ਮਾਮਲਾ ਰਿਜ਼ਨਲ ਸੈਂਟਰ ਕਾਉਣੀ ਪਿੰਡ ''ਚ ਤਬਦੀਲ ਕਰਨ ਦਾ, ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ

11/22/2017 5:41:43 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਰਿਜ਼ਨਲ ਸੈਂਟਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਬਦਲ ਕੇ ਕਾਉਣੀ ਪਿੰਡ 'ਚ ਤਬਦੀਲ ਕਰਨ ਖਿਲਾਫ਼ ਅਤੇ ਰਿਜਨਰਲ ਸੈਂਟਰ ਨੂੰ ਸਰਕਾਰੀ ਕਾਲਜ ਦੀ ਥਾਂ 'ਤੇ ਅਲਾਟ ਕਰਵਾਉਣ ਲਈ ਏ. ਡੀ. ਸੀ. ਰਾਜਪਾਲ ਨੂੰ ਮੰਗ ਪੱਤਰ ਸੌਂਪਿਆ। ਜਾਣਕਾਰੀ ਦਿੰਦਿਆ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲਾ ਆਗੂ ਧੀਰਜ ਰੁਪਾਣਾ ਨੇ ਕਿਹਾ ਕਿ ਮੁਕਤਸਰ ਵਿਖੇ ਪੰਜਾਬ ਯੂਨੀਵਰਸਿਟੀ ਦਾ ਰਿਜਨਲ ਸੈਂਟਰ ਪਿਛਲੇ ਕਰੀਬ 18 ਸਾਲਾਂ ਤੋਂ ਚੱਲ ਰਿਹਾ ਹੈ। ਇਸ ਸੈਂਟਰ 'ਚ ਜਲਾਲਾਬਾਦ, ਗੁਰੂਹਰਸਹਾਏ, ਕੋਟਕਪੂਰਾ, ਅਬੋਹਰ, ਮਲੋਟ, ਫਾਜ਼ਿਲਕਾ ਆਦਿ ਸ਼ਹਿਰਾਂ ਅਤੇ ਆਸ ਪਾਸ ਦੇ ਪਿੰਡਾਂ ਤੋਂ ਵਿਦਿਆਰਥੀ ਪੜਨ ਆਉਂਦੇ ਹਨ ਪਰ ਹੁਣ ਇਹ ਸੈਂਟਰ ਪਿੰਡ ਕਾਉਣੀ ਜੋ ਮੁਕਤਸਰ ਤੋਂ 20 ਕਿਲੋਮੀਟਰ ਦੂਰ ਹੈ, ਵਿਖੇ ਤਬਦੀਲ ਕੀਤਾ ਜਾ ਰਿਹਾ ਹੈ। ਪਿੰਡ ਕਾਉਣੀ ਜਾਣ ਵਾਸਤੇ ਵਿਦਿਆਰਥੀਆਂ ਨੂੰ ਪਹਿਲਾ ਮੁਕਤਸਰ ਆਉਣਾ ਪਵੇਗਾ ਫਿਰ ਪਿੰਡ ਦੋਦਾ ਜਾਣਾ ਪਵੇਗਾ ਉਸ ਤੋਂ ਬਾਅਦ ਕਾਉਣੀ ਜਾਣਾ ਪਵੇਗਾ। ਇਸ ਰੂਟ 'ਤੇ ਕੋਈ ਸਿੱਧੀ ਬੱਸ ਸਰਵਿਸ ਨਹੀਂ ਹੈ। ਨੌਜਵਾਨ ਭਾਰਤ ਸਭਾ ਦੇ ਆਗੂ ਮੰਗਾ ਆਜ਼ਾਦ ਨੇ ਕਿਹਾ ਕਿ ਰਿਜ਼ਨਲ ਸੈਂਟਰ 'ਚ ਪੰਜਾਬ ਤੋਂ ਬਾਹਰ ਦੇ ਵਿਦਿਆਰਥੀ ਵੀ ਆਉਂਦੇ ਹਨ, ਕਾਉਣੀ ਪਿੰਡ 'ਚ Àਨ੍ਹਾਂ ਦੀ ਰਿਹਾਇਸ਼ ਦਾ ਕੋਈ ਪ੍ਰਬੰਧ ਨਹੀਂ, ਕੋਈ ਬਜ਼ਾਰ ਨਹੀਂ ਹੈ। ਪਹਿਲਾ ਉਥੇ ਹੋਮ ਸਾਇੰਸ ਕਾਲਜ ਚੱਲਦਾ ਸੀ ਪਰ ਵਿਦਿਆਰਥੀ ਨਾ ਜਾਣ ਕਰਕੇ ਉਹ ਫੇਲ•ਹੋ ਗਿਆ। ਹੁਣ ਇਥੇ ਰੂਰਲ ਸੈਂਟਰ ਚੱਲ ਰਿਹਾ ਹੈ ਪਰ ਉੱਥੇ ਵੀ ਘੱਟ ਵਿਦਿਆਰਥੀ ਹਨ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਸੈਂਟਰ ਇਥੋਂ ਤਬਦੀਲ ਕਰਕੇ ਕਾਉਣੀ ਲਿਜਾਇਆ ਗਿਆ ਤਾਂ ਉਸ ਖਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਮਨਪ੍ਰੀਤ ਸਿੰਘ, ਗੁਰਤੇਜ ਸਿੰਘ, ਸਿੱਖ ਵਿਰਸਾ ਕੌਂਸਲ ਦੇ ਪੂਰਵਨੀਤ ਸਿੰਘ ਆਦਿ ਹਾਜ਼ਰ ਸਨ।


Related News