ਪੰਜਾਬ ਨੂੰ ਰਾਹਤ ਵਜੋਂ ਭੇਜੀ ਸਮੱਗਰੀ ''ਚ ਕੀਤੇ ਕਰੋੜਾਂ ਦੇ ਘਪਲੇ ਦੀ ਸੀ. ਬੀ. ਆਈ. ਜਾਂਚ ਹੋਵੇ : ਸੁਖਬੀਰ
Saturday, May 23, 2020 - 01:33 AM (IST)

ਫਿਰੋਜ਼ਪੁਰ, (ਪਰਮਜੀਤ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ਼ੁੱਕਰਵਾਰ ਸੂਬੇ ਨੂੰ ਰਾਹਤ ਵਜੋਂ ਭੇਜੀ ਕੇਂਦਰੀ ਭੋਜਨ ਸਮੱਗਰੀ 'ਚ ਹੋਏ ਹਜ਼ਾਰਾਂ ਰੁਪਏ ਦੇ ਘਪਲੇ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਕੇਂਦਰ ਵੱਲੋਂ 1.4 ਕਰੋੜ ਪੰਜਾਬੀਆਂ ਲਈ ਭੇਜੀ ਇਸ ਕਣਕ ਤੇ ਦਾਲਾਂ ਨੂੰ ਕਾਂਗਰਸੀਆਂ ਆਗੂਆਂ ਨੇ ਲੋੜਵੰਦਾਂ 'ਚ ਵੰਡਣ ਦੀ ਬਜਾਏ ਬਾਜ਼ਾਰ 'ਚ ਵੇਚ ਦਿੱਤਾ ਹੈ। ਮਲੌਟ, ਬੱਲੂਆਣਾ, ਅਬਹੋਰ, ਫਾਜ਼ਿਲਕਾ, ਜਲਾਲਾਬਾਦ ਅਤੇ ਗੁਰੂਹਰਸਹਾਇ ਵਿਖੇ 5 ਹਜ਼ਾਰ ਕੁਇੰਟਲ ਕਣਕ ਦੀ ਰਸਦ ਨਾਲ ਭਰੇ ਟਰੱਕਾਂ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਾਸਤੇ ਹਰੀ ਝੰਡੀ ਦੇ ਕੇ ਰਵਾਨਾ ਕਰਨ ਤੋਂ ਬਾਅਦ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ 'ਚ ਕਾਂਗਰਸੀਆਂ ਵੱਲੋਂ ਕੇਂਦਰੀ ਭੋਜਨ ਸਮੱਗਰੀ ਨੂੰ ਹੜੱਪਣ ਦਾ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਧਿਆਨ 'ਚ ਲਿਆਂਦਾ ਹੈ।
ਕਾਂਗਰਸੀਆਂ ਦੀ ਇਸ ਹਰਕਤ ਨੂੰ ਮਨੁੱਖਤਾ ਖਿਲਾਫ ਅਪਰਾਧ ਕਰਾਰ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਪੰਜਾਬ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਭੁੱਖੇ ਸੌਣਾ ਪਿਆ ਅਤੇ ਸੂਬਾ ਸਰਕਾਰ ਨੇ ਕੇਂਦਰ ਵੱਲੋਂ ਭੇਜੀ ਕਣਕ ਅਤੇ ਦਾਲਾਂ ਨੂੰ ਕਾਂਗਰਸੀ ਆਗੂਆਂ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ਅੱਗੇ ਇਸ ਨੂੰ ਲੋੜਵੰਦਾਂ 'ਚ ਵੰਡਣ ਦੀ ਬਜਾਏ ਬਾਜ਼ਾਰ 'ਚ ਵੇਚ ਦਿੱਤਾ। ਇਸ ਸਮੁੱਚੇ ਘਪਲੇ ਦੀ ਕੇਂਦਰੀ ਜਾਂਚ ਦੀ ਮੰਗ ਕਰਦਿਆਂ ਸੁਖਬੀਰ ਨੇ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਦੀ ਲਗਭਗ ਅੱਧੀ ਆਬਾਦੀ ਲਈ ਇਹ ਰਾਸ਼ਨ ਭੇਜਿਆ ਗਿਆ ਸੀ ਪਰ 10 ਫੀਸਦੀ ਲੋਕਾਂ ਨੂੰ ਵੀ ਇਹ ਰਾਹਤ ਨਹੀਂ ਮਿਲੀ। ਇਹ ਘਪਲਾ ਇੰਨਾ ਵੱਡਾ ਹੈ ਕਿ ਸੋਚ ਕੇ ਸਿਰ ਚੱਕਰਾ ਜਾਂਦਾ ਹੈ। ਇਸ ਘਪਲੇ ਲਈ ਜ਼ਿੰਮੇਵਾਰ ਸਾਰੇ ਕਾਂਗਰਸੀਆਂ ਖਿਲਾਫ ਤੁਰੰਤ ਕੇਸ ਦਰਜ ਕਰਨਾ ਚਾਹੀਦਾ ਹੈ।
ਅਕਾਲੀ ਦਲ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਸ਼ਰਾਬ ਮਾਫੀਆ ਨੇ ਕਾਂਗਰਸੀਆਂ ਆਗੂਆਂ ਅਤੇ ਵਿਧਾਇਕਾਂ ਨਾਲ ਮਿਲ ਕੇ ਸਰਕਾਰੀ ਖਜ਼ਾਨੇ ਨੂੰ 5,600 ਕਰੋੜ ਰੁਪਏ ਦਾ ਚੂਨਾ ਲਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਮੁਖੀ ਸੁਨੀਲ ਜਾਖੜ ਵੱਲੋਂ ਕੀਤੇ ਦਾਅਵੇ ਕਿ ਅਕਾਲੀ ਦਲ ਨੂੰ ਸੂਬੇ ਅੰਦਰ ਸ਼ਰਾਬਬੰਦੀ ਲਾਗੂ ਕਰਨ ਲਈ ਵਿਧਾਨ ਸਭਾ 'ਚ ਪ੍ਰਸਤਾਵ ਲੈ ਕੇ ਆਉਣਾ ਚਾਹੀਦਾ ਹੈ, ਬਾਰੇ ਟਿੱਪਣੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਕੋਲ ਵਿਧਾਨ ਸਭਾ ਅੰਦਰ ਭਾਰੀ ਬਹੁਮਤ ਹੈ ਅਤੇ ਉਹ ਬੜੀ ਆਸਾਨੀ ਨਾਲ ਅਜਿਹਾ ਕਰ ਸਕਦੀ ਹੈ।