ਮਾਛੀਵਾੜਾ ਸਾਹਿਬ ''ਚ CBI ਦੀ ਟੀਮ ਵੱਲੋਂ ਟ੍ਰੈਵਲ ਏਜੰਟ ਦੇ ਘਰ ਛਾਪੇਮਾਰੀ

Wednesday, Jun 28, 2023 - 02:58 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਵਿਖੇ ਇਕ ਟ੍ਰੈਵਲ ਏਜੰਟ ਦੇ ਦਫ਼ਤਰ ਅਤੇ ਘਰ 'ਚ ਅੱਜ ਸੀ. ਬੀ. ਆਈ. ਦੀ ਟੀਮ ਵਲੋਂ ਛਾਪੇਮਾਰੀ ਕੀਤੀ ਗਈ ਅਤੇ ਟੀਮ ਪਿਛਲੇ ਕਈ ਘੰਟਿਆਂ ਤੋਂ ਕਿਸੇ ਮਾਮਲੇ ਦੀ ਜਾਂਚ 'ਚ ਜੁੱਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਬੀ. ਆਈ. ਟੀਮ ਦੇ ਅਧਿਕਾਰੀਆਂ ਨੇ ਮਾਛੀਵਾੜਾ ਪੁਲਸ ਨੂੰ ਨਾਲ ਲੈ ਕੇ ਟ੍ਰੈਵਲ ਏਜੰਟ ਬਲਵਿੰਦਰ ਸਿੰਘ ਦੇ ਪਿੰਡ ਝੜੌਦੀ ਵਿਖੇ ਬਣੀ ਕੋਠੀ ਅਤੇ ਸਥਾਨਕ ਸਮਰਾਲਾ ਰੋਡ ’ਤੇ ਸਥਿਤ ਦਫ਼ਤਰ ’ਚ ਛਾਪੇਮਾਰੀ ਕੀਤੀ।

ਸੀ. ਬੀ. ਆਈ. ਟੀਮ ਦੇ ਅਧਿਕਾਰੀ ਨੇ ਸਿਰਫ ਇਹੀ ਜਾਣਕਾਰੀ ਦਿੱਤੀ ਕਿ ਉਹ ਦਿੱਲੀ ਤੋਂ ਆਏ ਹਨ ਅਤੇ ਕਿਸੇ ਮਾਮਲੇ ਦੀ ਜਾਂਚ ਕਰ ਰਹੇ ਹਨ। ਸੀ. ਬੀ. ਆਈ. ਟੀਮ ਨੂੰ ਟ੍ਰੈਵਲ ਏਜੰਟ ਬਲਵਿੰਦਰ ਸਿੰਘ ਨਹੀਂ ਮਿਲਿਆ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹ ਇਸ ਸਮੇਂ ਵਿਦੇਸ਼ ਗਿਆ ਹੋਇਆ ਹੈ। ਟ੍ਰੈਵਲ ਏਜੰਟ ਵਲੋਂ ਨੌਜਵਾਨਾਂ ਨੂੰ ਵਿਦੇਸ਼ ਅਤੇ ਖ਼ਾਸ ਕਰ ਅਮਰੀਕਾ ਭੇਜਣ ਲਈ ਕਾਫ਼ੀ ਚਰਚਿਤ ਹੈ, ਜੋ ਲੰਮੇਂ ਸਮੇਂ ਤੋਂ ਇਹ ਕੰਮ ਕਰ ਰਿਹਾ ਹੈ।

ਫਿਲਹਾਲ ਸੀ. ਬੀ. ਆਈ. ਟੀਮ ਵਲੋਂ ਇਸ ਟ੍ਰੈਵਲ ਏਜੰਟ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕੋਠੀ ਤੇ ਦਫ਼ਤਰ ’ਚ ਦਸਤਾਵੇਜ਼ਾਂ ਨੂੰ ਖੰਗਾਲਿਆ ਜਾ ਰਿਹਾ ਹੈ। ਸੀ. ਬੀ. ਆਈ. ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਅਜੇ ਕੋਈ ਵੀ ਜਾਣਕਾਰੀ ਨਹੀਂ ਦੇ ਸਕਦੇ ਕਿ ਉਹ ਟ੍ਰੈਵਲ ਏਜੰਟ ਦੇ ਘਰ ਤੇ ਦਫ਼ਤਰ ’ਚ ਕਿਉਂ ਜਾਂਚ ਕਰ ਰਹੇ ਹਨ। ਦੂਸਰੇ ਪਾਸੇ ਜਦੋਂ ਮਾਛੀਵਾੜਾ 'ਚ ਸੀ. ਬੀ. ਆਈ. ਟੀਮ ਵਲੋਂ ਛਾਪੇਮਾਰੀ ਦੀ ਸੂਚਨਾ ਫੈਲੀ ਤਾਂ ਹੋਰ ਕਈ ਟ੍ਰੈਵਲ ਏਜੰਟ ਆਪਣੇ ਦਫ਼ਤਰ ਬੰਦ ਕਰ ਤੁਰਦੇ ਬਣੇ।
 


Babita

Content Editor

Related News