CBSE ਦੀ ਸਕੂਲਾਂ ਨੂੰ ਦੋ-ਟੁੱਕ, ਇਸ ਤਾਰੀਖ਼ ਤੱਕ ਤਿਆਰ ਕਰਨ 12ਵੀਂ ਜਮਾਤ ਦਾ ਨਤੀਜਾ
Tuesday, Jul 20, 2021 - 02:42 PM (IST)
ਲੁਧਿਆਣਾ (ਵਿੱਕੀ) : ਕੇਂਦਰੀ ਬੋਰਡ ਆਫ ਸੈਕੰਡਰੀ ਐਜੂਕੇਸ਼ਨ 12ਵੀਂ ਜਮਾਤ ਦੇ ਨਤੀਜੇ ਨੂੰ ਤਿਆਰ ਕਰਨ ਲਈ ਹੁਣ ਸਖ਼ਤੀ ਦੇ ਮੂਡ ਵਿਚ ਨਜ਼ਰ ਆ ਰਿਹਾ ਹੈ। ਬੋਰਡ ਨੇ ਸਕੂਲਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ 22 ਜੁਲਾਈ ਤੱਕ ਹਰ ਹਾਲ ’ਚ 12ਵੀਂ ਦਾ ਨਤੀਜਾ ਤਿਆਰ ਕਰਨਾ ਹੋਵੇਗਾ ਅਤੇ ਜੇਕਰ ਅਜਿਹਾ ਨਹੀਂ ਕਰ ਪਾਉਂਦੇ ਤਾਂ ਉਨ੍ਹਾਂ ਦਾ ਨਤੀਜਾ 31 ਜੁਲਾਈ ਤੋਂ ਬਾਅਦ ਵੱਖਰੇ ਤੌਰ ’ਤੇ ਜਾਰੀ ਹੋਵੇਗਾ। ਬੋਰਡ ਨੇ ਇਹ ਵੀ ਕਿਹਾ ਕਿ ਜੇਕਰ ਨਤੀਜੇ ਸਬੰਧੀ ਸੀ. ਬੀ. ਐੱਸ. ਈ. ਵੱਲੋਂ ਜਾਰੀ ਨਿਰਦੇਸ਼ਾਂ ਦੀ ਅਣਦੇਖੀ ਹੋਈ ਤਾਂ ਸਕੂਲਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਗਰੀਬ ਪਰਿਵਾਰ 'ਤੇ ਆਫ਼ਤ ਬਣ ਕੇ ਵਰ੍ਹਿਆ ਮੀਂਹ, ਛੱਤ ਡਿਗਣ ਕਾਰਨ ਇਕੱਠੇ 4 ਜੀਆਂ ਦੀ ਮੌਤ (ਤਸਵੀਰਾਂ)
ਸੀ. ਬੀ. ਐੱਸ. ਈ. ਨੇ 12ਵੀਂ ਦੇ ਮਾਡਰੇਸ਼ਨ ਅਤੇ ਫਾਈਨਲ ਨਤੀਜੇ ਲਈ ਪੋਰਟਲ 16 ਜੁਲਾਈ ਨੂੰ ਖੋਲ੍ਹ ਦਿੱਤਾ ਹੈ। ਇਹ 22 ਜੁਲਾਈ ਦੀ ਦਰਮਿਆਨੀ ਰਾਤ ਨੂੰ ਬੰਦ ਹੋ ਜਾਵੇਗਾ। ਪੋਰਟਲ ’ਤੇ ਸਕੂਲਾਂ ਨੂੰ ਸੀ. ਬੀ. ਐੱਸ. ਈ. ਦੇ ਮਾਪਦੰਡਾਂ ਮੁਤਾਬਕ ਨਤੀਜੇ ’ਚ ਮਾਡਰੇਸ਼ਨ ਕਰਨਾ ਹੋਵੇਗਾ। ਬੱਚਿਆਂ ਦੇ ਨਾਲ ਅਨਿਆਂ ਨਾ ਹੋਵੇ, ਇਸ ਦੇ ਲਈ ਮਾਪਦੰਡ ਤੈਅ ਕੀਤੇ ਗਏ ਗਏ ਹਨ। ਅਜਿਹੇ ਵਿਚ ਸਕੂਲ ਆਪਣੇ ਪੱਧਰ ’ਤੇ ਅੰਕ ਦੇਣ ’ਚ ਮਨਮਰਜ਼ੀ ਨਹੀਂ ਕਰ ਸਣਗੇ।
ਇਹ ਵੀ ਪੜ੍ਹੋ : ਨਜ਼ਦੀਕ ਹੋਣ ਦੇ ਬਾਵਜੂਦ ਵੀ ਬੇਹੱਦ ਦੂਰ ਰਹੇ 'ਕੈਪਟਨ-ਸਿੱਧੂ', ਨਾ ਵਧਾਈ ਨਾ ਮਠਿਆਈ
ਬੋਰਡ ਨੇ ਪਿਛਲੇ 3 ਸਾਲਾਂ ਦੀ ਵਿਦਿਆਰਥੀਆਂ ਅਤੇ ਸਕੂਲਾਂ ਦੀ ਪਰਫਾਰਮੈਂਸ ਦੇ ਹਿਸਾਬ ਨਾਲ ਨਤੀਜੇ ਲਈ ਮਾਪਦੰਡ ਤਿਆਰ ਕੀਤੇ ਹਨ। ਇਸੇ ਦੇ ਆਧਾਰ ’ਤੇ ਅੰਕ ਦੇਣ ਦਾ ਫਾਰਮੂਲਾ ਦਿੱਤਾ ਗਿਆ ਹੈ। 10ਵੀਂ ਅਤੇ 11ਵੀਂ ਦਾ ਨੰਬਰ ਪਹਿਲਾਂ ਹੀ ਬੋਰਡ ਦੇ ਕੋਲ ਹੈ। ਸਕੂਲ ਮਾਪਦੰਡਾਂ ਮੁਤਾਬਕ 12ਵੀਂ ਦੇ ਅੰਕ ਫੀਡ ਕਰ ਕੇ ਨਤੀਜਾ ਤਿਆਰ ਕਰ ਕੇ ਪੋਰਟਲ ’ਤੇ ਪਾਉਣਗੇ। ਬੋਰਡ 31 ਜੁਲਾਈ ਤੱਕ ਨਤੀਜਾ ਐਲਾਨਣ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਸਕੂਲਾਂ ਨੂੰ ਹਰ ਹਾਲ ਵਿਚ 22 ਜੁਲਾਈ ਤੱਕ ਆਖਰੀ ਨਤੀਜਾ ਪੋਰਟਲ ’ਤੇ ਪਾਉਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : CTU ਬੱਸਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਅਹਿਮ ਖ਼ਬਰ, ਹੁਣ ਬਣਨਗੇ ਸਮਾਰਟ ਕਾਰਡ
ਨਿਯਮਾਂ ਦੀ ਅਣਦੇਖੀ ਕਰਨ ਵਾਲੇ ਸਕੂਲਾਂ ’ਤੇ ਹੋਵੇਗੀ ਕਾਰਵਾਈ
ਬੋਰਡ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਨਤੀਜੇ ਨਾਲ ਜੁੜੇ ਨਿਯਮਾਂ ਦੀ ਅਣਦੇਖੀ ਕਰਨ ’ਤੇ ਸਕੂਲਾਂ ’ਤੇ ਸਖ਼ਤ ਕਾਰਵਾਈ ਹੋਵੇਗੀ। ਇਹ ਸਕੂਲਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਪੂਰੀ ਪਾਰਦਰਸ਼ਤਾ ਨਾਲ ਨਤੀਜਾ ਤਿਆਰ ਕਰਨ ਤਾਂ ਕਿ ਹਰ ਬੱਚੇ ਨਾਲ ਅੰਕ ਦੇਣ ਵਿਚ ਨਿਆਂ ਹੋ ਸਕੇ ਅਤੇ ਕਿਸੇ ਨੂੰ ਕੋਈ ਸਮੱਸਿਆ ਨਾ ਆਵੇ। ਪੋਰਟਲ ਜ਼ਰੀਏ ਬੋਰਡ ਖ਼ੁਦ ਵੀ ਸਕੂਲਾਂ ’ਤੇ ਨਜ਼ਰ ਰੱਖੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ