ਪਸ਼ੂਆਂ ਨੂੰ ਬੇਸਹਾਰਾ ਛੱਡਣ ਦੀ ਥਾਂ ਗਊਸ਼ਾਲਾਵਾਂ ''ਚ ਪਹੁੰਚਾਇਆ ਜਾਵੇ : ਸਚਿਨ ਸ਼ਰਮਾ

11/25/2020 5:30:14 PM

ਚੰਡੀਗੜ੍ਹ : ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਸੂਬੇ ਅੰਦਰ ਕਿਸਾਨਾਂ, ਪਸ਼ੂ ਪਾਲਕਾਂ ਤੇ ਡੇਅਰੀ ਫਾਰਮਿੰਗ ਧੰਦੇ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੁੱਧ ਨਾ ਦੇਣ ਵਾਲੇ ਗਊਧਨ ਨੂੰ ਲਾਵਾਰਸ ਛੱਡਣ ਦੀ ਥਾਂ ਗਊਸ਼ਾਲਾਵਾਂ 'ਚ ਪੁੱਜਦਾ ਕੀਤਾ ਜਾਵੇ। ਚੇਅਰਮੈਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਸ਼ੂ-ਪਾਲਣ ਮਹਿਕਮੇ ਰਾਹੀਂ ਗਊਧਨ ਲਈ ਸ਼ੈੱਡ ਬਣਾਉਣ ਤੋਂ ਇਲਾਵਾ ਹਰਾ ਚਾਰਾ, ਤੂੜੀ, ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਗਊਸ਼ਾਲਾਵਾਂ ਨੂੰ ਆਤਮ ਨਿਰਭਰ ਬਣਾਉਣ ਸਮੇਤ ਗਊਧਨ ਸਿਹਤ ਭਲਾਈ ਕੈਂਪ ਵੀ ਲਗਾਏ ਜਾ ਰਹੇ ਹਨ।

ਇਸ ਦੇ ਨਾਲ ਹੀ ਸਰਕਾਰ ਵੱਲੋਂ ਸੂਬੇ ਅੰਦਰ ਗਊਧਨ ਦੀ ਸਾਹੀਵਾਲ ਨਸਲ ਨੂੰ ਪ੍ਰਫ਼ੁੱਲਿਤ ਕੀਤਾ ਜਾ ਰਿਹਾ ਹੈ। ਸਚਿਨ ਸ਼ਰਮਾ ਨੇ ਗਊ ਸੇਵਾ ਕਮਿਸ਼ਨ ਵੱਲੋਂ ਡੇਅਰੀ ਉਦਯੋਗ ਨੂੰ ਸੂਚਿਤ ਕਰਦਿਆਂ ਅਪੀਲ ਕੀਤੀ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਦੁਧਾਰੂ ਨਾ ਰਹਿਣ 'ਤੇ ਬੇਸਹਾਰਾ ਸੜਕਾਂ ਜਾਂ ਗਲੀਆਂ 'ਚ ਨਾ ਛੱਡਣ ਕਿਉਂਕਿ ਇਹ ਬੇਸਹਾਰਾ ਪਸ਼ੂ ਜਿੱਥੇ ਖ਼ੁਦ ਸੜਕੀ ਹਾਦਸਿਆਂ ਦਾ ਸ਼ਿਕਾਰ ਬਣਦੇ ਹਨ, ਉੱਥੇ ਹੀ ਆਮ ਲੋਕਾਂ ਲਈ ਵੀ ਜਾਨ ਤੇ ਮਾਲ ਦੇ ਨੁਕਸਾਨ ਦਾ ਕਾਰਨ ਬਣਦੇ ਹਨ।

ਸ਼ਰਮਾ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਡੇਅਰੀਆਂ ਦੇ ਮਾਲਕ ਆਪਣੇ ਸਬੰਧਿਤ ਪਸ਼ੂ ਪਾਲਣ ਮਹਿਕਮੇ ਦੇ ਡਿਪਟੀ ਡਾਇਰੈਕਟਰਾਂ ਦੀ ਮਦਦ ਨਾਲ ਅਜਿਹੇ ਪਸ਼ੂਆਂ ਨੂੰ ਗਊਸ਼ਾਲਾਵਾਂ 'ਚ ਭਿਜਵਾਉਣ, ਜਿਹੜੇ ਦੁੱਧ ਦੇਣ ਤੋਂ ਵਾਂਝੇ ਹੋ ਗਏ ਹੋਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਸ ਸਹਿਯੋਗ ਨਾਲ ਜਿੱਥੇ ਗਊਧਨ ਦਾ ਭਲਾ ਹੋਵੇਗਾ, ਉਥੇ ਹੀ ਪੰਜਾਬ ਦੇ ਲੋਕਾਂ ਨੂੰ ਵੀ ਰਾਹਤ ਮਿਲੇਗੀ।
 


Babita

Content Editor

Related News