍ਰੀ ਜ਼ੋਨ ਬਣਾਇਆ ਜਾ ਸਕਦਾ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਗੁੱਸੇ ਤੋਂ ਛੁਟਕਾਰੇ ਦੀ ਸਿੱਖਿਆ ਮਿਲੇ।
ਸੀ. ਬੀ. ਐੱਸ. ਈ. ਨੇ ਕਿਹਾ ਹੈ ਕਿ ਉਕਤ ਐਡਵਾਈਜ਼ਰੀ ਵਿਦਿਆਰਥੀਆਂ ਨੂੰ ਮਾਨਸਿਕ ਰੂਪ ਨਾਲ ਸਰਗਰਮ ਅਤੇ ਭਾਵਨਾਤਮਕ ਤੌਰ 'ਤੇ ਸਿਹਤਮੰਦ ਰਹਿਣ ਵਿਚ ਮਦਦ ਕਰੇਗੀ। ਇਸੇ ਦੇ ਨਾਲ ਵਿਦਿਆਰਥੀ ਸਕੂਲਾਂ ਵਿਚ ਛੁੱਟੀ ਤੋਂ ਬਾਅਦ ਘਰ ਊਰਜਾ ਅਤੇ ਖੁਸ਼ੀ ਦੇ ਨਾਲ ਵਾਪਸ ਜਾਣਗੇ ਅਤੇ ਅਗਲੇ ਦਿਨ ਸਕੂਲ ਆਉਣ ਦੇ
ਇਛੁੱਕ ਹੋਣਗੇ।

'ਜੁਆਏਫੁਲ ਐਜੂਕੇਸ਼ਨ ਐਂਡ ਹੋਲੀਸਟਿਕ ਫਿਟਨੈੱਸ' ਦੇ ਤਹਿਤ ਹੋਵੇਗੀ ਪਹਿਲ
ਸਕੂਲਾਂ ਨੂੰ ਜਾਰੀ ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਇਸ ਨੂੰ 'ਜੁਆਏਫੁਲ ਐਜੂਕੇਸ਼ਨ ਐਂਡ ਹੋਲੀਸਟਿਕ ਫਿਟਨੈੱਸ' ਦੀ ਪਹਿਲ ਦੇ ਤਹਿਤ ਸ਼ੁਰੂ ਕੀਤਾ ਜਾਵੇ। ਬੋਰਡ ਨੇ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਤਾ-ਪਿਤਾ ਨੂੰ ਸਿਫਾਰਸ਼ ਕੀਤੀ ਹੈ ਕਿ ਹਰ ਸਮੇਂ ਮੋਬਾਇਲ ਨਾ ਦੇਖਣ ਅਤੇ ਸਾਰੇ ਕਸਰਤ ਕਰਨ। ਬੋਰਡ ਨੇ ਸਾਰੇ ਸਕੂਲਾਂ ਤੋਂ ਆਪਣੇ ਤਜਰਬੇ ਰਿਕਾਰਡ ਕਰਨ ਲਈ ਕਿਹਾ ਹੈ। ਇਸ ਪਹਿਲ ਦੀ ਫੋਟੋ ਹੈਸ਼ਟੈਗ ਸੀ. ਬੀ. ਐੱਸ. ਈ. ਨੋ ਐਂਗਰ ਦੀ ਵਰਤੋਂ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕਰਨਾ ਹੋਵੇਗਾ।

ਕਿਸੇ ਇਕ ਜਗ੍ਹਾ ਲਾਉਣਾ ਹੋਵੇਗਾ ਐਂਫਰ ਫ੍ਰੀ ਜ਼ੋਨ ਦਾ ਬੋਰਡ
ਸੀ. ਬੀ. ਐੱਸ. ਈ. ਦੇ ਸਕੱਤਰ ਅਨੁਰਾਮ ਤ੍ਰਿਪਾਠੀ ਨੇ ਸਕੂਲਾਂ ਨੂੰ ਭੇਜੇ ਪੱਤਰ ਵਿਚ ਕਿਹਾ ਹੈ ਕਿ ਐਂਗਰ ਫ੍ਰੀ ਜ਼ੋਨ ਵਿਚ ਸਾਰੇ ਗੁੱਸੇ 'ਤੇ ਕੰਟਰੋਲ ਰੱਖਣ ਦਾ ਯਤਨ ਕਰਨ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਐਂਗਰ ਫ੍ਰੀ ਜ਼ੋਨ ਬਣਾਉਣ ਨਾਲ ਸਕਿਲ ਡਿਵੈਲਪਮੈਂਟ ਵਿਚ ਮਦਦ ਮਿਲੇਗੀ। ਨਾਲ ਹੀ ਵਿਦਿਆਰਥੀਆਂ ਦੇ ਡਰ, ਅਣਮਨੁੱਖਤਾ ਅਤੇ ਦੁੱਖ ਆਦਿ ਨੂੰ ਵੀ ਖਤਮ ਕਰਨ ਵਿਚ ਮਦਦ ਮਿਲੇਗੀ। ਬੋਰਡ ਨੇ ਸਕੂਲਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਕ ਜਗ੍ਹਾ ਚੁਣ ਕੇ ਉੱਥੇ 'ਇਹ ਗੁੱਸਾ ਰਹਿਤ ਜ਼ੋਨ ਹੈ' ਸੁਨੇਹਾ ਲਿਖਿਆ ਬੋਰਡ ਲਗਾਉਣ।

  • ਇਹ ਦਿੱਤੇ ਹਨ ਐਡਵਾਈਜ਼ਰੀ ਵਿਚ ਸੁਝਾਅ :
  • ਬੱਚਿਆਂ ਦੇ ਆਲੇ-ਦੁਆਲੇ ਸਾਕਾਰਾਤਮਕਤਾ ਜ਼ਰੂਰੀ
  • ਸਕੂਲ ਵਿਚ ਬੱਚਿਆਂ ਦੇ ਨਾਲ ਹੱਸ ਕੇ ਗੱਲ ਕਰੋ
  • ਹਮੇਸ਼ਾ ਮੋਬਾਇਲ ਵੱਲ ਨਾ ਦੇਖੋ
  • ਆਪਣੇ ਆਪ ਨੂੰ ਦਿਨ ਵਿਚ 20 ਮਿੰਟ ਜ਼ਰੂਰ ਦਿਓ
  • ਯੋਗ ਨੂੰ ਰੁਟੀਨ ਵਿਚ ਸ਼ਾਮਲ ਕਰੋ
  • ਬੱਚਿਆਂ ਨੂੰ ਖੇਡਣ ਦੀ ਆਦਤ ਪਾਓ
  • ਬੱਚਿਆਂ ਲਈ ਸਿੱਖਣ ਦੀ ਆਦਤ ਨਾਕਾਰਾਤਮਕਤਾ ਤੋਂ ਰਹਿਤ ਹੋਣੀ ਚਾਹੀਦੀ ਹੈ
  • ਬੱਚਿਆਂ ਦੇ ਆਲੇ-ਦੁਆਲੇ ਦੀ ਹਰ ਚੀਜ਼ ਵਿਚ ਹਾਂ-ਪੱਖੀ ਸੰਚਾਰ ਕਰੋ
  • 'ਫਿੱਟ ਇੰਡੀਆ' ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ
  • ਬੱਚਿਆਂ ਨੂੰ ਦੱਸੋ ਗੁੱਸਾ ਫਿਟਨੈੱਸ ਦੇ ਲਈ ਨੁਕਸਾਨਦੇਹ।

Shyna

Content Editor

Related News