ਕੈਨੇਡਾ ਰਹਿੰਦੀ ਪਤਨੀ ਨੂੰ ਤੰਗ ਕਰਨ ''ਤੇ ਪਤੀ ਖਿਲਾਫ ਮਾਮਲਾ ਦਰਜ

Monday, Sep 04, 2017 - 04:21 AM (IST)

ਨਵਾਂਸ਼ਹਿਰ- ਐੱਨ. ਆਰ. ਆਈ. ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਐੱਨ. ਆਰ. ਆਈ. ਥਾਣੇ ਦੀ ਪੁਲਸ ਨੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਪਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੀੜਤਾ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਹਰਪ੍ਰੀਤ ਕੌਰ ਦਾ ਵਿਆਹ 2012 'ਚ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਰੈਲ ਮਾਜਰਾ ਥਾਣਾ ਕਾਠਗੜ੍ਹ ਦੇ ਵਾਸੀ ਜਤਿੰਦਰ ਸਿੰਘ ਬਾਜਵਾ ਨਾਲ ਹੋਇਆ ਸੀ।ਵਿਆਹ ਤੋਂ ਬਾਅਦ ਹਰਪ੍ਰੀਤ ਕੌਰ ਤੇ ਉਸ ਦਾ ਪਤੀ ਕੈਨੇਡਾ ਚਲੇ ਗਏ, ਜਿਥੇ ਉਸ ਦੀ ਭੈਣ ਨੇ 2 ਬੱਚਿਆਂ ਨੂੰ ਜਨਮ ਦਿੱਤਾ। ਹਰਪ੍ਰੀਤ ਕੌਰ ਦਾ ਪਤੀ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਦਾ ਸੀ ਤੇ 2 ਸਾਲ ਪਹਿਲਾਂ ਉਹ ਕੈਨੇਡਾ ਤੋਂ ਇੰਡੀਆ ਆ ਗਿਆ। ਉਸ ਨੇ ਉਸ ਦੀ ਭੈਣ ਨਾਲ ਸੰਪਰਕ ਵੀ ਨਹੀਂ ਰੱਖਿਆ, ਜਦੋਂਕਿ ਉਸ ਦੀ ਭੈਣ ਕੈਨੇਡਾ ਵਿਚ ਆਪਣੇ 2 ਬੱਚਿਆਂ ਦਾ ਪਾਲਣ-ਪੋਸ਼ਣ ਮੁਸ਼ਕਿਲ ਨਾਲ ਕਰ ਰਹੀ ਹੈ।
ਹਰਪ੍ਰੀਤ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਆਪਣੇ ਪਤੀ 'ਤੇ ਹੋਰ ਵੀ ਕਈ ਗੰਭੀਰ ਦੋਸ਼ ਲਾਏ ਹਨ। ਐੱਨ. ਆਰ. ਆਈ. ਥਾਣਾ ਨਵਾਂਸ਼ਹਿਰ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਜਤਿੰਦਰ ਸਿੰਘ ਬਾਜਵਾ ਪੁੱਤਰ ਪ੍ਰੀਤਮ ਸਿੰਘ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News