''ਰੈਫਰੈਂਡਮ 2020'' ਦੇ ਹੋਰਡਿੰਗਾਂ ਦਾ ਮਾਮਲਾ : SFJ ਦੇ ਕਾਨੂੰਨੀ ਸਲਾਹਕਾਰ ਤੇ 4 ਹੋਰਾਂ ਖਿਲਾਫ ਦੇਸ਼ ਧਰੋਹ ਦਾ ਮਾਮਲਾ ਦਰਜ

07/06/2017 9:36:24 PM

ਚੰਡੀਗੜ੍ਹ— ਪੰਜਾਬ ਦੇ ਕਈ ਵਰਗਾਂ ਵਲੋਂ ਸੂਬੇ ਦਾ ਮਾਹੌਲ ਖਰਾਬ ਕਰਨ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਮੁੱਖ ਮੰਤਰੀ ਵਲੋਂ ਗੈਰ ਸਮਾਜੀ ਤੱਤਾਂ ਵਿਰੁੱਧ ਸਖ਼ਤੀ ਵਰਤਣ ਦੇ ਆਦੇਸ਼ ਤੋਂ ਬਾਅਦ ਪੰਜਾਬ ਪੁਲਸ ਵਲੋਂ ਅੱਜ ਅਮਰੀਕਾ ਵਾਸੀ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਸਮੇਤ 2 ਭਾਰਤੀ ਬਾਸ਼ਿੰਦਿਆਂ ਵਿਰੁੱਧ ਦੇਸ਼ਧਰੋਹ ਅਤੇ ਸਮਾਜ ਵਿੱਚ ਨਫਰਤ ਪੈਦਾ ਕਰਨ ਤੇ ਸਾਜਿਸ਼ ਰਚਨ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਮੁੱਖ ਮੰਤਰੀ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ ਵਲੋਂ ਪੁਲਸ ਨੂੰ ਇਹ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਿੱਖਸ ਫਾਰ ਜਸਟਿਸ ਸਮੇਤ ਕੋਈ ਵੀ ਹੋਰ ਗੈਰ ਸਮਾਜੀ ਜੱਥੇਬੰਦੀ ਲੋਕਾਂ ਦੀਆਂ ਫਿਰਕੂ ਭਾਵਨਾਵਾਂ ਨਾ ਭੜਕਾ ਸਕੇ, ਜਿਸਦਾ ਲਾਭ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਲੈ ਸਕਦੀ ਹੈ। ਮੁੱਖ ਮੰਤਰੀ ਵਲੋਂ ਪੁਲਸ ਨੂੰ ਇਹ ਆਦੇਸ਼ ਸੂਬੇ ਵਿਚ ਬੀਤੇ ਦਿਨੀਂ ਵੱਖ-ਵੱਖ 40 ਥਾਵਾਂ 'ਤੇ ਭੜਕਾਹਟ ਪੈਦਾ ਕਰਨ ਵਾਲੇ ਲੱਗੇ ਵੱਖਵਾਦੀ ਵਿਚਾਰਾਂ ਵਾਲੇ ਹੋਰਡਿੰਗਾਂ ਦੇ ਸਬੰਧ ਵਿਚ ਦਿੱਤਾ ਗਿਆ ਹੈ। ਪੁਲਸ ਦੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ 'ਪੰਜਾਬ ਇੰਡੀਪੈਂਡੈਸ ਰੈਫਰੈਂਡਮ 2020' ਸਿਰਲੇਖ ਤਹਿਤ ਜੋ ਮੁਹਿੰਮ ਚਲਾਈ ਜਾ ਰਹੀ ਹੈ ਉਸਨੂੰ ਬਾਬਾ ਹਨੂੰਮਾਨ ਸਿੰਘ ਐਟਰਪ੍ਰਾਇਜਿਜ਼ ਏਜੰਸੀ ਵੱਲੋਂ ਚਲਾਇਆ ਜਾ ਰਿਹਾ ਹੈ ਜਿਸਨੂੰ ਕਿ ਨਿਊ ਯਾਰਕ ਤੋਂ ਐਸ.ਜੇ.ਐਫ. ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਰਾਹੀਂ ਕੰਮ ਸੌਂਪਿਆ ਗਿਆ ਹੈ।
ਪੰਨੂ ਤੋਂ ਇਲਾਵਾ ਜਿਨ੍ਹਾਂ ਹੋਰਨਾਂ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੀ ਪਛਾਣ ਜਗਦੀਪ ਸਿੰਘ ਉਰਫ ਬਾਬਾ ਜੱਗ ਸਿੰਘ ਜੋ ਕਿ ਮੂਲ ਰੂਪ ਵਿਚ ਫਤਿਹਗੜ੍ਹ ਸਾਹਿਬ ਦਾ ਵਸਨੀਕ ਹੈ ਅਤੇ ਮੌਜੂਦਾ ਸਮੇਂ ਨਿਊਯਾਰਕ ਵਿਖੇ ਰਹਿ ਰਿਹਾ ਹੈ। ਇਸ ਤੋਂ ਇਲਾਵਾ ਜਗਜੀਤ ਸਿੰਘ ਜੋ ਕਿ ਮੂਲ ਰੂਪ ਵਿਚ ਜੰਮੂ-ਕਸ਼ਮੀਰ ਨਾਲ ਸਬੰਧ ਰੱਖਦਾ ਹੈ ਅਤੇ ਹੁਣ ਨਿਊਯਾਰਕ ਵਿਖੇ ਰਹਿ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਜਿਨ੍ਹਾਂ ਦੋ ਭਾਰਤੀ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਵਿਚ ਗੁਰਪੀ੍ਰਤ ਸਿੰਘ, ਡੀ.-39, ਫੇਜ਼-5, ਇੰਡਸਟਰੀਅਲ ਏਰੀਆ, ਮੁਹਾਲੀ ਅਤੇ ਹਰਪੁਨੀਤ ਸਿੰਘ ਵਾਸੀ ਨਾਨਕ ਨਗਰ, ਜੰਮੂ (ਜੰਮੂ-ਕਸ਼ਮੀਰ) ਦਾ ਨਾਂ ਸ਼ਾਮਲ ਹੈ। ਇਨ੍ਹਾਂ ਪੰਜਾਂ ਵਿਰੁੱਧ ਦੁਸ਼ਮਣੀ ਦੀ ਭਾਵਨਾ ਨੂੰ ਹੁਲਾਰਾ ਦੇਣ, ਵੱਖ-ਵੱਖ ਗਰੁੱਪਾਂ ਵਿਚ ਨਫਰਤ ਪੈਦਾ ਕਰਕੇ ਸਮਾਜ ਵਿਚ ਫਿਰਕੂ ਸਦਭਾਵ ਨੂੰ ਅਸਥਿਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵਲੋਂ ਇਨ੍ਹਾਂ ਵਿਅਕਤੀਆਂ ਵਿਰੁੱਧ ਦਾਇਰ ਐਫ.ਆਈ.ਆਰ. ਵਿਚ ਇਹ ਦਰਜ ਕੀਤਾ ਗਿਆ ਹੈ ਕਿ ਇਨ੍ਹਾਂ ਦੇ ਕਾਰਨਾਮਿਆਂ ਕਾਰਨ ਸਮਾਜਿਕ ਮਾਹੌਲ ਵਿਗੜਿਆ ਹੈ ਅਤੇ ਹੋਰ ਵਿਗੜਣ ਦੀ ਸੰਭਾਵਨਾ ਹੈ, ਜਿਸ ਕਾਰਨ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਣ ਦੀ ਸੰਭਾਵਨਾ ਵਧ ਗਈ ਹੈ। ਇਸ ਮਾਮਲੇ ਦੀ ਵਧੇਰੇ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਐਸ.ਜੇ.ਐਫ. ਜਿਸਨੂੰ ਕਿ ਖਾਲਿਸਤਾਨੀ ਵੱਖਵਾਦੀਆਂ ਦਾ ਸਮਰਥਣ ਹਾਸਿਲ ਹੈ, ਦੇ ਵਿੱਤੀ ਸੋਮਿਆਂ ਅਤੇ ਦੇਸ਼ ਤੇ ਵਿਦੇਸ਼ ਵੱਸਦੇ ਹੋਰਨਾਂ ਲੋਕਾਂ ਨਾਲ ਸਬੰਧਾਂ ਦਾ ਪਤਾ ਲਾਇਆ ਜਾ ਸਕੇ।


Related News