ਮਾਮਲਾ ਗੈਂਗਸਟਰ ਸੁੱਖਾ ਦੁੱਨੇਕੇ ਦਾ ਪਾਸਪੋਰਟ ਬਣਾਉਣ ਵੇਲੇ ਜਾਂਚ ਨਾ ਕਰਨ ਦਾ, 2 ਪੁਲਸ ਮੁਲਾਜ਼ਮਾਂ ’ਤੇ ਮਾਮਲਾ ਦਰਜ

06/25/2022 9:42:18 PM

ਮੋਗਾ (ਆਜ਼ਾਦ)-ਮੋਗਾ ਪੁਲਸ ਵਲੋਂ ਦੁੱਨੇਕੇ ਨਿਵਾਸੀ ਗੈਂਗਸਟਰ ਸੁਖਦੂਲ ਸਿੰਘ ਉਰਫ ਸੁੱਖਾ ਦੁੱਨੇਕੇ ਦਾ ਪਾਸਪੋਰਟ ਬਣਾਉਣ ਦੇ ਮਾਮਲੇ ’ਚ 2 ਪੁਲਸ ਮੁਲਾਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਐਡੀਸ਼ਨਲ ਡਾਇਰੈਕਟਰ ਆਫ ਪੁਲਸ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਜ਼ਿਲਾ ਪੁਲਸ ਮੁਖੀ ਮੋਗਾ ਨੂੰ 11 ਜੂਨ 2022 ਨੂੰ ਸ਼ਿਕਾਇਤ ਪੱਤਰ ਭੇਜਿਆ ਗਿਆ ਸੀ, ਜਿਸ ਵਿਚ ਉਨ੍ਹਾਂ ਸਰਦੂਲ ਸਿੰਘ ਉਰਫ ਸੁੱਖਾ ਦੁੱਨੇਕੇ ਦੇ ਦੁਬਾਰਾ ਪਾਸਪੋਰਟ ਬਣਾਉਣ ਦੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਸੀ, ਜਿਸ ’ਤੇ ਪੁਲਸ ਪਾਰਟੀ ਵੱਲੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਸੁਖਦੂਲ ਸਿੰਘ ਨੇ ਨਵੰਬਰ 2017 ਵਿਚ ਆਪਣਾ ਪਾਸਪੋਰਟ ਦੁਬਾਰਾ ਬਣਾਉਣ ਲਈ ਫਾਈਲ ਤਿਆਰ ਕਰਵਾਈ ਸੀ, ਜਿਸ ਨੂੰ ਜਾਂਚ ਲਈ ਸਾਂਝ ਕੇਂਦਰ ਥਾਣਾ ਸਦਰ ਮੋਗਾ ਕੋਲ ਭੇਜਿਆ ਗਿਆ ਸੀ।

ਇਹ ਵੀ ਪੜ੍ਹੋ : ਭਵਾਨੀਗੜ੍ਹ ’ਚ ਵਾਪਰਿਆ ਰੂਹ-ਕੰਬਾਊ ਹਾਦਸਾ, ਕਾਰ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੀ ਔਰਤ

ਉਸ ਸਮੇਂ ਸਾਂਝ ਕੇਂਦਰ ਦੇ ਹੌਲਦਾਰ ਪ੍ਰਭਦਿਆਲ ਤਾਇਨਾਤ ਸਨ, ਜਿਨ੍ਹਾਂ ਨੇ ਸੁਖਦੂਲ ਸਿੰਘ ਦੇ ਪਾਸਪੋਰਟ ਦੀ ਫਾਈਲ ਜਾਂਚ ਕਰਨ ਸਮੇਂ ਡੂੰਘਾਈ ਨਾਲ ਪੜਤਾਲ ਨਹੀਂ ਕੀਤੀ ਅਤੇ ਨਾ ਹੀ ਕਿਸੇ ਜ਼ਿੰਮੇਵਾਰ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਅਤੇ ਪੁਲਸ ਵੈਰੀਫਿਕੇਸ਼ਨ ਕਰ ਕੇ ਭੇਜ ਦਿੱਤੀ। ਉਸ ਸਮੇਂ ਥਾਣਾ ਸਦਰ ਮੋਗਾ ਦੇ ਮੁੱਖ ਮੁਨਸ਼ੀ ਗੁਰਵਿੰਦਰ ਸਿੰਘ ਵੱਲੋਂ ਸੁਖਦੂਲ ਸਿੰਘ ਦੇ ਖਿਲਾਫ ਦਰਜ ਹੋਏ 7 ਮਾਮਲਿਆਂ ਦਾ ਜ਼ਿਕਰ ਨਾ ਕਰ ਕੇ ਪੰਜ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਅਤੇ ਗਲਤ ਰਿਪੋਰਟ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਭੇਜ ਦਿੱਤੀ ਗਈ, ਜਿਸ ਉਪਰੰਤ ਉਸਦਾ ਪਾਸਪੋਰਟ ਬਣ ਗਿਆ ਅਤੇ ਉਹ ਵਿਦੇਸ਼ ਚਲਾ ਗਿਆ। ਜਾਂਚ ਦੇ ਬਾਅਦ ਦੋਵਾਂ ਪੁਲਸ ਮੁਲਾਜ਼ਮਾਂ ਹੌਲਦਾਰ ਪ੍ਰਭਦਿਆਲ ਸਿੰਘ ਅਤੇ ਹੌਲਦਾਰ ਗੁਰਵਿੰਦਰ ਸਿੰਘ ਨੂੰ ਦੋਸ਼ੀ ਪਾਇਆ ਗਿਆ, ਉਕਤ ਮਾਮਲੇ ਵਿਚ ਕਾਨੂੰਨੀ ਰਾਇ ਹਾਸਲ ਕਰਨ ਦੇ ਬਾਅਦ ਦੋਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। 


Manoj

Content Editor

Related News