ਨਹਿਰ ''ਚ ਡੁੱਬਣ ਕਾਰਨ ਭੈਣ-ਭਰਾਵਾਂ ਦੀ ਮੌਤ ਦਾ ਮਾਮਲਾ : ਬੱਚਿਆਂ ਦੀਆਂ ਲਾਸ਼ਾਂ ਸੜਕ ''ਤੇ ਰੱਖ ਲਾਇਆ ਧਰਨਾ

Wednesday, May 27, 2026 - 12:22 PM (IST)

ਨਹਿਰ ''ਚ ਡੁੱਬਣ ਕਾਰਨ ਭੈਣ-ਭਰਾਵਾਂ ਦੀ ਮੌਤ ਦਾ ਮਾਮਲਾ : ਬੱਚਿਆਂ ਦੀਆਂ ਲਾਸ਼ਾਂ ਸੜਕ ''ਤੇ ਰੱਖ ਲਾਇਆ ਧਰਨਾ

ਮੋਹਾਲੀ (ਜਸਬੀਰ ਜੱਸੀ) : ਰਾਜਪੁਰਾ ਨੇੜੇ ਪਿੰਡ ਮੰਡੌਲੀ-ਕੋਹਲੇ ਮਾਜਰਾ ਕੋਲ ਐਤਵਾਰ ਨੂੰ ਭਾਖੜਾ ਨਹਿਰ 'ਚ ਡੁੱਬਣ ਨਾਲ ਮਾਰੇ ਗਏ ਤਿੰਨ ਸਕੇ ਭੈਣ-ਭਰਾਵਾਂ ਦੀਆਂ ਲਾਸ਼ਾਂ ਨੂੰ ਲਾਂਡਰਾਂ-ਸਨੇਟਾ ਕੌਮੀ ਮਾਰਗ 'ਤੇ ਪੈਂਦੇ ਪਿੰਡ ਭਾਗੋਮਾਜਰਾ ਵਿਖੇ ਸੜਕ 'ਤੇ ਰੱਖ ਕੇ ਪਿੰਡ ਮੌਜਪੁਰ ਦੇ ਵਸਨੀਕਾਂ ਵੱਲੋਂ ਸੋਮਵਾਰ ਦੁਪਹਿਰ ਦੋ ਵਜੇ ਤੋਂ ਲਗਾਇਆ ਹੋਇਆ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਧਰਨੇ 'ਚ ਵੱਡੀ ਗਿਣਤੀ 'ਚ ਪਿੰਡ ਮੌਜਪੁਰ ਦੇ ਵਸਨੀਕਾਂ ਤੋਂ ਇਲਾਵਾ ਮ੍ਰਿਤਕ ਦੇ ਦਾਦਾ-ਦਾਦੀ ਅਤੇ ਹੋਰ ਰਿਸ਼ਤੇਦਾਰ ਵੀ ਮੌਜੂਦ ਹਨ। ਧਰਨੇ ਕਾਰਨ ਸੜਕ ਦੀ ਆਵਾਜਾਈ ਬੰਦ ਹੈ ਅਤੇ ਪੁਲਸ ਵੱਲੋਂ ਆਵਾਜਾਈ ਨੂੰ ਦੂਜੀਆਂ ਸੜਕਾਂ 'ਤੇ ਮੋੜ ਦਿੱਤਾ ਗਿਆ ਹੈ। ਧਰਨਾਕਾਰੀਆਂ ਦੀ ਮੰਗ 'ਤੇ ਸੋਹਾਣਾ ਪੁਲਸ ਵੱਲੋਂ ਖ਼ੁਦ ਕੁੱਝ ਪਤਵੰਤਿਆਂ ਨੂੰ ਨਾਲ ਲਿਜਾ ਕੇ ਗੰਡਾਖੇੜੀ ਪੁਲਸ ਥਾਣੇ 'ਚ ਮ੍ਰਿਤਕ ਬੱਚਿਆਂ ਦੇ ਮਾਂ ਅਤੇ ਬਾਪ ਖ਼ਿਲਾਫ਼ ਬੱਚਿਆਂ ਨੂੰ ਨਹਿਰ 'ਚ ਸੁੱਟ ਕੇ ਮਾਰਨ ਦੇ ਇਲਜ਼ਾਮਾਂ ਤਹਿਤ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਹੈ। ਧਰਨਾਕਾਰੀ ਬੱਚਿਆਂ ਦੇ ਮਾਪਿਆਂ ਖ਼ਿਲਾਫ਼ ਦਰਜ ਐੱਫ਼. ਆਈ. ਆਰ. ਦੀ ਕਾਪੀ ਲੈਣ ਲਈ ਅੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ਼ ਡੀ. ਡੀ. ਆਰ ਕੱਟੀ ਗਈ ਹੈ ਅਤੇ ਐੱਫ. ਆਈ. ਆਰ. ਦੀ ਕਾਪੀ ਮਿਲਣ ਤੱਕ ਉਹ ਧਰਨਾ ਨਹੀਂ ਚੁੱਕਣਗੇ।

ਧਰਨਾਕਾਰੀਆਂ ਵੱਲੋਂ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਗਰਮੀ ਕਾਰਨ ਖ਼ਰਾਬ ਹੋਣ ਤੋਂ ਬਚਾਉਣ ਲਈ ਸੜਕ 'ਤੇ ਹੀ ਬਿਜਲੀ ਨਾਲ ਚੱਲਣ ਵਾਲੇ ਲਾਸ਼ਾਂ ਰੱਖਣ ਵਾਲੇ ਫਰਿੱਜ ਵਿੱਚ ਰੱਖਿਆ ਹੋਇਆ ਹੈ। ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਸ਼ਾਮ ਸਮੇਂ ਧਰਨੇ ਵਿਚ ਸ਼ਮੂਲੀਅਤ ਕੀਤੀ ਅਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਅਤੇ ਦਾਦਾ-ਦਾਦੀ ਤੇ ਹੋਰਨਾਂ ਖ਼ਿਲਾਫ਼ ਦਰਜ ਪਰਚਾ ਰੱਦ ਕਰਨ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਮੌਜਪੁਰ ਦੇ ਵਸਨੀਕ ਹਰ ਪ੍ਰਭਜੋਤ ਸਿੰਘ ਅਤੇ ਉਸ ਦੀ ਪਤਨੀ ਜਸਵਿੰਦਰ ਕੌਰ ਨੇ ਆਪਣੇ ਦਸਵੀਂ ਵਿਚ ਪੜ੍ਹਦੇ 14 ਸਾਲਾ ਏਕਮ ਸਿੰਘ, ਸੱਤਵੀਂ ਵਿਚ ਪੜ੍ਹਦੀ 12 ਸਾਲਾ ਮੁਸਕਾਨ ਕੌਰ ਅਤੇ ਦੂਜੀ ਵਿਚ ਪੜ੍ਹਦੀ ਸੱਤ ਸਾਲਾ ਰਾਜਵੀਰ ਕੌਰ ਨੂੰ ਨਾਲ ਲਿਜਾ ਕੇ ਨਹਿਰ ਵਿਚ ਛਾਲ ਮਾਰ ਦਿੱਤੀ ਸੀ। ਰਾਹਗੀਰਾਂ ਨੇ ਪਤੀ ਪਤਨੀ ਨੂੰ ਬਚਾਅ ਲਿਆ ਸੀ, ਜਦੋਂ ਕਿ ਤਿੰਨੋਂ ਬੱਚਿਆਂ ਦੀ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ ਸੀ। ਇਸ ਸਬੰਧੀ ਡੀ. ਐੱਸ. ਪੀ. ਸਿਟੀ-2 ਹਰਮਿਸਰਨ ਸਿੰਘ ਬੱਲ ਨੇ ਦੱਸਿਆ ਕਿ ਸਬੰਧਿਤ ਮਾਮਲੇ ਵਿਚ ਧਰਨਾਕਾਰੀਆਂ ਦੀ ਮੰਗ ਅਨੁਸਾਰ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐੱਫ਼ ਆਈ ਆਰ ਦੀ ਕਾਪੀ ਜਲਦੀ ਹੀ ਮਿਲ ਜਾਵੇਗੀ ਅਤੇ ਅੱਜ ਦੇਰ ਰਾਤ ਤੱਕ ਧਰਨਾ ਚੁੱਕਿਆ ਜਾਵੇਗਾ।


author

Babita

Content Editor

Related News