ਪਸ਼ੂਆਂ ਦੇ ਵਾੜੇ ਨੂੰ ਲੱਗ ਅੱਗ, 45 ਬੱਕਰੀਆਂ ਅੱਗ ਨਾਲ ਝੁਲਸ ਕੇ ਮਰੀਆਂ

Sunday, Dec 15, 2019 - 01:52 PM (IST)

ਪਸ਼ੂਆਂ ਦੇ ਵਾੜੇ ਨੂੰ ਲੱਗ ਅੱਗ, 45 ਬੱਕਰੀਆਂ ਅੱਗ ਨਾਲ ਝੁਲਸ ਕੇ ਮਰੀਆਂ

ਮਾਛੀਵਾੜਾ ਸਾਹਿਬ/ਸਾਹਨੇਵਾਲ (ਟੱਕਰ/ਜਗਰੂਪ) : ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਜਸਪਾਲੋਂ (ਨੇੜ੍ਹੇ ਕੜਿਆਣਾ) ਵਿਖੇ ਬੀਤੀ ਰਾਤ ਪਸ਼ੂਆਂ ਦੇ ਵਾੜੇ ਨੂੰ ਅੱਗ ਲੱਗਣ ਕਾਰਨ ਲਗਭਗ 45 ਬੱਕਰੀਆਂ ਝੁਲਸ ਕੇ ਮਰ ਗਈਆਂ। ਪਸ਼ੂ ਮਾਲਕ ਮੁਹੰਮਦ ਨਜ਼ੀਰ ਨੇ ਦੱਸਿਆ ਕਿ ਉਹ ਬੱਕਰੀਆਂ ਦਾ ਪਾਲਣ-ਪੋਸ਼ਣ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਅਤੇ ਬੀਤੀ ਰਾਤ ਵੀ ਉਸਨੇ ਆਪਣੀਆਂ ਕਰੀਬ 45 ਬੱਕਰੀਆਂ ਠੰਢ ਤੋਂ ਬਚਾਉਣ ਲਈ ਇਕ ਆਰਜ਼ੀ ਤੌਰ 'ਤੇ ਵਾੜਾ ਬਣਾ ਕੇ ਅੰਦਰ ਬੰਨ੍ਹੀਆਂ ਹੋਈਆਂ ਸਨ। ਅਚਾਨਕ ਕਰੀਬ 2.30 ਵਜੇ ਉਸਦੇ ਪਸ਼ੂਆਂ ਵਾਲੇ ਵਾੜੇ 'ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ ਅਤੇ ਆਸ-ਪਾਸ ਲੋਕਾਂ ਦੀ ਮੱਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਇਸ ਵਾੜੇ 'ਚ ਬੰਨ੍ਹੀਆਂ 45 ਬੱਕਰੀਆਂ ਜਿਸ ਵਿਚ ਮੈਮਣੇ ਵੀ ਸ਼ਾਮਿਲ ਸਨ ਅੱਗ ਨਾਲ ਝੁਲਸ ਕੇ ਮਰ ਗਏ। ਕਰੀਬ 10 ਹੋਰ ਬੱਕਰੀਆਂ ਜੋ ਦੂਸਰੇ ਵਾੜੇ 'ਚ ਬੰਨ੍ਹੀਆਂ ਸਨ ਉਨ੍ਹਾਂ ਨੂੰ ਬਚਾ ਲਿਆ ਗਿਆ। 

ਅੱਗ ਲੱਗਣ ਦੇ ਸਪੱਸ਼ਟ ਕਾਰਨਾਂ ਦਾ ਤਾਂ ਨਹੀਂ ਪਤਾ ਲੱਗ ਸਕਿਆ ਪਰ ਪਸ਼ੂਆਂ ਦੇ ਵਾੜੇ 'ਚ ਇਕ ਬੱਲਬ ਲੱਗਿਆ ਸੀ ਅਤੇ ਸ਼ੰਕਾ ਕੀਤੀ ਜਾ ਰਹੀ ਹੈ ਇਸ ਤੋਂ ਹੀ ਅੱਗ ਲੱਗ ਗਈ। ਪਸ਼ੂ ਪਾਲਕ ਮੁਹੰਮਦ ਨਜ਼ੀਰ ਨੇ ਦੱਸਿਆ ਕਿ ਉਸਦੇ 8 ਬੱਚੇ ਹਨ ਜੋ ਸਾਰੇ ਨਬਾਲਿਗ ਹਨ ਅਤੇ ਇਸ ਅੱਗ ਨਾਲ ਉਸਦਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਸਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਦਾ ਜ਼ਰੀਆ ਇਹ ਬੱਕਰੀਆਂ ਹੀ ਸਨ ਜੋ ਅੱਗ ਦੀ ਭੇਟ ਚੜ੍ਹ ਗਈਆਂ। ਇਸ ਲਈ ਸਰਕਾਰ ਤੇ ਪ੍ਰਸ਼ਾਸਨ ਉਸ ਨੂੰ ਬਣਦਾ ਮੁਆਵਜ਼ਾ ਦੇਵੇ। ਸੂਚਨਾ ਮਿਲਦੇ ਹੀ ਮੱਤੇਵਾੜਾ ਪੁਲਸ ਚੌਂਕੀ ਇੰਚਾਰਜ ਗੁਰਚਰਨਜੀਤ ਸਿੰਘ ਵੀ ਮੌਕੇ 'ਤੇ ਪਹੁੰਚ ਗਏ ਜਿਨ੍ਹਾਂ ਘਟਨਾ ਸਥਾਨ ਦਾ ਜਾਇਜ਼ਾ ਲਿਆ।


author

Gurminder Singh

Content Editor

Related News