ਪੁਲਸ ਵੱਲੋਂ ਗੁਡ਼ਗਾਓਂ ਤੋਂ ਇਕ ਮੁਲਜ਼ਮ ਤੇ ਕਾਰ ਬਰਾਮਦ ਕਰਨ ਸਬੰਧੀ ਮਿਲੇ ਸੰਕੇਤ
Thursday, Jul 19, 2018 - 03:10 AM (IST)

ਤਰਨਤਾਰਨ, (ਰਮਨ)- ਬੀਤੇ ਸ਼ਨੀਵਾਰ ਦੀ ਰਾਤ ਨੂੰ ਅੰਮ੍ਰਿਤਸਰ ਰੋਡ ’ਤੇ ਸਥਿਤ ਸੈਵਨ ਸਟਾਰ ਰੈਸਟੋਰੈਂਟ ਹੋਟਲ ਦੇ ਦੋ ਕਰਮਚਾਰੀਆਂ ਵੱਲੋਂ ਰੈਸਟੋਰੈਂਟ ਦੇ ਹੀ ਇਕ ਨਿੱਜੀ ਸੁਰੱਖਿਆ ਗਾਰਡ ਹਰਜਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਦੋਵੇਂ ਮੁਲਜ਼ਮ ਹੋਟਲ ਦੀ ਈਸੂਜ਼ੂ ਕਾਰ, ਇਕ ਡਬਲ ਬੈਰਲ ਰਾਈਫਲ ਅਤੇ 10 ਰੌਂਦ ਲੈ ਕੇ ਫਰਾਰ ਹੋ ਗਏ ਸਨ। ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਨੇ ਰੈਸਟੋਰੈਂਟ ਦੇ ਦੋਵੇਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਇਕ ਮੈਨੇਜਰ ਨੂੰ ਹਿਰਾਸਤ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਰੈਸਟੋਰੈਂਟ ਮਾਲਕ ਦੇ ਬੇਟੇ ਜਜਬੀਰ ਸਿੰਘ ਢਿੱਲੋਂ ਨੇ ਇਸ ਵਾਪਰੀ ਘਟਨਾ ਦੌਰਾਨ ਸੁਰੱਖਿਆ ਗਾਰਡ ਦੀ ਹੱਤਿਆ ਕਰਨ ਵਾਲੇ ਮੁਲਜ਼ਮਾਂ ਦੀ ਜਲਦ ਭਾਲ ਸਬੰਧੀ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ। ਘਟਨਾ ਨੂੰ ਰਾਤ 2.30 ਵਜੇ ਅੰਜਾਮ ਦੇ ਕੇ ਰਜਨੀਸ਼ ਪੁੱਤਰ ਸੁਰੇਸ਼ ਵਾਸੀ ਬਿਹਾਰ ਅਤੇ ਉਸ ਦਾ ਰਿਸ਼ਤੇਦਾਰ ਗੁਲਸ਼ਨ ਪੁੱਤਰ ਰਾਮੂ ਵਾਸੀ ਜ਼ਿਲਾ ਮੁਜ਼ੱਫਰਨਗਰ (ਬਿਹਾਰ) ਮੌਕੇ ਤੋਂ ਫਰਾਰ ਹੋ ਗਏ ਸਨ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਥਾਣਾ ਸਿਟੀ ਦੀ ਪੁਲਸ ਵੱਲੋਂ ਮੈਨੇਜਰ ਉਮੇਸ਼ ਕੁਮਾਰ ਦੀ ਨਿਸ਼ਾਨਦੇਹੀ ’ਤੇ ਟੀਮ ਬਿਹਾਰ ਰਵਾਨਾ ਹੋ ਚੁੱਕੀ ਹੈ, ਜਿਸ ਨੇ ਇਕ ਮੁਲਜ਼ਮ ਨੂੰ ਗੁਡ਼ਗਾਓਂ ਤੋਂ ਕਾਬੂ ਕਰ ਲਿਆ ਹੈ ਅਤੇ ਇਸ ਦੇ ਨਾਲ ਹੀ ਰੈਸਟੋਰੈਂਟ ਮਾਲਕ ਜਜਬੀਰ ਸਿੰਘ ਢਿੱਲੋਂ ਦੀ ਕੀਮਤੀ ਈਸੂਜ਼ੂ ਗੱਡੀ ਨੂੰ ਬਰਾਮਦ ਕਰ ਲਿਆ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਸ ਕਤਲ ਦੇ ਕੇਸ ਨੂੰ ਥਾਣਾ ਸਿਟੀ ਦੀ ਪੁਲਸ ਵੱਲੋਂ ਜਲਦ ਹੱਲ ਕਰ ਕੇ ਪ੍ਰੈੱਸ ਕਾਨਫਰੰਸ ਰਾਹੀਂ ਸਾਰੀ ਜਾਣਕਾਰੀ ਦਿੱਤੀ ਜਾਵੇਗੀ।
ਜਲਦ ਦਿੱਤੀ ਜਾਵੇਗੀ ਜਾਣਕਾਰੀ : ਥਾਣਾ ਮੁਖੀ
ਥਾਣਾ ਮੁਖੀ ਇੰਸਪੈਕਟਰ ਚੰਦਰ ਭੂਸ਼ਣ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਲਈ ਬਿਹਾਰ ਗਈ ਪੁਲਸ ਟੀਮ ਆਪਣਾ ਕੰਮ ਕਰ ਰਹੀ ਹੈ, ਜਿਸ ਬਾਰੇ ਮੀਡੀਆ ਨੂੰ ਜਲਦ ਜਾਣਕਾਰੀ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਮੁਲਜ਼ਮਾਂ ਅਤੇ ਗੱਡੀ ਦੀ ਬਰਾਮਦਗੀ ਬਾਰੇ ਅਜੇ ਕੁੱਝ ਨਹੀਂ ਕਹਿ ਸਕਦੇ।