ਸਰੀਰਕ ਸ਼ੋਸ਼ਣ ਕਰਨ ਵਾਲੇ ''ਬਾਬੇ'' ਖਿਲਾਫ ਕੇਸ ਦਰਜ ਨੂੰ ਲੈ ਕੇ ਧਰਨਾ

Tuesday, Apr 17, 2018 - 04:15 AM (IST)

ਸਰੀਰਕ ਸ਼ੋਸ਼ਣ ਕਰਨ ਵਾਲੇ ''ਬਾਬੇ'' ਖਿਲਾਫ ਕੇਸ ਦਰਜ ਨੂੰ ਲੈ ਕੇ ਧਰਨਾ

ਸੁਲਤਾਨਪੁਰ ਲੋਧੀ, (ਸੋਢੀ)— ਇਕ ਲੜਕੀ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ 'ਚ ਕਥਿਤ ਤੌਰ 'ਤੇ ਇਕ ਬਾਬੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਪ੍ਰਚਾਰ ਕਮੇਟੀ ਵੱਲੋਂ ਭਾਈ ਸੁਖਜੀਤ ਸਿੰਘ ਖੋਸੇ ਦੀ ਅਗਵਾਈ ਹੇਠ ਅਣਮਿੱਥੇ ਸਮੇਂ ਲਈ ਬਾਅਦ ਦੁਪਹਿਰ ਥਾਣਾ ਸੁਲਤਾਨਪੁਰ ਲੋਧੀ ਅੱਗੇ ਸ਼ਾਂਤਮਈ ਧਰਨਾ ਸ਼ੁਰੂ ਕਰ ਦਿੱਤਾ ਗਿਆ।  ਜਾਣਕਾਰੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਤਿੰਨ ਦਰਜਨ ਸਿੰਘਾਂ ਨਾਲ ਸ਼ਿਕਾਇਤਕਰਤਾ ਸੁਲਤਾਨਪੁਰ ਲੋਧੀ ਵਾਸੀ ਇਕ ਵਿਅਕਤੀ ਵੀ ਥਾਣੇ ਪੁੱਜਾ ਤੇ ਲਿਖਤੀ ਸ਼ਿਕਾਇਤ ਦੇ ਕੇ ਦੋਸ਼ ਲਾਇਆ ਕਿ ਸੁਲਤਾਨਪੁਰ ਲੋਧੀ ਦਾ ਇਕ ਬਾਬਾ ਪਿਛਲੇ 13 ਸਾਲਾਂ ਤੋਂ ਉਸਦੀ ਬੀਮਾਰ ਭੈਣ ਦਾ ਇਲਾਜ ਕਰਨ ਦੇ ਨਾਂ 'ਤੇ ਸਰੀਰਕ ਸ਼ੋਸ਼ਣ  ਕਰਦਾ ਆ ਰਿਹਾ ਹੈ। ਇਸ ਦੌਰਾਨ ਥਾਣੇ ਸ਼ਿਕਾਇਤ ਦੇਣ ਉਪਰੰਤ ਭਾਈ ਸੁਖਜੀਤ ਸਿੰਘ ਦੀ ਅਗਵਾਈ 'ਚ ਜਥੇਬੰਦੀ ਦੇ ਵਰਕਰਾਂ ਨੇ ਥਾਣੇ ਅੱਗੇ ਪਾਰਕ 'ਚ ਬੈਠ ਕੇ ਪਹਿਲਾਂ 2 ਘੰਟੇ ਵਾਹਿਗੁਰੂ ਦਾ ਸਿਮਰਨ ਕੀਤਾ, ਇਸ ਤੋਂ ਬਾਅਦ ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਦਾ ਪਾਠ ਕਰ ਕੇ ਅਰਦਾਸ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਪੀੜਤ ਲੜਕੀ ਨਾਲ ਜਬਰ-ਜ਼ਨਾਹ ਕਰਨ ਦਾ ਕੇਸ ਦਰਜ ਨਾ ਕੀਤਾ ਤਾਂ ਉਹ ਜ਼ੋਰਦਾਰ ਸੰਘਰਸ਼ ਛੇੜ ਦੇਣਗੇ। ਭਾਈ ਖੋਸੇ ਨੇ ਦੋਸ਼ ਲਾਇਆ ਕਿ ਇਕ ਬਾਬਾ ਆਪਣੇ ਆਪ ਨੂੰ ਗੈਬੀ ਸ਼ਕਤੀਆਂ ਦਾ ਮਾਹਿਰ ਦੱਸਦਾ ਹੈ ਤੇ ਭੂਤ-ਪ੍ਰੇਤ ਤੇ ਓਪਰੀ ਛੈਅ ਦਾ ਇਲਾਜ ਕਰਨ ਦੇ ਨਾਂ 'ਤੇ ਲੜਕੀਆਂ ਦਾ ਸਰੀਰਕ ਸ਼ੋਸ਼ਣ ਕਰਦਾ ਹੈ। ਉਨ੍ਹਾਂ ਕਿਹਾ ਕਿ ਬਾਬੇ ਦੀ ਸਰਕਾਰੇ ਦਰਬਾਰੇ ਚੰਗੀ ਪਹੁੰਚ ਹੋਣ ਕਾਰਨ ਪੁਲਸ ਕਾਰਵਾਈ ਤੋਂ ਕੰਨੀ ਕਤਰਾ ਰਹੀ ਹੈ। ਥਾਣਾ ਸੁਲਤਾਨਪੁਰ ਲੋਧੀ ਦੇ ਇੰਸਪੈਕਟਰ ਸਰਬਜੀਤ ਸਿੰਘ ਨੇ ਸਤਿਕਾਰ ਕਮੇਟੀ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰੇਗੀ ਤੇ ਜੇਕਰ ਬਾਬਾ ਦੋਸ਼ੀ ਪਾਇਆ ਗਿਆ ਤਾਂ ਕਾਨੂੰਨੀ ਕਾਰਵਾਈ ਜ਼ਰੂਰ ਹੋਵੇਗੀ। ਖਬਰ ਲਿਖੇ ਜਾਣ ਤੱਕ ਸਤਿਕਾਰ ਕਮੇਟੀ ਦੇ ਮੈਂਬਰ ਥਾਣਾ ਸੁਲਤਾਨਪੁਰ ਲੋਧੀ ਵਿਖੇ ਬੈਠੇ ਹੋਏ ਸਨ ਅਤੇ ਕੇਸ ਦਰਜ ਕਰਨ ਦੀ ਮੰਗ 'ਤੇ ਅੜੇ ਹੋਏ ਸਨ।


Related News