ਕੈਸ਼ ਵੈਨ ਲੁੱਟ ਕਾਂਡ ਦਾ ਮਾਸਟਰ ਮਾਈਂਡ ਸਾਥੀਆਂ ਸਮੇਤ ਕਾਬੂ
Tuesday, Nov 14, 2017 - 07:27 AM (IST)

ਜਲੰਧਰ, (ਪ੍ਰੀਤ)- ਐੱਚ. ਡੀ. ਐੱਫ. ਸੀ. ਬੈਂਕ ਦੀ ਕੈਸ਼ ਵੈਨ ਲੁੱਟ ਕਾਂਡ 'ਚ ਪੁਲਸ ਨੇ ਮਾਸਟਰ ਮਾਈਂਡ ਅਤੇ ਉਸ ਦੇ ਸਾਥੀਆਂ ਨੂੰ ਕਾਬੂ ਕਰ ਲਿਆ। ਗ੍ਰਿਫਤਾਰ ਲੁਟੇਰਿਆਂ ਤੋਂ ਪੁਲਸ ਨੇ ਲੁੱਟ ਦੀ ਜ਼ਿਆਦਾਤਰ ਰਕਮ ਬਰਾਮਦ ਕਰ ਲਈ ਹੈ। ਲੁਟੇਰਿਆਂ ਦੀ ਗ੍ਰਿਫਤਾਰੀ ਅਤੇ ਬਰਾਮਦਗੀ ਦਾ ਖੁਲਾਸਾ ਮੰਗਲਵਾਰ ਸਵੇਰੇ ਆਈ. ਜੀ. ਅਰਪਿਤ ਸ਼ੁਕਲਾ ਪ੍ਰੈੱਸ ਕਾਨਫਰੰਸ ਵਿਚ ਕਰਨਗੇ।
ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਭੋਗਪੁਰ ਦੇ ਪਿੰਡ ਢੀਂਗਰੀਆਂ ਨੇੜਿਓਂ ਹਥਿਆਰਬੰਦ ਲੁਟੇਰੇ ਐੱਚ. ਡੀ. ਐੱਫ. ਸੀ. ਬੈਂਕ ਦੀ ਕੈਸ਼ ਵੈਨ ਦੇ ਕਰਮਚਾਰੀਆਂ ਨੂੰ ਬੰਦੀ ਬਣਾ ਕੇ 1.18 ਕਰੋੜ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ। ਤੁਰੰਤ ਹਰਕਤ 'ਚ ਆਈ ਪੁਲਸ ਨੇ ਮੁਕਾਬਲੇ ਤੋਂ ਬਾਅਦ ਇਕ ਦੋਸ਼ੀ ਨੂੰ ਕਾਬੂ ਕਰ ਲਿਆ, ਜਦਕਿ ਬਾਕੀ ਫਰਾਰ ਹੋ ਗਏ ਸਨ। ਅਗਲੇ ਦਿਨ ਪੁਲਸ ਨੇ ਇਕ ਹੋਰ ਲੁਟੇਰੇ ਜਸਕਰਨ ਨੂੰ ਗ੍ਰਿਫਤਾਰ ਕੀਤਾ।
ਡੀ. ਐੱਸ. ਪੀ. ਸਰਬਜੀਤ ਸਿੰਘ ਰਾਏ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ ਦੇ ਇੰਸਪੈਕਟਰ ਹਰਿੰਦਰ ਸਿੰਘ ਗਿੱਲ, ਸੀ. ਆਈ. ਏ. ਸਟਾਫ-2 ਦੇ ਇੰਸਪੈਕਟਰ ਸ਼ਿਵ ਕੁਮਾਰ ਵਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਸੀ। ਪਤਾ ਲੱਗਾ ਹੈ ਕਿ ਪੁਲਸ ਨੇ ਅੱਜ ਮਾਸਟਰ ਮਾਈਂਡ ਹੈਪੀ ਸਮੇਤ ਕੁਝ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਗਿਰੋਹ ਦੇ 1-2 ਮੈਂਬਰ ਅਜੇ ਫਰਾਰ ਹਨ। ਪੁਲਸ ਨੇ ਲੁੱਟ ਦੀ ਜ਼ਿਆਤਾਦਰ ਰਕਮ ਬਰਾਮਦ ਕਰ ਲਈ ਹੈ।