ਸੀ. ਬੀ. ਐੱਸ. ਈ. ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੈਟਰਨ ’ਚ ਕੀਤੇ ਗਏ ਵੱਡੇ ਬਦਲਾਅ
Friday, Dec 12, 2025 - 01:53 PM (IST)
ਲੁਧਿਆਣਾ (ਵਿੱਕੀ) : ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਕਲਾਸ 10ਵੀਂ ਦੇ ਸਾਇੰਸ ਅਤੇ ਸੋਸ਼ਲ ਸਾਇੰਸ ਵਿਸ਼ਿਆਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਇਕ ਨਵਾਂ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ’ਚ ਦੋਵੇਂ ਪੇਪਰ ਪੈਟਰਨ ਦੇ ਲਈ ਜ਼ਿਆਦਾ ਸੰਰਚਿਤ (ਸਟਰੱਕਚਰਡ) ਅਤੇ ਅਨੁਸ਼ਾਸਿਤ ਫਾਰਮੇਟ ਪੇਸ਼ ਕੀਤਾ ਗਿਆ ਹੈ। ਉਹ ਸਾਰੇ ਉਮੀਦਵਾਰ, ਜੋ ਇਸ ਸਾਲ ਬੋਰਡ ਪ੍ਰੀਖਿਆਵਾਂ ਵਿਚ ਸ਼ਾਮਲ ਹੋ ਰਹੇ ਹਨ, ਉਨ੍ਹਾਂ ਨੂੰ ਇਨ੍ਹਾਂ ਨਵੇਂ ਨਿਰਦੇਸ਼ਾਂ ਅਤੇ ਪੇਪਰ ਪੈਟਰਨ ’ਚ ਬਦਲਾਅ ਦੀ ਜਾਣਕਾਰੀ ਜ਼ਰੂਰ ਦੇਖ ਲੈਣੀ ਚਾਹੀਦੀ ਹੈ। ਉਮੀਦਵਾਰ ਸੀ. ਬੀ. ਐੱਸ. ਈ. ਦੀ ਅਧਿਕਾਰਤ ਵੈੱਬਸਾਈਟ ’ਤੇ ਨਿਰਦੇਸ਼ ਨੋਟਿਸ ਦੇਖ ਸਕਦੇ ਹਨ। ਅਧਿਕਾਰਤ ਨੋਟਿਸ ਮੁਤਾਬਕ ਸਾਇੰਸ ਦੇ ਪੇਪਰ ਨੂੰ ਤਿੰਨ ਮਾਰਕ ਸੈਕਸ਼ਨਾਂ ’ਚ ਵੰਡਿਆ ਜਾਵੇਗਾ, ਜਿਸ ਵਿਚ ਸੈਕਸ਼ਨ ਏ ਬਾਇਓਲੋਜੀ, ਸੈਕਸ਼ਨ-ਬੀ ਕੈਮਿਸਟਰੀ ਅਤੇ ਸੈਕਸ਼ਨ ਸੀ ਫਿਜ਼ੀਕਸ ਸ਼ਾਮਲ ਹੋਵੇਗਾ। ਵਿਦਿਆਰਥੀਆਂ ਨੂੰ ਪ੍ਰੀਖਿਆ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਉੱਤਰ ਪੁਸਤਕ ’ਚ ਇਨ੍ਹਾਂ ਖੰਡਾਂ ਨੂੰ ਵੰਡ ਕੇ ਅਤੇ ਲੇਬਲ ਕਰਕੇ ਠੀਕ ਉਹੀ ਢਾਂਚਾ ਦੁਹਰਾਉਣਾ ਪਵੇਗਾ। ਉੱਤਰ ਹਰ ਸੈਕਸ਼ਨ ਲਈ ਦਿੱਤੀ ਗਈ ਜਗ੍ਹਾ ਵਿਚ ਹੀ ਲਿਖੇ ਜਾਣੇ ਜ਼ਰੂਰੀ ਹੋਣਗੇ। ਬੋਰਡ ਨੇ ਸਪੱਸ਼ਟ ਕੀਤਾ ਕਿ ਗਲਤ ਸੈਕਸ਼ਨ ’ਚ ਜਵਾਬ ਲਿਖਣਾ ਜਾਂ ਸੈਕਸ਼ਨ ਦੇ ਮੁਤਾਬਕ ਜਵਾਬਾਂ ਨੂੰ ਨਾ ਵੰਡਣਾ ਜ਼ਰੂਰੀ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ : ਡਰਾਈਵਿੰਗ ਟੈਸਟ ਦੇਣ ਵਾਲਿਆਂ ਲਈ ਅਹਿਮ ਖ਼ਬਰ, ਹੁਣ ਪਿਆ ਨਵਾਂ ਪੰਗਾ
ਸੋਸ਼ਲ ਸਾਇੰਸ ਪੇਪਰ ਦੇ ਲਈ ਨਵਾਂ ਢਾਂਚਾ
ਸੀ. ਬੀ. ਐੱਸ. ਈ. ਬੋਰਡ 10ਵੀਂ ਦਾ ਸੋਸ਼ਲ ਸਾਇੰਸ ਪੇਪਰ ਹੁਣ ਵਿਸ਼ੇ ਦੇ ਹਿੱਸਿਆਂ ਦੇ ਆਧਾਰ ’ਤੇ 4 ਖੰਡਾਂ ਵਿਚ ਵੰਡਿਆ ਜਾਵੇਗਾ। ਇਸ ਵਿਚ ਸੈਕਸ਼ਨ ਏ ਹਿਸਟਰੀ, ਸੈਕਸ਼ਨ ਬੀ ਜਿਓਗ੍ਰਾਫੀ, ਸੈਕਸ਼ਨ ਸੀ ਪੋਲੀਟੀਕਲ ਸਾਇੰਸ ਤੇ ਸੈਕਸ਼ਨ ਡੀ ਇਕੋਨੋਮਿਕਸ ਦਾ ਹੋਵੇਗਾ। ਵਿਦਿਆਰਥੀਆਂ ਨੂੰ ਆਪਣੀ ਉੱਤਰ ਪੁਸਤਕ ਨੂੰ ਉਸੇ ਹਿਸਾਬ ਨਾਲ ਵੰਡਣਾ ਹੋਵੇਗਾ ਅਤੇ ਹਰ ਜਵਾਬ ਨੂੰ ਸਹੀ ਸੈਕਸ਼ਨ ’ਚ ਰੱਖਣਾ ਜ਼ਰੂਰੀ ਹੈ। ਬੋਰਡ ਨੇ ਚਿਤਾਵਨੀ ਦਿੱਤੀ ਹੈ ਕਿ ਗਲਤ ਸੈਕਸ਼ਨ ’ਚ ਲਿਖਿਆ ਗਿਆ ਕੋਈ ਵੀ ਜਵਾਬ (ਉਦਾਹਰਣ ਵਜੋਂ ਹਿਸਟਰੀ ਸੈਕਸ਼ਨ ’ਚ ਜਿਓਗ੍ਰਾਫੀ ਦਾ ਜਵਾਬ ਲਿਖਣਾ) ਮੁੱਲਾਂਕਣ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਘਟੇ ਦਾਖਲੇ, ਐਕਸ਼ਨ ਦੀ ਤਿਆਰੀ
ਨਿਰਦੇਸ਼ ਨਾ ਮੰਨਣ ’ਤੇ ਮੁੱਲਾਂਕਣ ’ਤੇ ਅਸਰ
ਸੀ. ਬੀ. ਐੱਸ. ਈ. ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ’ਤੇ ਮੁੱਲਾਂਕਣ ’ਤੇ ਸਿੱਧਾ ਅਸਰ ਪਵੇਗਾ। ਤੈਅ ਸੈਕਸ਼ਨ ਦੇ ਬਾਹਰ ਲਿਖੇ ਗਏ ਜਵਾਬਾਂ ਦੀ ਜਾਂਚ ਨਹੀਂ ਕੀਤੀ ਜਾਵੇਗੀ ਅਤੇ ਵੈਰੀਫਿਕੇਸ਼ਨ ਜਾਂ ਰੀ-ਇਵੈਲਿਊਏਸ਼ਨ ਦੌਰਾਨ ਅਜਿਹੀਆਂ ਗਲਤੀਆਂ ਨੂੰ ਠੀਕ ਨਹੀਂ ਕੀਤਾ ਜਾ ਸਕਦਾ। ਸਰਕੁਲਰ ਵਿਚ ਇਹ ਸਾਫ ਕੀਤਾ ਗਿਆ ਹੈ ਕਿ ਮੁਲਾਂਕਣ ਯੋਜਨਾ ਅੰਤਿਮ ਹੈ ਅਤੇ ਇਸ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਗੈਂਗਵਾਰ! ਤਰੀਕ ਭੁਗਤਣ ਆਏ ਮੁੰਡੇ ਨੂੰ ਗੋਲ਼ੀਆਂ ਨਾਲ ਭੁੰਨਿਆ
ਸਕੂਲਾਂ ਅਤੇ ਵਿਦਿਆਰਥੀਆਂ ਲਈ ਨਿਰਦੇਸ਼
ਬੋਰਡ ਪ੍ਰੀਖਿਆ ਦੌਰਾਨ ਗਲਤੀਆਂ ਤੋਂ ਬਚਣ ਲਈ ਸਕੂਲਾਂ ਨੂੰ ਨਿਯਮਤ ਟੈਸਟ, ਆਂਤਰਿਕ ਮੁੱਲਾਂਕਣ (ਇੰਟਰਨਲ ਅਸੈੱਸਮੈਂਟ) ਅਤੇ ਪ੍ਰੀ-ਬੋਰਡ ਦੌਰਾਨ ਖੰਡਾਂ ਵਿਚ ਵੰਡੀ ਉੱਤਰ ਪੁਸਤਕ ਦੀ ਵਰਤੋਂ ਕਰਕੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਸੀ. ਬੀ. ਐੱਸ. ਈ. ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਦਲੇ ਹੋਏ ਪੈਟਰਨ ਦੀ ਸਟੀਕ ਜਾਣਕਾਰੀ ਲਈ ਵਿੱਦਿਅਕ ਵੈੱਬਸਾਈਟ ਤੋਂ ਆਧੁਨਿਕ ਸੈਂਪਲ ਪੇਪਰ ਡਾਊਨਲੋਡ ਕਰਨ। ਨਵੇਂ ਢਾਂਚੇ ਦਾ ਮਕਸਦ ਮੁੱਲਾਂਕਣ ਪ੍ਰਕਿਰਿਆ ਵਿਚ ਸਪੱਸ਼ਟਤਾ ਅਤੇ ਪਾਰਦਰਸ਼ਤਾ ਲਿਆਉਣਾ ਹੈ। ਬੋਰਡ ਦਾ ਮੰਨਣਾ ਹੈ ਕਿ ਹਾਲਾਂਕਿ ਨਵੇਂ ਨਿਯਮ ਸਖ਼ਤ ਲਗ ਸਕਦੇ ਹਨ ਪਰ ਮਾਰਕਿੰਗ ਦੌਰਾਨ ਭਰਮ ਘੱਟ ਹੋਣ ਨਾਲ ਆਖਰਕਾਰ ਵਿਦਿਆਰਥੀਆਂ ਨੂੰ ਵੀ ਲਾਭ ਹੋਵੇਗਾ। ਦੱਸ ਦੇਈਏ ਕਿ ਸੀ. ਬੀ. ਐੱਸ. ਈ. ਨੇ ਕਲਾਸ 10 ਅਤੇ 12 ਦੋਵਾਂ ਲਈ ਬੋਡਰ ਐਗਜ਼ਾਮ ਦੀ ਫਾਈਨਲ ਡੇਟਸ਼ੀਟ ਪਹਿਲਾਂ ਹੀ ਜਾਰੀ ਕਰ ਦਿੱਤੀ ਹੈ। ਦੋਵੇਂ ਕਲਾਸਾਂ ਦੀਆਂ ਪ੍ਰੀਖਿਆਵਾਂ 17 ਫਰਵਰੀ ਨੂੰ ਸ਼ੁਰੂ ਹੋਣਗੀਆਂ, ਜਦੋਂਕਿ ਕਲਾਸ 10 ਦੇ ਬੋਰਡ ਐਗਜ਼ਾਮ 10 ਮਾਰਚ ਨੂੰ ਖ਼ਤਮ ਹੋਣਗੇ।
ਇਹ ਵੀ ਪੜ੍ਹੋ : ਪੰਜਾਬ ਵਿਚ ਚੋਣਾਂ ਵਾਲਾ ਦਿਨ 'ਡਰਾਈ ਡੇ' ਐਲਾਨਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
