ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 285 ਸਮੱਗਲਰਾਂ ਵਿਰੁੱਧ ਕੇਸ ਦਰਜ, ਨਸ਼ੇ ਵਾਲੇ ਪਦਾਰਥ ਬਰਾਮਦ
Sunday, Apr 20, 2025 - 02:48 AM (IST)

ਬਠਿੰਡਾ (ਵਿਜੈ ਵਰਮਾ) - ਪੰਜਾਬ ’ਚ ਨਸ਼ਿਆਂ ਵਿਰੁੱਧ ਪੁਲਸ ਦੀ ਕਾਰਵਾਈ ਨੂੰ ਬਲ ਮਿਲਿਆ ਹੈ। ਬਠਿੰਡਾ ਪੁਲਸ ਨੇ ਆਪਣੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ 1 ਮਾਰਚ ਤੋਂ 19 ਅਪ੍ਰੈਲ ਤਕ 285 ਮਾਮਲੇ ਦਰਜ ਕੀਤੇ ਹਨ ਅਤੇ ਵੱਡੀ ਮਾਤਰਾ ’ਚ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਹਨ। ਅੰਤਰਰਾਜੀ ਸਰਹੱਦ ਸੀਲ ਕਰ ਕੇ ਬਠਿੰਡਾ ਪੁਲਸ ਨੂੰ ਵੱਡੀ ਸਫਲਤਾ ਮਿਲੀ ਅਤੇ ਐੱਸ. ਐੱਸ. ਪੀ. ਬਠਿੰਡਾ ਅਮਨੀਤ ਕੌਂਡਲ ਦੀ ਅਗਵਾਈ ਹੇਠ ਡਰੱਗ ਸਪਲਾਈ ਲਾਈਨ ਦਾ ਪਰਦਾਫਾਸ਼ ਕਰਨ ’ਚ ਸਫਲਤਾ ਪ੍ਰਾਪਤ ਹੋਈ।
1 ਮਾਰਚ, 2025 ਤੋਂ ਅੱਜ ਤਕ ਦੇ ਅੰਕੜੇ ਇਸ ਗੱਲ ਦਾ ਸਬੂਤ ਹਨ ਕਿ ਪੁਲਸ ਨਸ਼ਾ ਸਮੱਗਲਰਾਂ ’ਤੇ ਸ਼ਿਕੰਜਾ ਕੱਸਣ ਲਈ ਪੂਰੀ ਤਰ੍ਹਾਂ ਵਚਨਬਧ ਹੈ। ਇਸ ਸਮੇਂ ਦੌਰਾਨ ਬਠਿੰਡਾ ਜ਼ਿਲੇ ’ਚ ਕੁੱਲ 285 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ’ਚ 279 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 13 ਵਾਹਨ ਵੀ ਜ਼ਬਤ ਕੀਤੇ ਗਏ। ਵੱਡੀ ਮਾਤਰਾ ’ਚ ਵੱਖ-ਵੱਖ ਕਿਸਮਾਂ ਦੇ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਗਏ, ਜਿਸ ’ਚ 1.226 ਕਿਲੋਗ੍ਰਾਮ ਹੈਰੋਇਨ, 642.35 ਕਿਲੋਗ੍ਰਾਮ ਭੁੱਕੀ, 12853 ਨਸ਼ੇ ਵਾਲੀਆਂ ਗੋਲੀਆਂ, 1.71 ਕਿਲੋਗ੍ਰਾਮ ਗਾਂਜਾ ਅਤੇ 0.8 ਗ੍ਰਾਮ ਨਸ਼ੀਲਾ ਪਾਊਡਰ ਸ਼ਾਮਲ ਹੈ।
ਇਸੇ ਤਰ੍ਹਾਂ ਆਪ੍ਰੇਸ਼ਨ ਕਾਸੋ ਤਹਿਤ 26 ਐੱਫ. ਆਈ.ਆਰ. ਦਰਜ ਕੀਤੀਆਂ ਗਈਆਂ। 41 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਮੇਂ ਦੌਰਾਨ, 146.23 ਗ੍ਰਾਮ ਹੈਰੋਇਨ, 65 ਗ੍ਰਾਮ ਅਫੀਮ, 93 ਗ੍ਰਾਮ ਭੁੱਕੀ, 200 ਗ੍ਰਾਮ ਗਾਂਜਾ, 590 ਨਸ਼ੇ ਵਾਲੀਆਂ ਗੋਲੀਆਂ, ਇਕ ਮੋਟਰਸਾਈਕਲ, 7,200 ਰੁਪਏ ਦੀ ਡਰੱਗ ਮਨੀ ਅਤੇ ਗੈਰ-ਕਾਨੂੰਨੀ ਜਾਇਦਾਦ ਜ਼ਬਤ ਕੀਤੀ ਗਈ। 3 ਮਾਰਚ, 2025 ਨੂੰ ਪੁਲਸ ਨੇ ਬੀੜ ਤਾਲਾਬ ਦੇ ਇਕ ਬਦਨਾਮ ਨਸ਼ਾ ਸਮੱਗਲਰ ਦੀ 10 ਮਰਲੇ ਦੀ ਗੈਰ-ਕਾਨੂੰਨੀ ਜਾਇਦਾਦ ਨੂੰ ਢਾਹ ਦਿੱਤਾ, ਜਿਸ ਵਿਰੁੱਧ ਪਹਿਲਾਂ ਹੀ 10 ਮਾਮਲੇ ਦਰਜ ਸਨ।
ਉਨ੍ਹਾਂ ਕਿਹਾ ਕਿ 10 ਹੋਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਚੱਲ ਰਹੀ ਹੈ। 68- ਐੱਨ. ਡੀ. ਪੀ. ਐੱਸ. ਐਕਟ ਅਧੀਨ ਕੁਰਕੀ ਦੀ ਕਾਰਵਾਈ ’ਚ, ਰਕਮ 1,57,89,588.53 ਰੁਪਏ ਅਨੁਮਾਨਿਤ ਕੀਤੀ ਗਈ ਹੈ। ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਸੇਫ ਪੰਜਾਬ ਹੈਲਪਲਾਈਨ ’ਤੇ ਮਿਲੀਆਂ ਸ਼ਿਕਾਇਤਾਂ ਦੇ ਆਧਾਰ ’ਤੇ 13 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। 1370 ਗੋਲੀਆਂ, 600 ਕੈਪਸੂਲ, 34.67 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ।
ਜ਼ਿਲਾ ਪੱਧਰੀ ਹੈਲਪਲਾਈਨ 12 ਮਾਰਚ ਤੋਂ ਸ਼ੁਰੂ ਹੋਈ ਸੀ ਜਿਸ ’ਤੇ ਸ਼ਿਕਾਇਤਾਂ ਦੇ ਆਧਾਰ ’ਤੇ ਚਾਰ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਸਨ। ਪੁਲਸ ਨੇ ਨਸ਼ਾ ਵਿਰੋਧੀ ਜਾਗਰੂਕਤਾ ਫੈਲਾਉਣ ਲਈ 52 ਸੈਮੀਨਾਰ, 34 ਟੂਰਨਾਮੈਂਟ ਅਤੇ 70 ਜਨਤਕ ਸੇਵਾਵਾਂ ਦਾ ਆਯੋਜਨ ਕੀਤਾ। 150 ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਨੇ ਨਸ਼ਿਆਂ ਵਿਰੁੱਧ ਮੁਹਿੰਮ ’ਚ ਹਿੱਸਾ ਲਿਆ ਅਤੇ ਪੁਲਸ ਦਾ ਸਮਰਥਨ ਕੀਤਾ। ਪੰਚਾਇਤਾਂ ਨੇ ਪੋਸਟਰ ਮੁਹਿੰਮ ਰਾਹੀਂ ਪਿੰਡ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ।
ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ’ਚ ਸ਼ਾਮਲ ਪੁਲਸ ਮੁਲਾਜ਼ਮਾਂ ਵਿਰੁੱਧ ਵੀ ਕਾਰਵਾਈ ਕੀਤੀ ਗਈ। ਐੱਸ. ਐੱਚ. ਓ. ਸਿਵਲ ਲਾਈਨਜ਼ ਅਤੇ ਐਡੀਸ਼ਨਲ ਐੱਸ. ਐੱਚ. ਓ. ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਇਲਾਵਾ ਦੋ ਪੁਲਸ ਅਧਿਕਾਰੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਸਪੱਸ਼ਟ ਕੀਤਾ ਕਿ ਬਠਿੰਡਾ ਪੁਲਸ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ’ਤੇ ਕੰਮ ਕਰ ਰਹੀ ਹੈ। ਇਹ ਮੁਹਿੰਮ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਨਸ਼ੇ ਨੂੰ ਜੜ੍ਹ ਤੋਂ ਖਤਮ ਨਹੀਂ ਕਰ ਦਿੱਤਾ ਜਾਂਦਾ।