ਪੁਲਿਸ ਨਾਲ ਲੁੱਕਣ-ਮਿੱਚੀ ਖੇਡਣ ਵਾਲੇ 44 ਵਿਅਕਤੀਆਂ ਖਿਲਾਫ ਧਾਰਾ 188 ਅਧੀਨ ਮੁਕੱਦਮੇ ਦਰਜ

Tuesday, Apr 28, 2020 - 05:15 PM (IST)

ਬੁਢਲਾਡਾ (ਬਾਂਸਲ,ਮਿੱਤਲ) - ਕਰਫਿਊ ਲੱਗੇ ਹੋਣ ਦੇ ਬਾਵਜੂਦ ਸ਼ਹਿਰ ਦੇ ਕਈ ਦੁਕਾਨਦਾਰਾਂ ਵੱਲੋਂ ਪੁਲਸ ਦੀਆਂ ਅੱਖਾਂ 'ਚ ਘੱਟਾ ਪਾ ਕੇ ਸਮਾਨ ਵੇਚੇ ਜਾਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਪੁਲਿਸ ਨੇ ਧਾਰਾ 188 ਅਧੀਨ 44 ਵਿਅਕਤੀਆਂ ਖਿਲਾਫ 20 ਮੁਕੱਦਮੇ ਦਰਜ ਕੀਤੇ ਅਤੇ ਇਸ ਤੋਂ ਇਲਾਵਾ ਕਰਫਿਊ ਦੀ ਉਲੰਘਣਾ ਕਰਨ ਵਾਲੇ 66 ਵਿਅਕਤੀਆਂ ਦੇ ਵਹੀਕਲ (ਮੋਟਰ ਸਾਇਕਲ, ਸਕੂਟਰ) ਧਾਰਾ 207 ਅਧੀਨ ਚਲਾਨ ਕਰਦਿਆਂ ਥਾਣੇ ਵਿੱਚ ਬਾਊਂਡ ਕਰ ਦਿੱਤੇ ਗਏ ਹਨ ਅਤੇ 35 ਲੋਕਾਂ ਦੇ ਚਲਾਨ ਕੱਟ ਦਿੱਤੇ ਗਏ ਹਨ।

 ਇਸ ਤੋਂ ਇਲਾਵਾ ਸ਼ਹਿਰ ਅੰਦਰ ਸਪੀਕਰ ਲਗਾ ਕੇ ਸਬਜੀ ਵੇਚਣ ਵਾਲਾ ਕੈਂਟਰ ਵੀ ਕਾਬੂ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਪੁਲਿਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਵਿਚ ਲੋਕ ਆਨੇ-ਬਹਾਨੇ ਧਾਰਾ 188 ਦੀ ਉੋਲੰਘਣਾ ਕਰ ਰਹੇ ਸਨ ਪਰੰਤੂ ਪੁਲਿਸ ਵਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਕੋਈ ਧਿਆਨ ਨਾ ਦੇਣ 'ਤੇ 44 ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਸਵੇਰੇ 7 ਵਜੇ ਹੀ ਚੱਪਲਾਂ ਦੀ ਦੁਕਾਨ ਖੋਲ ਕੇ ਅਰਾਮ ਨਾਲ ਬੈਠਾ ਸੀ ਤੇ ਜਦੋਂ ਉਸ ਨੂੰ ਪੁੱਛਿਆ ਕਿ ਕਰਫਿਊ ਲੱਗਣ ਦੇ ਬਾਵਜੂਦ ਵੀ ਇੱਥੇ ਕੀ ਕਰ ਰਿਹਾ ਹੈ ਤਾਂ ਉਸ ਕੋਲ ਕੋਈ ਜਵਾਬ ਨਹੀਂ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਕਰਫਿਊ ਲੋਕਾਂ ਦੀ ਸੁਰੱਖਿਆ ਲਈ ਲਗਾਇਆ ਗਿਆ ਹੈ। ਇਸ ਮੌਕੇ 'ਤੇ ਏ.ਐਸ.ਆਈ ਪਰਮਜੀਤ ਸਿੰਘ, ਏ.ਐਸ.ਆਈ. ਗੁਰਮੇਲ ਸਿੰਘ, ਏ.ਐਸ.ਆਈ. ਭੋਲਾ ਸਿੰਘ, ਏ.ਐਸ.ਆਈ. ਗੁਰਜੰਟ ਸਿੰਘ ਆਦਿ ਹਾਜ਼ਰ ਸਨ।

 


Harinder Kaur

Content Editor

Related News