ਫਗਵਾੜਾ ਖੰਡ ਮਿੱਲ ਦੇ ਭਵਿੱਖ ਨੂੰ ਲੈ ਕੇ ਮਾਮਲਾ ਅਜੇ ਵੀ ਬਣਿਆ ਬੁਝਾਰਤ, ਕਿਸਾਨਾਂ ਨੇ ਕੀਤਾ ਇਹ ਫ਼ੈਸਲਾ

Sunday, Oct 02, 2022 - 05:04 AM (IST)

ਫਗਵਾੜਾ ਖੰਡ ਮਿੱਲ ਦੇ ਭਵਿੱਖ ਨੂੰ ਲੈ ਕੇ ਮਾਮਲਾ ਅਜੇ ਵੀ ਬਣਿਆ ਬੁਝਾਰਤ, ਕਿਸਾਨਾਂ ਨੇ ਕੀਤਾ ਇਹ ਫ਼ੈਸਲਾ

ਫਗਵਾੜਾ (ਜਲੋਟਾ) : ਫਗਵਾੜਾ ਖੰਡ ਮਿੱਲ ਦੇ ਭਵਿੱਖ ਨੂੰ ਲੈ ਕੇ ਜਿੱਥੇ ਮਾਮਲਾ ਅਜੇ ਵੀ ਵੱਡੀ ਬੁਝਾਰਤ ਬਣਿਆ ਹੋਇਆ ਹੈ, ਉਥੇ ਹਾਲੇ ਤੱਕ ਇਹ ਕਿਸੇ ਨੂੰ ਨਹੀਂ ਪਤਾ ਹੈ ਕਿ ਮਿੱਲ ਨੂੰ ਚਲਾਉਣ ਲਈ ਹਰ ਸਾਲ ਲਾਜ਼ਮੀ ਮੰਨੀ ਜਾਣ ਵਾਲੀ ਮਿੱਲ ਦੀ ਰਿਪੇਅਰ ਕਦੋਂ ਸ਼ੁਰੂ ਹੋਵੇਗੀ। ਜਾਣਕਾਰਾਂ ਮੁਤਾਬਕ ਗੰਨੇ ਦੀ ਪਿੜਾਈ ਹੋਣ ਤੋਂ ਪਹਿਲਾਂ ਕਿਸੇ ਵੀ ਖੰਡ ਮਿੱਲ ਦੀ ਮਸ਼ੀਨਰੀ ਦੀ ਰਿਪੇਅਰ ਨੂੰ ਘੱਟੋ-ਘੱਟ 2 ਮਹੀਨਿਆਂ ਦਾ ਸਮਾਂ ਚਾਹੀਦਾ ਹੈ ਪਰ ਵੱਡੀ ਗੱਲ ਇਹ ਹੈ ਕਿ ਫਗਵਾੜਾ ’ਚ ਨਾ ਤਾਂ ਪੰਜਾਬ ਸਰਕਾਰ ਵੱਲੋਂ ਅਤੇ ਨਾ ਹੀ ਕਿਸੇ ਪ੍ਰਾਈਵੇਟ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਸਥਾਨਕ ਖੰਡ ਮਿੱਲ ਦੀ ਮਸ਼ੀਨਰੀ ਦੀ ਰਿਪੇਅਰ ਨੂੰ ਚਾਲੂ ਕੀਤਾ ਗਿਆ ਹੈ ਤੇ ਨਾ ਹੀ ਇੰਝ ਹੁੰਦਾ ਦੂਰ-ਦੂਰ ਤੱਕ ਦਿਖ ਰਿਹਾ ਹੈ।

ਇਹ ਵੀ ਪੜ੍ਹੋ : ਸਾਥੀ ਗੈਂਗਸਟਰ ਦਾ ਘਰ ਤੋੜਨ ’ਤੇ ਬੰਬੀਹਾ ਗੈਂਗ ਨੇ ਹਰਿਆਣਾ ਸਰਕਾਰ ਤੇ ਪੁਲਸ ਨੂੰ ਦਿੱਤੀ ਇਹ ਧਮਕੀ

ਬਣੇ ਹੋਏ ਬੇਹੱਦ ਗੁੰਝਲਦਾਰ ਹਾਲਾਤ ਨੂੰ ਲੈ ਕੇ ਗੰਨਾ ਕਿਸਾਨ ਡੂੰਘੀ ਚਿੰਤਾ 'ਚ ਹਨ ਕਿਉਂਕਿ ਫਗਵਾੜਾ ਸਮੇਤ ਆਸ-ਪਾਸ ਦੇ ਇਲਾਕਿਆਂ ’ਚ ਕਰੀਬ 200 ਕਰੋੜ ਰੁਪਏ ਦੇ ਗੰਨੇ ਦੀ ਫਸਲ ਖੇਤਾਂ ’ਚ ਲਗਭਗ ਤਿਆਰ ਖਡ਼੍ਹੀ ਹੈ। ਕਿਸਾਨ ਸਵਾਲ ਕਰ ਰਿਹਾ ਹੈ ਕਿ ਉਸ ਦੇ ਖੇਤਾਂ ’ਚ ਖੜ੍ਹੀ ਗੰਨੇ ਦੀ ਫਸਲ ਨੂੰ ਲੈ ਕੇ ਉਹ ਫਗਵਾੜਾ ਦੀ ਖੰਡ ਮਿੱਲ ਕਦੋਂ ਆਉਣ? ਉਧਰ ਇਸ ਗੰਭੀਰ ਮਸਲੇ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਸਾਫ਼ ਸ਼ਬਦਾਂ ’ਚ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਮਾਮਲੇ ਨੂੰ ਲੈ ਕੇ ਵੱਟੀ ਹੋਈ ਚੁੱਪ ਨਾ ਤੋੜੀ ਅਤੇ ਫ਼ਗਵਾੜਾ ਖੰਡ ਮਿੱਲ ਨੂੰ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਮੰਗ ਮੁਤਾਬਕ 3 ਅਕਤੂਬਰ ਤੱਕ ਚਾਲੂ ਕਰਨ ਸਬੰਧੀ ਅਤੇ ਮਿੱਲ ਦੀ ਮਸ਼ੀਨਰੀ ਦੀ ਰਿਪੇਅਰ ਨੂੰ ਲੈ ਕੇ ਕੁਝ ਨਹੀਂ ਕੀਤਾ ਤਾਂ ਸਮੂਹ ਕਿਸਾਨ ਫਗਵਾੜਾ ’ਚ ਸਾਥੀ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ 4 ਅਕਤੂਬਰ ਨੂੰ ਵੱਡੀ ਮੀਟਿੰਗ ਕਰਨਗੇ, ਜਿਸ ਵਿਚ ਅਹਿਮ ਫ਼ੈਸਲੇ ਲਏ ਜਾਣਗੇ।

PunjabKesari

ਇਹ ਵੀ ਪੜ੍ਹੋ : ਤਰਨਤਾਰਨ ਪੁਲਸ ਨੇ ਗੈਂਗਸਟਰ ਲਖਬੀਰ ਲੰਡਾ ਤੇ ਲੱਖਾ ਸਿਧਾਣਾ ਸਮੇਤ 11 ਖ਼ਿਲਾਫ਼ ਕੀਤਾ ਕੇਸ ਦਰਜ, ਜਾਣੋ ਮਾਮਲਾ

ਮਨਜੀਤ ਸਿੰਘ ਰਾਏ ਨੇ ਇਹ ਵੀ ਸਾਫ਼ ਕੀਤਾ ਹੈ ਕਿ ਗੰਨਾ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜੇਕਰ ਕਿਸਾਨ ਭਰਾਵਾਂ ਨੂੰ ਮੁੜ ਫਗਵਾੜਾ ਦੇ ਕੌਮੀ ਰਾਜਮਾਰਗ ਨੰਬਰ ਇਕ ਸਮੇਤ ਇਥੋਂ ਦੇ ਰੇਲਵੇ ਟ੍ਰੈਕ ਸਮੇਤ ਪੰਜਾਬ ਅੰਦਰ ਮੋਰਚੇ ਵੀ ਲਾਉਣੇ ਪਏ ਤਾਂ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਪੰਜਾਬ ਸਰਕਾਰ ਨੂੰ 3 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ ਕਿ ਉਹ ਫਗਵਾੜਾ ਖੰਡ ਮਿੱਲ ਨੂੰ ਲੈ ਕੇ ਆਪਣਾ ਫ਼ੈਸਲਾ ਦੱਸੇ। ਇਸੇ ਤਰ੍ਹਾਂ ਫਗਵਾੜਾ ਖੰਡ ਮਿੱਲ ਦੇ ਮੁਲਾਜ਼ਮਾਂ ਵੱਲੋਂ ਸ਼ਨੀਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਮਿੱਲ ਦੇ ਗੇਟ ਦੇ ਬਾਹਰ ਨਾਅਰੇਬਾਜ਼ੀ ਕਰ ਮੰਗ ਕੀਤੀ ਗਈ ਕਿ ਸਰਕਾਰ ਜਲਦ ਤੋਂ ਜਲਦ ਮਿੱਲ ਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਬਣਦੀ ਤਨਖਾਹ ਦਿਵਾਏ, ਜੋ ਕਿ ਬੀਤੇ ਕੁਝ ਸਮੇਂ ਤੋਂ ਰੋਕੀ ਹੋਈ ਹੈ। ਖੰਡ ਮਿੱਲ ਦੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਰੋਸ ਰੈਲੀ ਜਿਸ ਦੀ ਅਗਵਾਈ ਸ਼ੂਗਰ ਮਿੱਲ ਲੇਬਰ ਯੂਨੀਅਨ ਰਜਿਸਟਰਡ ਦੇ ਪ੍ਰਧਾਨ ਸੁਰਿੰਦਰ ਕੁਮਾਰ ਤੇ ਡਿਪਟੀ ਜਨਰਲ ਸੈਕਟਰੀ ਸੁਖਦੇਵ ਸਿੰਘ ਨੇ ਕੀਤੀ, ’ਚ ਭਾਰਤੀ ਮਜ਼ਦੂਰ ਸੰਗ ਦੇ ਸੰਗਠਨ ਮੰਤਰੀ ਰਾਜ ਨਰਾਇਣ ਯਾਦਵ ਖਾਸ ਤੌਰ 'ਤੇ ਮੌਜੂਦ ਰਹੇ।

ਇਹ ਵੀ ਪੜ੍ਹੋ : 6 ਮਹੀਨਿਆਂ ਦੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਰਚਿਆ ‘ਆਪ੍ਰੇਸ਼ਨ ਲੋਟਸ’ ਦਾ ਝੂਠਾ ਡਰਾਮਾ : ਕੇਵਲ ਸਿੰਘ ਢਿੱਲੋਂ

ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਜੂਨ ਅਤੇ ਜੁਲਾਈ ਦੀ ਅੱਧੀ ਤਨਖ਼ਾਹ ਹੀ ਮਿਲੀ ਹੈ, ਜਦਕਿ ਅਗਸਤ ਤੇ ਸਤੰਬਰ ਦੀ ਕੋਈ ਤਨਖ਼ਾਹ ਨਹੀਂ ਦਿੱਤੀ ਗਈ। ਇਨ੍ਹਾਂ ਹਾਲਾਤ ’ਚ ਉਨ੍ਹਾਂ ਵੱਲੋਂ ਆਪਣੇ ਘਰਾਂ ਨੂੰ ਚਲਾਉਣਾ ਬਹੁਤ ਔਖਾ ਹੋ ਗਿਆ ਹੈ ਤੇ ਉਹ ਆਪਣੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਪਾ ਰਹੇ।

ਮਿੱਲ ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਬਹੁਤ ਜਲਦ ਮਿਲੇਗੀ ਤਨਖ਼ਾਹ : ਸੁਖਬੀਰ ਸੰਧਰ

PunjabKesari

ਗੋਲਡਨ ਸੰਧਰ ਸ਼ੂਗਰ ਮਿੱਲ ਲਿਮਟਿਡ ਦੇ ਚੇਅਰਮੈਨ ਸੁਖਬੀਰ ਸਿੰਘ ਸੰਧਰ ਨੇ ਇੰਗਲੈਂਡ ਤੋਂ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਵੱਲੋਂ ਮਿੱਲ ਦੇ ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਲਈ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿੱਲ ਦੇ ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਬਹੁਤ ਜਲਦ ਤਨਖਾਹ ਮਿਲ ਜਾਵੇਗੀ। ਸੰਧਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਮੰਗ ਮੁਤਾਬਕ ਫ਼ੈਸਲਾ ਲੈਣਾ ਚਾਹੀਦਾ ਹੈ। ਫਗਵਾੜਾ ਖੰਡ ਮਿੱਲ ਦੇ ਜੋ ਅੱਜ ਹਾਲਾਤ ਬਣੇ ਹਨ, ਉਸ ਲਈ ਪੰਜਾਬ ਦੀ ਵੱਡੀ ਅਫਸਰਸ਼ਾਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਅਜੇ ਵੀ ਜੇਕਰ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਉਨ੍ਹਾਂ ਨਾਲ ਸਹਿਯੋਗ ਕਰਦੀ ਹੈ ਤਾਂ ਉਹ ਖੰਡ ਮਿੱਲ ਨੂੰ ਸਮੇਂ ਸਿਰ ਚਲਾਉਣ ਲਈ ਹਰ ਪੱਖੋਂ ਉਪਰਾਲਾ ਕਰਨ ਲਈ ਤਿਆਰ ਹਨ।

ਇਹ ਵੀ ਪੜ੍ਹੋ : ਦਿੱਲੀ: AC 'ਚ ਧਮਾਕੇ ਮਗਰੋਂ ਘਰ 'ਚ ਲੱਗੀ ਅੱਗ, ਪੰਜਾਬ ਤੋਂ ਪੁੱਤਰ ਨੂੰ ਮਿਲਣ ਆਏ ਬਜ਼ੁਰਗ ਜੋੜੇ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News