ਕਾਰ ਸਵਾਰ ਲੁਟੇਰੇ ਡਾਕਟਰ ਦੀ ਕਾਰ ਅਤੇ ਮੋਬਾਈਲ ਖੋਹ ਕੇ ਫ਼ਰਾਰ

12/14/2019 6:11:07 PM

ਫ਼ਰੀਦਕੋਟ (ਰਾਜਨ) : ਸ਼ਹਿਰ ਅੰਦਰ ਦਿਨ ਪ੍ਰਤੀ ਦਿਨ ਲੁੱਟ ਖੋਹ ਦੀਆਂ ਵੱਧ ਰਹੀਆਂ ਵਾਰਦਾਤਾਂ ਨੇ ਜਿੱਥੇ ਪੁਲਸ ਪ੍ਰਸ਼ਾਸਨ ਲਈ ਚੁਨੌਤੀ ਖੜ੍ਹੀ ਕਰ ਦਿੱਤੀ ਹੈ, ਉੱਥੇ ਹੀ ਲੋਕਾਂ ਵਿਚ ਆਪਣੀ ਸੁਰੱਖਿਆ ਨੂੰ ਲੈ ਕੇ ਭਾਰੀ ਪ੍ਰੇਸ਼ਾਨੀ ਦਾ ਮਹੌਲ ਬਣ ਗਿਆ ਹੈ। ਬੀਤੀ ਰਾਤ ਇਕ ਡਾਕਟਰ ਪਾਸੋਂ ਦੋ ਲੁਟੇਰਿਆਂ ਵੱਲੋਂ ਕਾਰ ਖੋਹ ਕੇ ਲੈ ਜਾਣ ਦੀ ਘਟਨਾ ਨੇ ਇਕ ਵਾਰ ਫ਼ਿਰ ਇਹ ਸਾਬਤ ਕਰ ਦਿੱਤਾ ਹੈ ਕਿ ਅਜਿਹੀਆਂ ਵਾਰਦਾਤਾਂ ਕਰਨ ਵਾਲੇ ਅਨਸਰਾਂ ਦੇ ਹੌਸਲੇ ਬੁਲੰਦ ਹਨ। ਜਾਣਕਾਰੀ ਅਨੁਸਾਰ ਦੰਦਾਂ ਦੇ ਡਾਕਟਰ ਵਿਸ਼ਾਲ ਕੌਸ਼ਲ ਜੋ ਫ਼ਰੀਦਕੋਟ 'ਚ ਆਪਣਾ ਹਸਪਤਾਲ ਹੈ ਜਦੋਂ ਬੀਤੀ ਰਾਤ ਫ਼ਰੀਦਕੋਟ ਤੋਂ ਕੋਟਕਪੂਰਾ ਵੱਲ ਆਪਣੀ ਸਵਿਫ਼ਟ ਕਾਰ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਰਸਤੇ ਵਿਚ ਇਕ ਕਾਰ ਨੇ ਓਵਰਟੇਕ ਕਰਕੇ ਉਸ ਦੀ ਗੱਡੀ ਰੋਕ ਲਈ। 

ਜਾਣਕਾਰੀ ਅਨੁਸਾਰ ਇਸ ਉਪਰੰਤ ਉਸ ਕਾਰ ਵਿਚੋਂ ਦੋ ਵਿਅਕਤੀ ਨਿਕਲੇ ਅਤੇ ਡਾਕਟਰ ਦੀ ਗੱਡੀ ਵਿਚ ਬੈਠ ਕੇ ਉਸ ਦੀ ਕਾਰ ਅੰਮ੍ਰਿਤਸਰ ਰੋਡ 'ਤੇ ਲੈ ਗਏ। ਸੂਤਰਾਂ ਅਨੁਸਾਰ ਇਸ ਦੌਰਾਨ ਲੁਟੇਰਿਆਂ ਨੇ ਡਾਕਟਰ 'ਤੇ ਇਕ ਦੋ ਵਾਰ ਹੱਥ ਵੀ ਚੁੱਕਿਆ ਅਤੇ ਇਸ ਤੋਂ ਬਾਅਦ ਅੰਮ੍ਰਿਤਸਰ ਰੋਡ 'ਤੇ ਕਿਸੇ ਸੁੰਨਸਾਨ ਥਾਂ 'ਤੇ ਗੱਡੀ ਰੋਕ ਕੇ ਡਾਕਟਰ ਦਾ ਮੋਬਾਈਲ ਖੋਹ ਕੇ ਉਸਨੂੰ ਕਾਰ ਵਿਚੋਂ ਉਤਾਰ ਦਿੱਤਾ। ਸੂਤਰਾਂ ਅਨੁਸਾਰ ਇਸ ਘਟਨਾ ਤੋਂ ਬਾਅਦ ਡਾਕਟਰ ਵਿਸ਼ਾਲ ਕੌਸ਼ਲ ਪੈਦਲ ਇਸ ਸੜਕ 'ਤੇ ਪੈਂਦੇ ਇਕ ਪਿੰਡ ਵਿਚ ਪੁੱਜਿਆ ਜਿੱਥੋਂ ਉਸਨੇ ਕਿਸੇ ਦੀ ਸਹਾਇਤਾ ਨਾਲ ਆਪਣੇ ਭਰਾ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ ਜਿਸ 'ਤੇ ਡਾਕਟਰ ਦੇ ਭਰਾ ਨੇ ਮੌਕੇ 'ਤੇ ਜਾ ਕੇ ਉਕਤ ਨੂੰ ਸਹਾਇਤਾ ਦਿੱਤੀ।


Gurminder Singh

Content Editor

Related News