ਇਕ ਕਰੋੜ ਰੁਪਏ ਰਿਸ਼ਵਤ ਮੰਗਣ ਦੇ ਮਾਮਲੇ ’ਚ ਸਾਬਕਾ AIG ਅਸ਼ੀਸ਼ ਕਪੂਰ ’ਤੇ ਕੇਸ ਦਰਜ
Tuesday, Jul 18, 2023 - 08:07 PM (IST)
ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਪੁਲਸ ਨੇ ਇਕ ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਮਾਮਲੇ ਵਿਚ ਸਾਬਕਾ ਏ. ਆਈ. ਜੀ. ਅਸ਼ੀਸ਼ ਕਪੂਰ ’ਤੇ ਐੱਫ. ਆਈ. ਆਰ. ਦਰਜ ਕੀਤੀ ਹੈ। ਇਸ ਮਾਮਲੇ ’ਚ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਖ਼ੂਬ ਚੱਲੀ ਸੀ, ਜਿਸ ’ਚ ਅਸ਼ੀਸ਼ ਕਪੂਰ ਉਕਤ ਔਰਤ ਨੂੰ ਥੱਪੜ ਮਾਰਦੇ ਨਜ਼ਰ ਆ ਰਹੇ ਸਨ। ਇਹ ਉਹੀ ਔਰਤ ਹੈ, ਜਿਸ ਨੇ ਅਸ਼ੀਸ਼ ਕਪੂਰ ’ਤੇ ਜਬਰਨ ਸਰੀਰਕ ਸਬੰਧ ਬਣਾਉਣ ਦੇ ਮਾਮਲੇ ’ਚ ਕੇਸ ਦਰਜ ਕਰਵਾਇਆ ਸੀ। ਔਰਤ ਦੇ ਵਕੀਲ ਨੇ ਵੀਡੀਓ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪੇਸ਼ ਕੀਤਾ, ਜਿਸ ਦੇ ਆਧਾਰ ’ਤੇ ਏ.ਆਈ.ਜੀ. ਖਿਲਾਫ਼ ਜ਼ੀਰਕਪੁਰ ਥਾਣੇ ’ਚ ਇਕ ਨਵੀਂ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਕਰੰਟ ਲੱਗਣ ਨਾਲ ਨੌਜਵਾਨ ਦੀ ਦਰਦਨਾਕ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਐੱਫ. ਆਈ. ਆਰ. ਵਿਚ ਮੋਤੀਆ ਗਰੁੱਪ ਦੇ ਡਾਇਰੈਕਟਰ ਹੇਮ ਰਾਜ ਮਿੱਤਲ ਅਤੇ ਢਕੌਲੀ ਦੇ ਰਹਿਣ ਵਾਲੇ ਲਵਲੀਸ਼ ਗਰਗ ਉੱਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਸਾਬਕਾ ਏ.ਆਈ.ਜੀ. ਪਹਿਲਾਂ ਤੋਂ ਹੀ ਜੇਲ੍ਹ ਵਿਚ ਬੰਦ ਹੈ, ਜਦਕਿ ਹੇਮਰਾਜ ਮਿੱਤਲ ਅਤੇ ਲਵਲੀਸ਼ ਗਰਗ ਫਰਾਰ ਦੱਸੇ ਜਾ ਰਹੇ ਹਨ। ਸੋਮਵਾਰ ਨੂੰ ਸਾਬਕਾ ਏ.ਆਈ.ਜੀ. ਦੀ ਜ਼ਮਾਨਤ ਅਰਜ਼ੀ ਅਦਾਲਤ ਨੇ ਖਾਰਿਜ ਕਰ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਸਾਬਕਾ ਏ.ਆਈ.ਜੀ. ਅਸ਼ੀਸ਼ ਕਪੂਰ ’ਤੇ ਸੰਨ 2018 ਵਿਚ ਜਾਅਲਸਾਜ਼ੀ ਅਤੇ ਧੋਖਾਧੜੀ ਦੇ ਕੇਸ ’ਚ ਦੋ ਔਰਤਾਂ ਨੂੰ ਰਾਹਤ ਦੇਣ ਬਦਲੇ ਉਨ੍ਹਾਂ ਤੋਂ ਚੈੱਕ ਸਾਈਨ ਕਰਵਾ ਕੇ 1 ਕਰੋੜ ਰੁਪਏ ਕਢਵਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਸੀ। ਵਿਜੀਲੈਂਸ ਨੇ 6 ਅਕਤੂਬਰ 2022 ਨੂੰ ਅਸ਼ੀਸ਼ ਕਪੂਰ ਨੂੰ ਗ੍ਰਿਫ਼ਤਾਰ ਕੀਤਾ ਸੀ। ਅਸ਼ੀਸ਼ ਕਪੂਰ ’ਤੇ ਇਕ ਔਰਤ ਨਾਲ ਰੇਪ ਕਰਨ ਅਤੇ ਜਬਰਨ ਵਸੂਲੀ ਕਰਨ ਦਾ ਦੋਸ਼ ਵੀ ਹੈ। ਔਰਤ ਨੇ ਦੋਸ਼ ਲਗਾਇਆ ਸੀ ਕਿ ਉਹ ਇਮੀਗ੍ਰੇਸ਼ਨ ਦੇ ਕੇਸ ਵਿਚ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਸੀ। ਉਸ ਸਮੇਂ ਅਸ਼ੀਸ਼ ਕਪੂਰ ਉੱਥੇ ਜੇਲ੍ਹ ਸੁਪਰਡੈਂਟ ਸੀ। ਉਸ ਨੇ ਜੇਲ੍ਹ ਵਿਚ ਆਪਣੇ ਅਹੁਦੇ ਦਾ ਫਾਇਦਾ ਚੁੱਕਦੇ ਹੋਏ ਉਸ ਨਾਲ ਜਬਰ ਜ਼ਿਨਾਹ ਕੀਤਾ।
ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ, ਜਾਣੋ ਪੂਰਾ ਮਾਮਲਾ
ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸ ਦੀ ਜ਼ਮਾਨਤ ਕਰਵਾ ਦਿੱਤੀ ਤਾਂ ਕਿ ਕਿਸੇ ਨੂੰ ਪਤਾ ਨਾ ਚੱਲੇ। ਔਰਤ ਦਾ ਦੋਸ਼ ਸੀ ਕਿ ਅਸ਼ੀਸ਼ ਕਪੂਰ ਨੇ ਹੀ ਮਈ 2018 ਵਿਚ ਜ਼ੀਰਕਪੁਰ ਥਾਣੇ ’ਚ ਉਸ ਨੂੰ ਇਮੀਗ੍ਰੇਸ਼ਨ ਦੇ ਕੇਸ ਵਿਚ ਫਸਵਾਇਆ ਸੀ। ਕਪੂਰ ਨੇ ਔਰਤ ਨੂੰ ਆਪਣਾ ਕ੍ਰੈਡਿਟ ਕਾਰਡ ਵੀ ਦਿੱਤਾ ਹੋਇਆ ਸੀ ਅਤੇ ਉਸ ਨੇ ਉਸ ਨਾਲ ਘਰ ਖਰੀਦਣ ਦੀ ਗੱਲ ਵੀ ਕਹੀ ਸੀ। ਔਰਤ ਨੇ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਵਰਤ ਕੇ ਤਕਰੀਬਨ 24 ਲੱਖ ਰੁਪਏ ਦੀ ਸ਼ਾਪਿੰਗ ਵੀ ਕੀਤੀ ਸੀ।