ਸਾਵਧਾਨ! ਲਾਲਚ ਵਿਚ ਆ ਕੇ ਬੈਂਕ ਖਾਤਾ ਖੁੱਲ੍ਹਵਾਉਣ ਵਾਲੇ ਪੈ ਸਕਦੇ ਹਨ ਵੱਡੀ ਮੁਸ਼ਕਲ ’ਚ

04/22/2021 3:15:58 AM

ਜਲੰਧਰ (ਪੁਨੀਤ)–ਬੈਂਕ ਖਾਤਿਆਂ ਰਾਹੀਂ ਫਰਾਡ ਕਰਨ ਵਾਲਾ ਸਾਈਬਰ ਗੈਂਗ ਇਕ ਵਾਰ ਫਿਰ ਸਰਗਰਮ ਹੋ ਗਿਆ ਹੈ। ਇਸ ਗੈਂਗ ਨੇ ਠੱਗੀ ਦਾ ਨਵਾਂ ਢੰਗ ਲੱਭਿਆ ਹੈ। ਠੱਗੀ ਕਰਨ ਤੋਂ ਪਹਿਲਾਂ ਉਕਤ ਗੈਂਗ 5 ਹਜ਼ਾਰ ਰੁਪਏ ਆਪਣੀ ਜੇਬ ਵਿਚੋਂ ਖਰਚ ਕਰ ਰਿਹਾ ਹੈ। ਪਿਛਲੇ ਦਿਨੀਂ ਜਲੰਧਰ ਵਿਚ ਠੱਗੀ ਦੀ ਖੇਡ ਦਿਖਾ ਕੇ ਉਕਤ ਗੈਂਗ ਨੇ ਲਗਭਗ 17 ਲੱਖ ਰੁਪਏ ਦੀ ਠੱਗੀ ਕੀਤੀ।
ਉਕਤ ਗੈਂਗ ਭੋਲੇ-ਭਾਲੇ ਤੇ ਲੋੜਵੰਦ ਵਿਅਕਤੀਆਂ ਨਾਲ ਸੰਪਰਕ ਕਰ ਰਿਹਾ ਹੈ, ਜਿਨ੍ਹਾਂ ਨੂੰ ਨਵਾਂ ਬੈਂਕ ਖਾਤਾ ਖੁੱਲ੍ਹਵਾਉਣ ਲਈ 5 ਹਜ਼ਾਰ ਰੁਪਏ ਤੱਕ ਦਾ ਲਾਲਚ ਦਿੱਤਾ ਜਾ ਰਿਹਾ ਹੈ। ਨਵੇਂ ਖੁੱਲ੍ਹਣ ਵਾਲੇ ਖਾਤੇ ਵਿਚ ਇਹ ਗੈਂਗ ਆਪਣਾ ਮੋਬਾਇਲ ਨੰਬਰ ਰਜਿਸਟਰ ਕਰਵਾਉਂਦਾ ਹੈ, ਨਾਲ ਹੀ ਨੈੱਟ ਬੈਂਕਿੰਗ ਵੀ ਸ਼ੁਰੂ ਕਰਵਾ ਲਈ ਜਾਂਦੀ ਹੈ। ਖਾਤਾ ਖੁੱਲ੍ਹਣ ਤੋਂ ਬਾਅਦ ਬੈਂਕ ਤੋਂ ਮਿਲਣ ਵਾਲੀ ਪਾਸਬੁੱਕ ਤੇ ਹੋਰ ਕਾਗਜ਼ਾਤ ਉਕਤ ਲੋਕ ਖੁਦ ਰੱਖ ਲੈਂਦੇ ਹਨ ਅਤੇ ਖਾਤਾ ਖੁੱਲ੍ਹਵਾਉਣ ਵਾਲੇ ਨੂੰ 5 ਹਜ਼ਾਰ ਰੁਪਏ ਦੇ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ- ਵਿਆਹ ਦੇ ਫੰਕਸ਼ਨ 'ਚ ਪਈ ਪੁਲਸ ਦੀ ਰੇਡ, ਚੁੱਕ ਕੇ ਲੈ ਗਈ ਭੰਗੜਾ ਟੀਮ

ਨਵਾਂ ਖਾਤਾ ਖੁੱਲ੍ਹਵਾਉਣ ਤੋਂ ਬਾਅਦ ਠੱਗੀ ਦੀ ਖੇਡ ਸ਼ੁਰੂ ਹੁੰਦੀ ਹੈ। ਇਹ ਗੈਂਗ ਲਾਟਰੀ ਤੇ ਹੋਰ ਮਾਧਿਅਮਾਂ ਰਾਹੀਂ ਲੋਕਾਂ ਨੂੰ ਬੇਵਕੂਫ ਬਣਾਉਣਾ ਸ਼ੁਰੂ ਕਰਦੇ ਹਨ। ਘਰਾਂ ਵਿਚ ਰਹਿਣ ਵਾਲੇ ਬਜ਼ੁਰਗ ਤੇ ਔਰਤਾਂ ਇਨ੍ਹਾਂ ਦਾ ਟਾਰਗੈੱਟ ਹੁੰਦੀਆਂ ਹਨ। ਫੋਨ ’ਤੇ ਲਾਟਰੀ ਨਿਕਲਣ ਦੀ ਗੱਲ ਕਹਿ ਕੇ ਇਹ ਲੋਕ ਕਈ ਤਰ੍ਹਾਂ ਦੇ ਸੁਪਨੇ ਦਿਖਾਉਂਦੇ ਹਨ।
ਜਦੋਂ ਦੂਜਾ ਵਿਅਕਤੀ ਇਨ੍ਹਾਂ ਦੇ ਝਾਂਸੇ ਵਿਚ ਆ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਲਾਟਰੀ ਦੀ ਰਕਮ ਅਦਾ ਕਰਨ ਤੋਂ ਪਹਿਲਾਂ ਟੈਕਸ ਦੀ ਰਕਮ ਜਮ੍ਹਾ ਕਰਵਾਉਣ ਲਈ ਕਿਹਾ ਜਾਂਦਾ ਹੈ। ਦੂਜੇ ਵਿਅਕਤੀ ਸਾਹਮਣੇ ਖੁਦ ਨੂੰ ਸੱਚਾ ਸਾਬਿਤ ਕਰਨ ਲਈ ਇਹ ਉਸ ਵਿਅਕਤੀ ਨੂੰ ਉਸੇ ਦੇ ਸ਼ਹਿਰ ਵਿਚ ਸਥਿਤ ਬੈਂਕ ਦਾ ਖਾਤਾ ਨੰਬਰ ਦਿੰਦੇ ਹਨ।
ਉਦਾਹਰਣ ਵਜੋਂ ਫੋਨ ਕਰਨ ਵਾਲਾ ਕਹਿੰਦਾ ਹੈ ਕਿ ਉਹ ਵੱਡੀ ਲਾਟਰੀ ਕੰਪਨੀ ਤੋਂ ਬੋਲ ਰਿਹਾ ਹੈ, ਤੁਸੀਂ ਟੈਕਸ ਦੇ ਰੂਪ ਵਿਚ 54 ਹਜ਼ਾਰ ਰੁਪਏ ਅਦਾ ਕਰ ਦਿਓ। ਲਾਟਰੀ ਦੀ ਰਕਮ ਤੁਹਾਡੇ ਖਾਤੇ ਵਿਚ ਪਾ ਦਿੱਤੀ ਜਾਵੇਗੀ। ਜਦੋਂ ਵਿਅਕਤੀ ਪੈਸੇ ਜਮ੍ਹਾ ਕਰਵਾਉਣ ਤੋਂ ਇਨਕਾਰ ਕਰਦਾ ਹੈ ਤਾਂ ਉਸਨੂੰ ਕਿਹਾ ਜਾਂਦਾ ਹੈ ਕਿ ਅਸੀਂ ਤੁਹਾਨੂੰ ਆਪਣੇ ਸ਼ਹਿਰ ਦੀ ਬਰਾਂਚ ਦਾ ਖਾਤਾ ਨੰਬਰ ਦੇ ਦਿੰਦੇ ਹਾਂ। ਇੰਨਾ ਸੁਣ ਕੇ ਦੂਜੇ ਵਿਅਕਤੀ ਨੂੰ ਕੁਝ ਭਰੋਸਾ ਹੋ ਜਾਂਦਾ ਹੈ।

ਇਹ ਵੀ ਪੜ੍ਹੋ- 'ਸੁਗੰਧਾ-ਸੰਕੇਤ ਦੇ ਵਿਆਹ 'ਚ ਹੈ ਆਉਣਾ ਤਾਂ ਕੋਰੋਨਾ ਨੈਗੇਟਿਵ ਰਿਪੋਰਟ ਜ਼ਰੂਰ ਲਿਆਉਣਾ'

ਭੇਜੇ ਗਏ ਖਾਤਾ ਨੰਬਰ ਅਤੇ ਆਈ.ਐੱਫ.ਐੱਸ.ਸੀ. ਕੋਡ ਨੂੰ ਜਦੋਂ ਵਿਅਕਤੀ ਆਪਣੇ ਮੋਬਾਇਲ ਬੈਂਕ ਦੀ ਐਪਲੀਕੇਸ਼ਨ ਵਿਚ ਦਰਜ ਕਰਦਾ ਹੈ ਤਾਂ ਉਸਨੂੰ ਆਪਣੇ ਸ਼ਹਿਰ ਦੇ ਬੈਂਕ ਦੀ ਬਰਾਂਚ ਨਜ਼ਰ ਆਉਂਦੀ ਹੈ। ਇਸ ’ਤੇ ਵਿਅਕਤੀ ਉਨ੍ਹਾਂ ਦੇ ਝਾਂਸੇ ਵਿਚ ਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਦੂਜੇ ਵਿਅਕਤੀ ਨੂੰ ਆਪਣੇ ਝਾਂਸੇ ਵਿਚ ਲੈਣ ਲਈ ਇਹ ਗੈਂਗ ਹਰੇਕ ਸ਼ਹਿਰ ਵਿਚ ਇਸ ਤਰ੍ਹਾਂ ਦੇ ਖਾਤੇ ਖੁੱਲ੍ਹਵਾ ਰਿਹਾ ਹੈ। ਇਸ ਲਈ ਸਾਵਧਾਨ ਹੋ ਜਾਓ ਅਤੇ ਕਿਸੇ ਨੂੰ ਰਕਮ ਟਰਾਂਸਫਰ ਨਾ ਕਰੋ।
ਜਲੰਧਰ ਵਿਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਬੈਂਕ ਖਾਤੇ ਰਾਹੀਂ 17 ਲੱਖ ਰੁਪਏ ਦੇ ਲਗਭਗ ਰਕਮ ਠੱਗੀ ਗਈ ਹੈ। ਬੈਂਕ ਅਧਿਕਾਰੀਆਂ ਅਨੁਸਾਰ ਇਹ ਨਵਾਂ ਮਾਮਲਾ ਸਾਹਮਣੇ ਆਇਆ ਹੈ। ਕਿਸੇ ਵੀ ਵਿਅਕਤੀ ਨੂੰ ਆਪਣੇ ਆਈ. ਡੀ. ਪਰੂਫ ’ਤੇ ਖਾਤਾ ਖੁੱਲ੍ਹਵਾ ਕੇ ਦੂਜੇ ਵਿਅਕਤੀ ਨੂੰ ਨਹੀਂ ਸੌਂਪਣਾ ਚਾਹੀਦਾ, ਨਹੀਂ ਤਾਂ ਉਹ ਵੱਡੀ ਮੁਸ਼ਕਲ ਵਿਚ ਫਸ ਸਕਦਾ ਹੈ।

ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


Sunny Mehra

Content Editor

Related News