ਨਕਲੀ ਵੀਜ਼ਾ ਦਿਖਾ ਕੇ ਫਰਾਡ ਕਰਨ ਦੇ 4 ਸਾਲ ਬਾਅਦ ਇੰਟਰਪ੍ਰਾਈਜ਼ਿਜ਼ ਦੇ ਏਜੰਟ ’ਤੇ ਕੇਸ

Wednesday, Nov 29, 2023 - 01:56 PM (IST)

ਨਕਲੀ ਵੀਜ਼ਾ ਦਿਖਾ ਕੇ ਫਰਾਡ ਕਰਨ ਦੇ 4 ਸਾਲ ਬਾਅਦ ਇੰਟਰਪ੍ਰਾਈਜ਼ਿਜ਼ ਦੇ ਏਜੰਟ ’ਤੇ ਕੇਸ

ਜਲੰਧਰ (ਵਰੁਣ) : ਵ੍ਹਟਸਐਪ ’ਤੇ ਨਕਲੀ ਵੀਜ਼ਾ ਭੇਜ ਕੇ ਹੁਸ਼ਿਆਰਪੁਰ ਦੇ ਪਿੰਡ ਰੜਾ ਦੇ ਵਿਅਕਤੀ ਕੋਲੋਂ 5.50 ਲੱਖ ਰੁਪਏ ਲੈ ਕੇ ਫਰਾਡ ਕਰਨ ਵਾਲੇ ਸਾਰ ਇੰਟਰਪ੍ਰਾਈਜ਼ਿਜ਼ ਦੇ ਮਲਾਕ ਸੰਜੇ ਸ਼ਰਮਾ ਵਿਰੁੱਧ ਥਾਣਾ ਐੱਨ.ਆਰ.ਆਈ. ’ਚ ਕੇਸ ਦਰਜ ਹੋਇਆ ਹੈ। ਇਹ ਕੇਸ ਠੱਗੀ ਦੇ 4 ਸਾਲ ਬਾਅਦ ਦਰਜ ਹੋਇਆ ਹੈ, ਜਦਕਿ ਇਸ ਤੋਂ ਪਹਿਲਾਂ ਵੀ ਸੰਜੇ ਸ਼ਰਮਾ ’ਤੇ ਕਈ ਲੋਕਾਂ ਨਾਲ ਫਰਾਡ ਕਰਨ ਦੇ ਕੇਸ ਦਰਜ ਹੋ ਚੁੱਕੇ ਹਨ। ਪਿੰਡ ਰੜਾ ਦੇ ਨਿਵਾਸੀ ਜਤਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੇ ਐੱਨ. ਆਰ. ਆਈ. ਥਾਣੇ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਲਾਡੋਵਾਲੀ ਰੋਡ ’ਤੇ ਸਥਿਤ ਸਾਰ ਇੰਟਰਪ੍ਰਾਈਜ਼ਿਜ਼ ਬਾਰੇ ਫੇਸਬੁਕ ’ਤੇ ਦੇਖਿਆ ਸੀ। ਉੱਥੋਂ ਉਨ੍ਹਾਂ ਦਾ ਨੰਬਰ ਲੈ ਕੇ ਦਫਤਰ ’ਚ ਸੰਪਰਕ ਕੀਤਾ। ਸਟਾਫ ਨੇ ਉਨ੍ਹਾਂ ਨੂੰ ਜਲੰਧਰ ਆਪਣੇ ਦਫਤਰ ਸੱਦ ਕੇ ਮਾਲਕ ਸੰਜੇ ਸ਼ਰਮਾ ਪੁੱਤਰ ਓਮ ਪ੍ਰਕਾਸ਼ ਨਿਵਾਸੀ ਗੁਰਦੇਵ ਇੰਕਲੇਵ ਲੱਦੇਵਾਲੀ ਨੂੰ ਮਿਲਾਇਆ। ਸੰਜੇ ਸ਼ਰਮਾ ਨੇ ਜਤਿੰਦਰ ਸਿੰਘ ਨੂੰ ਭਰੋਸਾ ਦਿੱਤਾ ਕਿ ਉਹ 5.50 ਲੱਖ ਰੁਪਏ ’ਚ ਵਰਕ ਪਰਮਿਟ ’ਤੇ ਉਸ ਨੂੰ ਪੋਲੈਂਡ ਭੇਜ ਦੇਵੇਗਾ। ਉਨ੍ਹਾਂ ਦਸੰਬਰ 2011 ’ਚ ਉਸ ਦਾ ਪਾਸਪੋਰਟ ਹੋਰ ਦਸਤਾਵੇਜ਼ ਤੇ 75 ਹਜ਼ਾਰ ਰੁਪਏ ਐਡਵਾਂਸ ਲਏ। ਬਾਕੀ ਦੇ ਪੈਸੇ ਵੀਜ਼ਾ ਲੱਗਣ ਪਿੱਛੋਂ ਦੇਣਾ ਤੈਅ ਹੋਇਆ ਸੀ। ਦੋਸ਼ ਹੈ ਕਿ ਕੁਝ ਸਮੇਂ ਪਿੱਛੋਂ ਸੰਜੇ ਨੇ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦਾ ਵੀਜ਼ਾ ਲੱਗ ਗਿਆ ਹੈ ਤੇ ਬਾਕੀ ਦੇ ਪੈਸਿਆਂ ਦਾ ਪ੍ਰਬੰਧ ਕਰ ਲੈਣ। ਜਤਿੰਦਰ ਸਿੰਘ ਨੇ ਵ੍ਹਟਸਐਪ ’ਤੇ ਸੰਜੇ ਸ਼ਰਮਾ ਨੇ ਪਾਸਪੋਰਟ ’ਤੇ ਵੀਜ਼ਾ ਲੱਗਣ ਦੀ ਤਸਵੀਰ ਵੀ ਭੇਜ ਦਿੱਤੀ ਤੇ 4.75 ਲੱਖ ਰੁਪਏ ਮੰਗਣ ਲੱਗਾ। ਜਤਿੰਦਰ ਸਿੰਘ ਨੇ ਕਿਹਾ ਿਕ ਉਸ ਨੇ ਸੰਜੇ ਸ਼ਰਮਾ ਦੇ ਦਫਤਰ ਆਪਣੇ ਭਰਾ ਸਮੇਤ ਜਾ ਕੇ ਪੈਸਾ ਜਮ੍ਹਾ ਕਰਵਾ ਦਿੱਤੇ ਪਰ ਉਦੋਂ ਸੰਜੇ ਨਹੀਂ ਮਿਲਿਆ।

ਇਹ ਵੀ ਪੜ੍ਹੋ : ਮੁਲਾਜ਼ਮਾਂ ਦੀ ਹੜਤਾਲ ਦਾ ਅਸਰ : ਜ਼ਿਲ੍ਹੇ ਦੇ ਰਜਿਸਟਰੀ ਦਫ਼ਤਰਾਂ ’ਚ ਰੁਕੀਆਂ 2 ਹਜ਼ਾਰ ਤੋਂ ਵੱਧ ਰਜਿਸਟਰੀਆਂ    

ਸਟਾਫ ਨੇ ਕਿਹਾ ਕਿ ਸੰਜੇ ਸ਼ਰਮਾ ਹੀ ਉਸ ਨੂੰ ਪਾਸਪੋਰਟ ਤੇ ਆਫਰ ਲੈਟਰ ਦੇਣਗੇ। ਉਨ੍ਹਾਂ ਨੇ ਜਦੋਂ ਸੰਜੇ ਸ਼ਰਮਾ ਨੂੰ ਫੋਨ ਕੀਤਾ ਤਾਂ ਉਸ ਨੇ ਟਾਲਮਟੋਲ ਕਰ ਕੇ ਉਸ ਨੂੰ ਵਾਪਸ ਭੇਜ ਦਿੱਤਾ ਤੇ ਦੁਬਾਰਾ ਆਉਣ ਨੂੰ ਕਿਹਾ। ਪੈਸੇ ਦੇ ਕੇ ਜਤਿੰਦਰ ਸਿੰਘ ਵਾਪਸ ਆ ਗਿਆ। ਕੁਝ ਦਿਨਾਂ ਪਿਛੋਂ ਉਨ੍ਹਾਂ ਨੇ ਸੰਜੇ ਸ਼ਰਮਾ ਨੂੰ ਫੋਨ ਕੀਤਾ ਤਾਂ ਸੰਜੇ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਪਾਸਪੋਰਟ ਸਮੇਤ 18 ਪਾਸਪੋਰਟ ਉਨ੍ਹਾਂ ਦੀ ਗੱਡੀ ’ਚੋਂ ਚੋਰੀ ਹੋ ਗਏ ਹਨ। ਜਤਿੰਦਰ ਸਿੰਘ ਨੇ ਐੱਫ. ਆਈ. ਆਰ. ਦਰਜ ਕਰਵਾ ਕੇ ਨਵਾਂ ਪਾਸਪੋਰਟ ਵੀ ਬਣਵਾ ਲਿਆ ਪਰ ਸੰਜੇ ਸ਼ਰਮਾ ਟਾਲ-ਮਟੋਲ ਕਰਦਾ ਰਿਹਾ। ਇਸ ਵਿਚਾਲੇ ਉਸ ਨੇ ਆਪਣਾ ਮੋਬਾਈਲ ਨੰਬਰ ਬੰਦ ਕਰ ਦਿੱਤਾ। ਜਤਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਕਿਸੇ ਤਰ੍ਹਾਂ ਦੂਜਾ ਮੋਬਾਇਲ ਨੰਬਰ ਲੱਭਿਆ ਤੇ ਦੁਬਾਰਾ ਸੰਪਰਕ ਕੀਤਾ ਪਰ ਨਾ ਹੀ ਤਾਂ ਸੰਜੇ ਨੇ ਉਸ ਦੇ ਪੈਸੇ ਦਿੱਤੇ ਤੇ ਨਾ ਹੀ ਪਾਸਪੋਰਟ ਦਿੱਤਾ। ਇਸ ਸਬੰਧੀ ਪੁਲਸ ਨੇ ਉੱਚ ਅਧਿਕਾਰੀਆਂ ਦੀ ਸ਼ਿਕਾਇਤ ਦਿੱਤੀ ਗਈ, ਜਿਸ ਦੀ ਜਾਂਚ ਪਿੱਛੋਂ ਠੱਗੀ ਮਾਰਨ ਦੇ 4 ਸਾਲ ਬਾਅਦ ਸੰਜੇ ਸ਼ਰਮਾ ਵਿਰੁੱਧ ਕੇਸ ਦਰਜ ਕਰ ਲਿਆ ਗਿਆ। ਜਾਂਚ ’ਚ ਪਤਾ ਲੱਗਾ ਕਿ ਸੰਜੇ ਸ਼ਰਮਾ ਬਿਨਾਂ ਲਾਇਸੈਂਸ ਦੇ ਦਫਤਰ ਚਲਾ ਰਿਹਾ ਸੀ, ਜਿਸ ਵਿਰੁੱਧ ਪਹਿਲਾਂ ਵੀ ਲੋਕਾਂ ਨੇ ਵਰਕ ਪਰਮਿਟ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਕਈ ਕੇਸ ਦਰਜ ਕਰਵਾਏ ਹੋਏ ਹਨ।

ਇਹ ਵੀ ਪੜ੍ਹੋ : ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਸ਼ੁਰੂ ਕਰਨ ਲਈ ਲੋਕਾਂ ਵਲੋਂ ਪੰਜਾਬ ਸਰਕਾਰ ਦੀ ਸ਼ਲਾਘਾ    

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News