ਸਾਵਧਾਨ : ਕੋਰੋਨਾ ਵਾਇਰਸ ਸਬੰਧੀ ਫੈਲ ਰਹੀਆਂ ਹਨ ਇਹ ਅਫਵਾਹਾਂ

Tuesday, Mar 31, 2020 - 08:56 PM (IST)

ਸਾਵਧਾਨ : ਕੋਰੋਨਾ ਵਾਇਰਸ ਸਬੰਧੀ ਫੈਲ ਰਹੀਆਂ ਹਨ ਇਹ ਅਫਵਾਹਾਂ

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਦੁਨੀਆ ਭਰ ਵਿਚ ਜਿੱਥੇ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾ ਦਿੱਤੀ ਹੈ, ਉੱਥੇ ਹੀ ਇਸ ਬੀਮਾਰੀ ਸਬੰਧੀ ਅਫਵਾਹਾਂ ਵੀ ਜੰਗਲ ਦੀ ਅੱਗ ਵਾਂਗ ਫੈਲ ਰਹੀਆਂ ਹਨ। ਅਫਵਾਹਾਂ ਦੇ ਇਸ ਦੌਰ ਨੂੰ ਘੱਟ ਕਰਨ ਲਈ ਭਾਰਤ ਸਰਕਾਰ ਨੇ ਆਪਣੇ ਟਵਿਟਰ ਪੇਜ ’ਤੇ ਕਈ ਅਫਵਾਹਾਂ ਦਾ ਪਰਦਾਫਾਸ਼ ਕੀਤਾ ਹੈ।ਆਪਣੀ ਵਿਸ਼ੇਸ਼ ਰਿਪੋਰਟ ਵਿਚ ਅੱਜ ਅਸੀਂ ਤੁਹਾਨੂੰ ਫੈਲ ਰਹੀਆਂ ਇਨ੍ਹਾਂ ਅਫਵਾਹਾਂ ਬਾਰੇ ਦੱਸਾਂਗੇ। ਇਨ੍ਹਾਂ ਵਿਚ ਸਭ ਤੋਂ ਪ੍ਰਮੁੱਖ ਹਨ ਇਹ ਅਫਵਾਹਾਂ : 

1 ਤਾਪਮਾਨ ਵੱਧਣ ਨਾਲ ਕੋਰੋਨਾ ਵਾਇਰਸ ਦਾ ਹੋਵੇਗਾ ਖਾਤਮਾ 
ਸਰਕਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅਜੇ ਤੱਕ ਅਜਿਹੀ ਕੋਈ ਵੀ ਖੋਜ ਸਾਹਮਣੇ ਨਹੀਂ ਆਈ, ਜਿਸ ਵਿਚ ਇਹ ਦੱਸਿਆ ਗਿਆ ਹੋਵੇ ਕਿ ਤਾਪਮਾਨ ਦੇ ਵਧਣ ਨਾਲ ਕੋਰੋਨਾ ਵਾਇਰਸ ਦਾ ਖਾਤਮਾ ਹੁੰਦਾ ਹੈ। ਇਸ ਜਾਣਕਾਰੀ ਵਿਚ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਜਦੋਂ ਤੱਕ ਇਸ ਵਾਇਰਸ ਸਬੰਧੀ ਕੋਈ ਖੋਜ ਸਾਹਮਣੇ ਨਹੀਂ ਆ ਜਾਂਦੀ ਉਦੋਂ ਤੱਕ ਆਪਣਾ ਬਚਾਅ ਰੱਖਣ ਵਿਚ ਹੀ ਭਲਾ ਹੈ।

PunjabKesari

2 ਸੂਰਜ ਦੀ ਰੋਸ਼ਨੀ ਖਤਮ ਕਰਦੀ ਹੈ ਕੋਰੋਨਾ ਵਾਇਰਸ 
ਆਪਣੇ ਪੇਜ ਰਾਹੀਂ ਜਾਣਕਾਰੀ ਦਿੰਦੇ ਹੋਏ ਭਾਰਤ ਸਰਕਾਰ ਨੇ ਇਕ ਹੋਰ ਅਫਵਾਹ ਦਾ ਖੰਡਨ ਕੀਤਾ ਹੈ ਕਿ ਸੂਰਜ ਦੀ ਰੋਸ਼ਨੀ ਨਾਲ ਕੋਰੋਨਾ ਵਾਇਰਸ ਦਾ ਖਾਤਮਾ ਹੁੰਦਾ ਹੈ। ਸਰਕਾਰ ਨੇ ਦੱਸਿਆ ਕਿ WHO ਵੱਲੋਂ ਅਜੇ ਤੱਕ ਇਹੋ ਜਿਹਾ ਵੀ ਕੋਈ ਸੁਝਾਅ ਨਹੀਂ ਦਿੱਤਾ ਗਿਆ, ਜਿਸ ਵਿਚ ਕਿਹਾ ਗਿਆ ਹੋਵੇ ਕਿ ਸੂਰਜ ਦੀ ਰੋਸ਼ਨੀ ਨਾਲ ਕੋਰੋਨਾ ਵਾਇਰਸ ਦਾ ਖਾਤਮਾ ਹੁੰਦਾ ਹੈ।

PunjabKesari

3 ਸ਼ਰਾਬ ਪੀਣ ਨਾਲ ਖਤਮ ਹੁੰਦਾ ਹੈ ਕੋਰੋਨਾ ਵਾਇਰਸ 
ਭਾਰਤ ਸਰਕਾਰ ਇਸ ਫੈਲ ਰਹੀ ਅਫਵਾਹ ਨੂੰ ਵੀ ਮੂਲੋਂ ਰੱਦ ਕਰ ਦਿੱਤਾ ਹੈ ਕਿ ਸ਼ਰਾਬ ਪੀਣ ਨਾਲ ਕੋਰੋਨਾ ਵਾਇਰਸ ਦਾ ਖਾਤਮਾ ਹੁੰਦਾ ਹੈ। ਜਾਣਕਾਰੀ ਵਿਚ ਉਲਟਾ ਸਰਕਾਰ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਸ਼ਰਾਬ ਪੀਣ ਨਾਲ ਕੋਰੋਨਾ ਵਾਇਰਸ ਤਾਂ ਠੀਕ ਨਹੀਂ ਹੁੰਦਾ ਪਰ ਸਿਹਤ ਦਾ ਨੁਕਸਾਨ ਜ਼ਰੂਰ ਹੁੰਦਾ ਹੈ।

PunjabKesari

4 ਕੋਰੋਨਾ ਵਾਇਰਸ ਤੋਂ ਬਚਾਉਂਦੇ ਹਨ ਨਿੰਬੂ ਅਤੇ ਹਲਦੀ 
ਜਾਣਕਾਰੀ ਦਿੰਦੇ ਹੋਏ ਭਾਰਤ ਸਰਕਾਰ ਨੇ ਇਸ ਅਫਵਾਹ ਦਾ ਵੀ ਖੰਡਨ ਕੀਤਾ ਹੈ ਕਿ ਨਿੰਬੂ ਅਤੇ ਹਲਦੀ ਸਾਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਕਦੇ ਹਨ। ਸਰਕਾਰ ਨੇ ਦੱਸਿਆ ਕਿ ਚੰਗੇ ਫਲ ਸਬਜੀਆਂ ਅਤੇ ਖੁਰਾਕ ਖਾਣਾ ਹਰ ਬੀਮਾਰੀ ਵਿਚ ਲਾਹੇਵੰਦ ਹੁੰਦਾ ਹੈ।

PunjabKesari

5 ਗਰਮ ਪਾਣੀ ਦੀ ਭਾਫ ਲੈਣ ਨਾਲ ਖ਼ਤਮ ਹੋ ਜਾਂਦਾ ਹੈ ਕੋਰੋਨਾ 
ਗਰਮ ਪਾਣੀ ਦੀ ਭਾਫ ਲੈਣ ਨਾਲ ਕੋਰੋਨਾ ਵਾਇਰਸ ਖ਼ਤਮ ਹੋ ਜਾਂਦਾ ਹੈ ਭਾਰਤ ਸਰਕਾਰ ਨੇ ਇਸ ਅਫਵਾਹ ਦਾ ਵੀ ਖੰਡਨ ਕੀਤਾ ਹੈ। ਜਾਣਕਾਰੀ ਵਿਚ ਸਰਕਾਰ ਨੇ ਦੱਸਿਆ ਕਿ ਇਸ ਵਾਇਰਸ ਤੋਂ ਬਚਣ ਦੇ ਇਹੀ ਉਪਾਅ ਹਨ ਕਿ ਸਮਾਜਿਕ ਦੂਰੀ ਬਣਾ ਕੇ ਰੱਖੋ ਅਤੇ ਸਰੀਰ ਵੱਧ ਤੋਂ ਵੱਧ ਸਫਾਈ ਰੱਖੀ ਜਾਵੇ।

PunjabKesari 

6 ਹਵਾ ਰਾਹੀਂ ਫੈਲਣ ਵਾਲਾ ਰੋਗ ਹੈ ਕੋਰੋਨਾ
ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫਵਾਹਾਂ ਵਿਚ ਇਕ ਅਫਵਾਹ ਇਹ ਵੀ ਤੇਜ਼ੀ ਨਾਲ ਫੈਲੀ ਕਿ ਕੋਰੋਨਾ ਵਾਇਰਸ ਹਵਾ ਰਾਹੀਂ ਤੇਜ਼ੀ ਨਾਲ ਫੈਲਦਾ ਹੈ। ਸਰਕਾਰ ਨੇ ਆਪਣੇ ਪੇਜ ’ਤੇ ਦੱਸਿਆ ਕਿ ਇਹ ਹਵਾ ਰਾਹੀਂ ਫੈਲਣ ਵਾਲਾ ਰੋਗ ਨਹੀਂ ਹੈ ਅਤੇ ਇਹ ਸਿਰਫ ਪੀੜਤ ਰੋਗੀ ਦੇ ਖੰਘ, ਛਿੱਕ ਅਤੇ ਬੋਲਣ ਵੇਲੇ ਮੂੰਹ ਵਿਚੋਂ ਨਿਕਲੀਆਂ ਬੂੰਦਾ ਰਾਹੀਂ ਹੀ ਫੈਲਦਾ ਹੈ।

PunjabKesari

7 ਭਾਰਤ ਵਿਚ ਤੀਜੀ ਸਟੇਜ ’ਚ ਪਹੁੰਚ ਚੁੱਕਾ ਹੈ ਕੋਰੋਨਾ
ਪਿਛਲੇ ਕੁਝ ਦਿਨਾਂ ਤੋਂ ਇਹ ਅਫਵਾਹ ਵੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਭਾਰਤ ਵਿਚ ਕੋਰੋਨਾ ਵਾਇਰਸ ਤੀਜ਼ੀ ਸਟੇਜ ਵਿਚ ਪ੍ਰਵੇਸ਼ ਕਰ ਚੁੱਕਾ ਹੈ। ਭਾਰਤ ਸਰਕਾਰ ਨੇ ਇਸ ਅਫਵਾਹ ਦਾ ਵੀ ਪੂਰੀ ਤਰ੍ਹਾਂ ਖੰਡਨ ਕੀਤਾ ਅਤੇ ਕਿਹਾ ਹੈ ਕਿ ਅਜਿਹੀ ਕੋਈ ਗੱਲ ਨਹੀਂ।

PunjabKesari

ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਸਬੰਧੀ ਪੰਜਾਬ ਸਰਕਾਰ ਜਾਰੀ ਕਰ ਚੁੱਕੀ ਹੈ ਨਿਰਦੇਸ਼
ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਪ੍ਰੈੱਸ ਨੋਟ ਜਾਰੀ ਕਰਕੇ ਸਾਫ ਕੀਤਾ ਸੀ ਕਿ ਜੇਕਰ ਕਿਸੇ ਨੇ ਵੀ ਕੋਰੋਨਾ ਵਾਇਰਸ ਨਾਲ ਜੁੜਿਆ ਕੋਈ ਵੀ ਝੂਠਾ ਦਾਅਵਾ ਸੋਸ਼ਲ ਮੀਡੀਆ 'ਤੇ ਕੀਤਾ ਜਾਂ ਫਿਰ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ-ਨਾਲ ਇਹ ਹਦਾਇਤ ਵੀ ਕੀਤੀ ਗਈ ਸੀ ਕਿ ਜੇਕਰ ਕੋਆਰਨਟਾਈਨ 'ਚ ਰੱਖੇ ਗਏ ਕਿਸੇ ਵੀ ਮਰੀਜ਼ ਨੇ ਬਿਨਾਂ ਸਿਹਤ ਵਿਭਾਗ ਨੂੰ ਜਾਣਕਾਰੀ ਦਿਤਿਆਂ ਕਿਤੇ ਜਾਣ ਦੀ ਕੋਸ਼ਿਸ਼ ਕੀਤੀ ਜਾਂ ਕਿਤੇ ਲੁਕ ਗਿਆ ਤਾਂ ਉਸ ਦੇ ਖਿਲਾਫ ਕਈ ਜ਼ਿਲਿਆਂ ਦੇ ਡੀ.ਸੀ. ਨੂੰ ਤੁਰੰਤ 188 ਦੇ ਤਹਿਤ ਮੁਕੱਦਮਾ ਦਰਜ ਕਰਨ ਅਤੇ ਸ਼ੱਕੀ ਮਰੀਜ਼ਾਂ ਦੇ ਗਾਇਬ ਹੋਣ 'ਤੇ ਉਨ੍ਹਾਂ 'ਤੇ ਸ਼ੱਕੀ ਮਰੀਜ਼ਾਂ ਨੂੰ ਪਨਾਹ ਦੇਣ ਵਾਲੇ ਰਿਸ਼ਤੇਦਾਰਾਂ ਦੇ ਖਿਲਾਫ ਵੀ ਮੁਕੱਦਮਾ ਦਰਜ ਕਰਨ ਦੇ ਆਦੇਸ਼ ਦਿੱਤੇ ਗਏ ਸਨ। 


author

jasbir singh

News Editor

Related News