ਡਾਕਟਰ ਨੂੰ ਧਮਕੀ ਦੇ ਕੇ ਜ਼ਬਰਦਸਤੀ 30 ਹਜ਼ਾਰ ਵਸੂਲਣ ਵਾਲੇ 3 ਪੱਤਰਕਾਰਾਂ ਖਿਲਾਫ ਮਾਮਲਾ ਦਰਜ

Thursday, May 07, 2020 - 01:26 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼) - ਕਰਫਿਊ ਦੌਰਾਨ ਖੁੱਲ੍ਹੀ ਦੁਕਾਨ ਦੀਆਂ ਫੋਟੋ ਖਿੱਚਕੇ ਆਰ.ਐੱਮ.ਪੀ. ਡਾਕਟਰ ਨੂੰ ਪੁਲਸ ਕਾਰਵਾਈ ਦਾ ਡਰਾਵਾ ਦੇ ਕੇ ਜਬਰਦਸਤੀ ਰੁਪਏ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਵਿਚ ਸ਼ਾਮਲ ਤਿੰਨ ਪੱਤਰਕਾਰਾਂ ਦੇ ਖਿਲਾਫ ਟਾਂਡਾ ਪੁਲਸ ਨੇ ਜ਼ਬਰਦਸਤੀ ਵਸੂਲੀ ਕਰਨ ਦਾ ਮਾਮਲਾ ਦਰਜ ਕੀਤਾ ਹੈ | ਪੁਲਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਆਰ .ਐੱਮ.ਪੀ. ਡਾਕਟਰ ਜਤਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਨਿਵਾਸੀ ਬੈਂਸ ਅਵਾਣ ਦੇ ਬਿਆਨ ਦੇ ਅਧਾਰ ਤੇ ਅਮਿਤ ਖੋਸਲਾ ਪੁੱਤਰ ਸਾਧੂ ਰਾਮ, ਰਵਿੰਦਰ ਸਿੰਘ ਉਰਫ ਨਾਨਕਵੀਰ ਸਿੰਘ ਪੁੱਤਰ ਹਰਜੀਤ ਸਿੰਘ ਅਤੇ ਕਮਲ ਅਰੋੜਾ ਪ੍ਰੈਸ ਰਿਪੋਰਟਰ ਪ੍ਰੈਸ ਕਲੱਬ ਟਾਂਡਾ ਦੇ ਖਿਲਾਫ ਦਰਜ ਕੀਤਾ ਹੈ |    

ਜਾਣੋ ਕੀ ਹੈ ਮਾਮਲਾ

ਆਪਣੇ ਬਿਆਨ ਵਿਚ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 10 ਸਾਲ ਤੋਂ ਪਿੰਡ ਗੁਰਾਲਾ ਵਿਚ ਆਰ .ਐੱਮ.ਪੀ . ਡਾਕਟਰ ਦੀ ਦੁਕਾਨ ਕਰਦਾ ਹੈ ਅਤੇ ਹੁਣ ਕੋਰੋਨਾ ਵਾਇਰਸ ਕਰਕੇ ਜਿਆਦਾਤਰ ਆਪਣੀ ਦੁਕਾਨ ਬੰਦ ਰੱਖਦਾ ਹਾਂ | ਉਸਨੇ ਦੱਸਿਆ ਕਿ ਸਾਡੇ ਪਿੰਡਾਂ ਦੇ ਆਸਪਾਸ ਕੋਈ ਮੈਡੀਕਲ ਸਟੋਰ ਜਾ ਕੋਈ ਡਾਕਟਰ ਨਾ ਹੋਣ ਕਰਕੇ ਜੇਕਰ ਕਿਸੇ ਨੂੰ ਐਮਰਜੈਂਸੀ ਦਵਾਈ ਦੀ ਲੋੜ ਹੁੰਦੀ ਹੈ ਤਾਂ ਉਹ ਦਿੰਦਾ ਹੈ | 13 ਅਪ੍ਰੈਲ ਨੂੰ ਸਰਪੰਚ ਬਲਜੀਤ ਕੌਰ ਨੇ ਉਸਨੂੰ ਫੋਨ ਕੀਤਾ ਕਿ ਪਿੰਡ ਵਿਚ ਬੱਚੇ ਬਿਮਾਰ ਹਨ ਉਹ ਆ ਕੇ ਦਵਾਈ ਦੇ ਜਾਵੇ | ਜਦੋਂ  ਸਵੇਰੇ 6 ਵਜੇ ਆ ਕੇ 4 ਪਰਿਵਾਰਾਂ ਦੇ ਬੱਚਿਆਂ ਨੂੰ ਦਵਾਈ ਦਿੱਤੀ ਸੀ ਕਿ ਅਮਿਤ ਅਤੇ ਨਾਨਕਵੀਰ ਜੁਪੀਟਰ ਸਕੂਟਰੀ ਤੇ ਆਏ ਅਤੇ ਉਸਦੀ ਦੁਕਾਨ ਦੀਆਂ ਫੋਟੋ ਖਿੱਚਣ ਲੱਗ ਪਏ | ਜਦੋਂ ਉਸਨੇ ਅਤੇ ਬਲੱਡ ਪ੍ਰੈੱਸਰ ਚੈੱਕ ਕਰਵਾ ਰਹੇ ਮੈਂਬਰ ਪੰਚਾਇਤ ਭੁੱਲਾ ਸਿੰਘ ਨੇ ਵੀ  ਉਨ੍ਹਾਂ ਨੂੰ ਅਜਿਹਾ ਕਰਨ ਬਾਰੇ ਪੁੱਛਿਆ ਕਿ ਤੁਸੀਂ ਡਾਕਟਰ ਨੂੰ ਧਮਕਾਓ ਨਾ ਅਸੀਂ ਖੁਦ ਐਮਰਜੈਂਸੀ ਹੋਣ ਕਰਕੇ ਡਾਕਟਰ ਨੂੰ ਬੁਲਾਇਆ ਹੈ | ਇੰਨੇ ਨੂੰ ਉਹ ਉੱਥੋਂ ਚਲੇ ਗਏ ਅਤੇ ਬਾਅਦ ਵਿਚ ਪਿੰਡ ਦੀ ਸਰਪੰਚ ਨੇ ਵੀ ਉਨ੍ਹਾਂ ਨੂੰ ਫੋਨ ਕਰਕੇ ਡਾਕਟਰ ਨੂੰ ਖੁਦ ਬੁਲਾਉਣ ਬਾਰੇ ਦੱਸਿਆ | ਡਾਕਟਰ ਨੇ ਦੱਸਿਆ ਕਿ ਜਦੋਂ ਉਹ ਘਰ ਚਲੇ ਗਿਆ ਤਾਂ ਸ਼ਾਮ ਨੂੰ ਪ੍ਰੈਸ ਕਲੱਬ ਤੋਂ ਕਮਲ ਅਰੋੜਾ ਦਾ ਫੋਨ ਆਇਆ ਕਿ ਅਤੇ ਉਸਨੇ ਕਿਹਾ ਕਿ ਤੇਰੀ ਖੁੱਲ੍ਹੀ ਦੁਕਾਨ ਦੀਆਂ ਸਾਡੇ ਪ੍ਰੈਸ ਰਿਪੋਰਟਰਾਂ ਨੇ ਫੋਟੋ ਖਿੱਚਿਆ ਹਨ ਅਤੇ ਤੇਰੀ ਐੱਸ.ਐੱਮ.ਓ. ਟਾਂਡਾ ਡਾਕਟਰ ਬਾਲੀ ਕੋਲ ਵੀ ਸ਼ਿਕਾਇਤ ਪੁੱਜੀ ਹੈ ਅਤੇ ਹੁਣ ਤੇਰੇ ਉੱਤੇ ਦੁਕਾਨ ਖੋਲਣ ਦਾ ਪਰਚਾ ਦਰਜ ਹੋਣਾ ਹੈ | ਉਸਨੇ ਹੋਰ ਧਮਕਾਇਆ ਕਿ ਤੇਰੇ 'ਤੇ ਹੁਣ ਪਰਚਾ ਦਰਜ ਹੋਣਾ ਹੈ ਅਤੇ ਸਵੇਰੇ ਅਖਬਾਰ ਵਿਚ ਖਬਰ ਲੱਗਣੀ ਹੈ ਅਤੇ ਐੱਸ .ਐੱਮ.ਓ. ਵੱਲੋ ਵੱਖਰੀ ਕਾਰਵਾਈ ਹੋਣੀ ਹੈ ਅਤੇ 6 ਮਹੀਨੇ ਜਮਾਨਤ ਨਹੀਂ ਹੋਣੀ | ਜਿਸ ਕਰਕੇ ਮੈਂ  ਕਾਫੀ ਡਰ ਗਿਆ ਅਤੇ ਪੱਤਰਕਾਰਾਂ ਦੇ ਦਬਾਅ  ਬਾਰੇ ਆਪਣੇ ਪਿਤਾ ਨਾਲ ਗੱਲ ਕੀਤੀ | ਇਸੇ ਸ਼ਾਮ ਉਸਦਾ ਦੋਸਤ ਵਿਲੀਅਮ ਉਨ੍ਹਾਂ ਦੇ ਘਰ ਆਇਆ ਤੇ ਉਸਨੇ ਕਿਹਾ ਕਿ ਰਵਿੰਦਰ ਅਤੇ ਅਮਿਤ ਨੇ ਉਸਨੂੰ ਜਲਾਲਪੁਰ ਬੁਲਾਇਆ ਹੈ | ਜਦੋ ਉਨ੍ਹਾਂ ਨੇ ਜਲਾਲਪੁਰ ਜਾਕੇ ਦੋਨਾਂ ਅੱਗੇ ਕਾਫੀ ਤਰਲੇ ਪਾਏ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ  ਬੋਸ ਕਮਲ ਅਰੋੜਾ ਨਾਲ ਗੱਲ ਕਰਦੇ ਹਨ | ਕਾਫੀ ਦੇਰ ਗੱਲ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਕਮਲ ਅਰੋੜਾ ਕਹਿੰਦਾ ਹੈ ਕਿ ਘੱਟੋ ਘੱਟ 50 ਹਜ਼ਾਰ ਰੁਪਏ ਲੱਗਣਗੇ | ਉਸਦੇ ਪਿਤਾ ਨੇ ਤਰਲੇ ਕੀਤੇ ਕੇ ਸਾਡੇ ਕੋਲ ਇੰਨੇ ਪੈਸੇ ਨਹੀਂ ਹਨ ਜਿਸਤੇ ਉਨ੍ਹਾਂ ਫਿਰ ਕਮਲ ਅਰੋੜਾ ਨਾਲ ਫੋਨ 'ਤੇ ਗੱਲ ਕੀਤੀ  ਅਤੇ ਸਾਡੀ ਇਨ੍ਹਾਂ ਨਾਲ 30 ਹਜ਼ਾਰ ਰੁਪਏ ਵਿਚ ਗੱਲ ਹੋ ਗਈ ਅਤੇ ਸ਼ਾਮ 6 .30 ਤੋਂ 7 ਵਜੇ ਦੇ ਦਰਮਿਆਨ ਉਕਤ ਤਿੰਨੋ ਮੁਲਜਮਾਂ ਨੇ ਸਰਕਾਰੀ ਸਕੂਲ ਕੋਲ ਬੁਲਾਇਆ |ਉਸਦੇ ਪਿਤਾ ਨੇ 20 ਹਜ਼ਾਰ ਰੁਪਏ ਦਿੱਤੇ ਤਾਂ ਕਮਲ ਅਰੋੜਾ ਨੇ 10 ਹਜ਼ਾਰ ਹੋਰ ਮੰਗਦੇ ਕਿਹਾ ਕਿ ਸਾਡੀ 30 ਹਜ਼ਾਰ ਵਿਚ ਗੱਲ ਹੋਈ ਹੈ ਅਤੇ ਉਹ ਫਿਰ ਖਬਰ ਅਤੇ ਕਾਰਵਾਈ ਦਾ ਡਰਾਵਾ ਦੇਣ ਲੱਗਾ | ਅਗਲੇ ਦਿਨ ਉਸਨੇ ਆਪਣੇ ਚਾਚਾ ਪ੍ਰਕਾਸ਼ ਕੋਲੋਂ ਦਸ ਹਜ਼ਾਰ ਰੁਪਏ ਉਧਾਰ ਲੈਕੇ ਜਲਾਲਪੁਰ ਜਾਕੇ ਰਵਿੰਦਰ ਅਤੇ ਅਮਿਤ ਨੂੰ ਦਿੱਤੇ | ਉਨ੍ਹਾਂ ਕੁੱਲ 30 ਹਜ਼ਾਰ ਲਏ ਜਾਂ ਬਾਅਦ   ਉਸਨੂੰ ਕਿਹਾ ਕਿ ਹੁਣ ਸਾਡੀ ਗੱਲ ਖਤਮ ਹੋ ਗਈ ਹੈ ਅਤੇ ਜੇਕਰ ਉਸਨੇ ਕਿਸੇ ਨਾਲ ਗੱਲ ਕੀਤੀ ਤਾਂ ਉਹ ਐੱਸ.ਐੱਮ.ਓ . ਅਤੇ ਪੁਲਸ ਕੋਲੋਂ ਮੁਕੱਦਮਾ ਦਰਜ ਕਰਵਾ ਦੇਣਗੇ | ਬਾਅਦ ਵਿੱਚ ਜਦੋ ਉਸ ਨਾਲ ਹੋਈ ਠੱਗੀ ਦਾ ਰੌਲਾ ਪਿੰਡ ਵਿੱਚ ਪੈ ਗਿਆ ਤਾਂ ਰਵਿੰਦਰ ਅਤੇ ਅਮਿਤ ਉਸਦੇ ਦੋਸਤ ਵਿਲੀਅਮ ਰਾਹੀਂ ਸੁਨੇਹਾ ਭੇਜਦੇ ਹਨ ਕਿ ਜੇਕਰ ਉਸਨੇ ਕਿਸੇ ਨਾਲ 30 ਹਜ਼ਾਰ ਬਾਰੇ ਗੱਲ ਕੀਤੀ ਤਾਂ ਉਸਦਾ ਹਸ਼ਰ ਬੁਰਾ ਹੋਵੇਗਾ | ਹੁਣ ਜਦੋ ਕਰਫਿਊ ਵਿਚ ਢਿੱਲ ਮਿਲੀ ਹੈ ਤਾਂ ਪੈਸਿਆਂ ਦੀ ਕਮੀ ਨਾਲ ਜੂਝਦੇ ਹੋਏ  ਉਸਨੇ ਟਾਂਡਾ ਪੁਲਸ ਕੋਲ ਇਸ ਬਾਰੇ ਸ਼ਿਕਾਇਤ ਕੀਤੀ ਕਿ ਉਸਦੇ ਪੈਸੇ ਵਾਪਸ ਕਰਵਾਏ ਜਾਣ ਅਤੇ ਤਿੰਨਾਂ ਖਿਲਾਫ ਕਾਰਵਾਈ ਕੀਤੀ ਜਾਵੇ | ਪੁਲਸ ਨੇ ਬੀਤੀ ਰਾਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਐੱਸ.ਆਈ. ਸਾਹਿਲ ਚੋਧਰੀ ਮਾਮਲੇ ਦੀ ਜਾਂਚ ਕਰ ਰਹੇ ਹਨ | 


Harinder Kaur

Content Editor

Related News