ਵਿਆਹ ''ਚ ਮਾਮੂਲੀ ਤਕਰਾਰ ਮਗਰੋਂ ਚੱਲੀ ਗੋਲੀ, 1 ਜ਼ਖਮੀ
Thursday, Feb 14, 2019 - 12:04 PM (IST)
ਚਵਿੰਡਾ ਦੇਵੀ (ਬਲਜੀਤ) : ਸ਼ੁੱਕਰਵਾਰ ਉਸ ਸਮੇਂ ਮਾਹੌਲ ਗਰਮਾ ਗਿਆ ਜਦ ਵਿਆਹ ਸਮਾਗਮ 'ਚ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਪਿੰਡ ਪਹੁੰਚਣ 'ਤੇ ਇਕ ਧਿਰ ਦੇ ਨੌਜਵਾਨਾਂ ਨੇ ਦੂਜੀ ਧਿਰ ਦੇ ਨੌਜਵਾਨ 'ਤੇ ਫਾਇਰ ਕਰ ਦਿੱਤਾ। ਇਸ ਮੌਕੇ ਗੁਰਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰਾਜੇਵਾਲ ਨੇ ਦੱਸਿਆ ਕਿ ਉਹ ਆਪਣੇ ਨਾਨਕੇ ਪਿੰਡ ਅਬਦਾਲ ਵਿਖੇ ਆਇਆ ਹੋਇਆ ਸੀ ਤੇ ਮੇਰੇ ਮਾਮੇ ਦੇ ਲੜਕੇ ਰਵਿੰਦਰ ਸਿੰਘ ਨਾਲ ਮਾਮੂਲੀ ਤਕਰਾਰ ਨੂੰ ਲੈ ਕੇ ਪਿੰਡ ਦੇ ਹੀ ਰਹਿਣ ਵਾਲੇ ਕੁਝ ਨੌਜਵਾਨਾਂ ਨੇ ਆਪਣੇ ਸਾਥੀਆਂ ਨੂੰ ਲੈ ਕੇ ਸਾਡੇ 'ਤੇ ਹਮਲਾ ਕਰ ਦਿੱਤਾ ਤੇ ਪਿਸਤੌਲ ਨਾਲ ਸਾਡੇ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਕਰ ਦਿੱਤਾ, ਜੋ ਕਿ ਮੇਰੇ ਪੈਰ ਨਾਲ ਛੂਹ ਕੇ ਚਲਾ ਗਿਆ।
ਇਸ ਸਬੰਧੀ ਐੱਸ. ਐੱਚ. ਓ. ਕੱਥੂਨੰਗਲ ਤਰਸੇਮ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਝਗੜੇ ਦੀ ਸੂਚਨਾ ਮਿਲਣ 'ਤੇ ਤੁਰੰਤ ਮੈਂ ਮੌਕੇ 'ਤੇ ਪਹੁੰਚ ਗਿਆ ਸੀ ਪਰ ਉਥੇ ਕੋਈ ਫਾਇਰ ਨਹੀਂ ਹੋਇਆ, ਜਦ ਜ਼ਖਮੀ ਨੌਜਵਾਨ ਨੂੰ ਪੈਰ ਜ਼ਖਮੀ ਹੋਣ 'ਤੇ ਬੂਟ ਆਦਿ ਦੀ ਮੰਗ ਕੀਤੀ ਤਾਂ ਉਸ ਨੇ ਕੋਈ ਬੂਟ ਨਹੀਂ ਦਿੱਤਾ, ਜਦਕਿ ਦੋਵਾਂ ਧਿਰਾਂ 'ਚੋਂ ਕਿਸੇ ਵੀ ਧਿਰ ਨੇ ਕਾਨੂੰਨੀ ਕਾਰਵਾਈ ਕਰਨ ਲਈ ਬਿਆਨ ਦਰਜ ਨਹੀਂ ਕਰਵਾਏ ਤੇ ਦੋਵੇਂ ਇਕ-ਦੂਜੇ 'ਤੇ ਗੋਲੀਆਂ ਚਲਾਉਣ ਦੇ ਦੋਸ਼ ਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਧਿਰ ਬਿਆਨ ਦਰਜ ਕਰਵਾਉਂਦੀ ਹੈ ਤਾਂ ਜਾਂਚ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਦੂਜੀ ਧਿਰ ਗੁਰਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਅਬਦਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਡੇ ਵਲੋਂ ਕੋਈ ਫਾਇਰ ਨਹੀਂ ਕੀਤਾ ਗਿਆ ਸਗੋਂ ਦੂਜੀ ਧਿਰ ਨੇ ਸਾਡੇ ਘਰ 'ਤੇ ਪੱਥਰਬਾਜ਼ੀ ਕੀਤੀ ਹੈ, ਜਿਸ ਕਾਰਨ ਮੇਰੇ ਪਿਤਾ ਨੂੰ ਸੱਟਾਂ ਵੀ ਲੱਗੀਆਂ ਹਨ।