ਭੱਠੇ ਤੋਂ ਲਾਸ਼ ਮਿਲਣ ਦੇ ਮਾਮਲੇ ’ਚ 4 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ, 2 ਗ੍ਰਿਫਤਾਰ
Wednesday, Nov 10, 2021 - 02:37 AM (IST)
ਨਕੋਦਰ(ਪਾਲੀ)- ਸਦਰ ਪੁਲਸ ਨੂੰ ਦੀਵਾਲੀ ਤੋਂ ਇਕ ਦਿਨ ਪਹਿਲਾਂ ਪਿੰਡ ਸ਼ੰਕਰ ਤੋਂ ਬੋਪਾਰਾਏ ਰੋਡ ’ਤੇ ਬੰਦ ਪਏ ਇੱਟਾਂ ਦੇ ਭੱਠੇ ਤੋਂ ਭੇਤਭਰੇ ਹਲਾਤਾਂ ’ਚ ਅਕਸ਼ੇ ਉਰਫ਼ ਸੋਨੂੰ (29) ਪੁੱਤਰ ਕਿਸ਼ੋਰੀ ਲਾਲ ਵਾਸੀ ਪਿੰਡ ਸ਼ੰਕਰ ਦੀ ਲਾਸ਼ ਤੇ ਉਸ ਦਾ ਮੋਟਰਸਾਈਕਲ ਮਿਲਿਆ।
ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਡੀ. ਐੱਸ. ਪੀ. ਲਖਵਿੰਦਰ ਸਿੰਘ ਮੱਲ, ਸਦਰ ਥਾਣਾ ਮੁਖੀ ਸੁਖਜੀਤ ਸਿੰਘ ਅਤੇ ਸ਼ੰਕਰ ਚੌਕੀ ਇੰਚਾਰਜ ਏ. ਐੱਸ. ਆਈ ਗੁਰਨਾਮ ਸਿੰਘ ਨੇ ਵੱਖ-ਵੱਖ ਐਂਗਲਾਂ ਤੋਂ ਜਾਂਚ ਸ਼ੁਰੂ ਕੀਤੀ ਤਾਂ ਪੁਲਸ ਦੇ ਹੱਥ ਕਈ ਅਹਿਮ ਸੁਰਾਗ ਲੱਗੇ। ਪੁਲਸ ਨੇ ਕੁਝ ਦਿਨਾਂ ’ਚ ਉਕਤ ਨੌਜਵਾਨ ਦੀ ਮੌਤ ਦੀ ਗੁੱਥੀ ਸੁਲਝਾਉਂਦੇ ਹੋਏ ਚਾਰ ਮੁਲਜ਼ਮਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ’ਚੋਂ 2 ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
ਸਦਰ ਪੁਲਸ ਨੂੰ ਦਿੱਤੇ ਬਿਆਨਾਂ ’ਚ ਵਿਸ਼ਾਲ ਕੁਮਾਰ ਵਾਸੀ ਪੱਤੀ ਪੁਰੇਵਾਲ ਪਿੰਡ ਸ਼ੰਕਰ ਨੇ ਦੱਸਿਆ ਕਿ ਉਸਦਾ ਵੱਡਾ ਭਰਾ ਅਕਸ਼ੈ ਕੁਮਾਰ 2 ਨਵੰਬਰ ਨੂੰ ਵਕਤ ਕਰੀਬ 1 ਵਜੇ ਦੁਪਹਿਰ ਨੂੰ ਆਪਣੇ ਮੋਟਰ ਸਾਇਕਲ ’ਤੇ ਨਕੋਦਰ ਗਿਆ ਸੀ । ਮੈਨੂੰ 2:45 ਵਜੇ ਫੋਨ ਕਰ ਕੇ ਉਸ ਨੇ ਦੱਸਿਆ ਕਿ ਉਹ ਆਪਣੇ ਵਿਦੇਸ਼ ਤੋਂ ਆਏ ਦੋਸਤ ਨੂੰ ਮਿਲਣ ਪਿੰਡ ਧਾਲੀਵਾਲ ਜਾ ਰਿਹਾ ਹੈ ਪਰ ਉਹ ਰਾਤ ਤੱਕ ਘਰ ਨਹੀਂ ਆਇਆ ਅਤੇ ਨਾ ਹੀ ਫੋਨ ਚੁੱਕ ਰਿਹਾ ਸੀ । ਉਸ ਨੇ ਉਸ ਦੇ ਦੋਸਤ ਨੂੰ ਫੋਨ ਕਰ ਕੇ ਆਪਣੇ ਭਰਾ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਉਸ ਕੋਲ ਨਹੀਂ ਆਇਆ। 3 ਨਵੰਬਰ ਨੂੰ ਸਵੇਰੇ 8 ਵਜੇ ਪਤਾ ਲੱਗਾ ਕਿ ਉਸ ਦੇ ਭਰਾ ਦੀ ਲਾਸ਼ ਉਕਤ ਇੱਟਾ ਦੇ ਭੱਠੇ ’ਤੇ ਪਈ ਹੈ ਅਤੇ ਨੇੜੇ ਹੀ ਉਸ ਦਾ ਬੁਲਟ ਮੋਟਰਸਾਈਕਲ ਖੜ੍ਹਾ ਸੀ। ਉਸ ਦੇ ਗਲੇ ’ਚ ਪਾਈ ਹੋਈ ਸੋਨੇ ਦੀ ਚੇਨ, ਕੰਨਾਂ ਦੀਆਂ ਨੱਤੀਆਂ ਅਤੇ ਜੇਬ ’ਚੋਂ ਪੈਸੇ ਵੀ ਗਾਇਬ ਸਨ। ਉਸ ਨੂੰ ਪੂਰਾ ਯਕੀਨ ਹੈ ਕਿ ਉਸ ਦੇ ਭਰਾ ਅਕਸ਼ੈ ਕੁਮਾਰ ਉਰਫ ਸੋਨੂੰ ਨੂੰ ਅਸ਼ਵਨੀ ਕੁਮਾਰ ਪੁੱਤਰ ਮਦਨ ਲਾਲ, ਬੰਟੀ ਉਰਫ ਬਲਰਾਮ ਪੁੱਤਰ ਜੀਤ ਰਾਮ, ਅਭੀਸ਼ੇਕ ਉਰਫ ਅਬੋ ਪੁੱਤਰ ਤੀਰਥ ਰਾਏ ਅਤੇ ਸੁਰਿੰਦਰ ਕੁਮਾਰ ਉਰਫ ਸਿੰਦਰ ਪੁੱਤਰ ਛੰਨਾ ਵਾਸੀਆਨ ਪੱਤੀ ਪੁਰੇਵਾਲ ਪਿੰਡ ਸ਼ੰਕਰ ਨਕੋਦਰ ਨੇ ਕਤਲ ਕੀਤਾ ਹੈ ਤੇ ਲਾਸ਼ ਖੁਰਦ-ਬੁਰਦ ਕਰਨ ਲਈ ਉਕਤ ਭੱਠੇ ਉਪਰ ਸੁੱਟੀ ਸੀ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਲਖਵਿੰਦਰ ਸਿੰਘ ਮੱਲ ਅਤੇ ਸਦਰ ਥਾਣਾ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਵਿਸ਼ਾਲ ਦੇ ਬਿਆਨਾਂ ’ਤੇ ਉਕਤ 4 ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿਖੇ ਮਾਮਲਾ ਦਰਜ ਕਰਨ ਤੋਂ ਬਾਅਦ ਚੌਕੀ ਇੰਚਾਰਜ ਸ਼ੰਕਰ ਏ. ਐੱਸ. ਆਈ. ਗੁਰਨਾਮ ਸਿੰਘ ਨੇ ਸਮੇਤ ਪੁਲਸ ਪਾਰਟੀ ਪਿੰਡ ਚਾਨੀਆਂ ਨੇੜੇ ਕੀਤੀ ਨਾਕੇਬੰਦੀ ਦੌਰਾਨ ਮੁਲਜ਼ਮ ਅਭੀਸ਼ੇਕ ਉਰਫ ਅਬੋ ਅਤੇ ਸੁਰਿੰਦਰ ਕੁਮਾਰ ਉਰਫ ਸਿੰਦਰ ਵਾਸੀਆਨ ਪਿੰਡ ਸ਼ੰਕਰ ਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ ’ਚ ਵਰਤਿਆ ਮੋਟਰਸਾਈਕਲ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਫ਼ਰਾਰ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।