ਕਾਰ ਅਤੇ ਮੋਟਰਸਾਈਕਲ ਟੱਕਰ, ਇੱਕ ਦੀ ਮੌਤ
Saturday, Mar 24, 2018 - 06:13 PM (IST)

ਕੋਟਕਪੂਰਾ (ਨਰਿੰਦਰ ਬੈੜ) : ਅੱਜ ਦੁਪਹਿਰ ਸਥਾਨਕ ਜੈਤੋ ਰੋਡ 'ਤੇ ਇੱਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ 'ਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਵਲੋਂ ਆ ਰਹੀ ਇੱਕ ਕਾਰ ਅਤੇ ਕੋਟਕਪੂਰਾ ਵਲੋਂ ਜਾ ਰਹੇ ਇਕ ਮੋਟਰਸਾਈਕਲ ਵਿਚ ਭਿਆਨਕ ਟੱਕਰ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪ੍ਰਧਾਨ ਨਵਦੀਪ ਸਪਰਾ ਤੇ ਗੋਮੁੱਖ ਸਹਾਰਾ ਲੰਗਰ ਕਮੇਟੀ ਜੈਤੋ ਦੀ ਮੈਂਬਰਾਂ ਜਤਿੰਦਰ ਸਿੰਘ, ਫਤਿਹ ਸਿੰਘ ਅਤੇ ਅਸ਼ੀਸ਼ ਬਾਂਸਲ ਵਲੋਂ ਸੰਸਥਾ ਦੀ ਐਂਬੁਲੈਂਸ 'ਤੇ ਹਾਦਸੇ ਦੌਰਾਨ ਜ਼ਖਮੀ ਕਸ਼ਮੀਰਾ ਸਿੰਘ (38) ਪੁੱਤਰ ਸ਼ਿੰਗਾਰਾ ਸਿੰਘ ਵਾਸੀ ਜੈਤੋ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਉਸਦੀ ਰਾਸਤੇ 'ਚ ਹੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਣ 'ਤੇ ਥਾਣਾ ਸਿਟੀ ਕੋਟਕਪੂਰਾ ਦੇ ਏ. ਐੱਸ. ਆਈ. ਗੁਰਜੰਟ ਸਿੰਘ ਮੌਕੇ 'ਤੇ ਪੁੱਜੇ ਅਤੇ ਤਫਤੀਸ਼ ਸ਼ੁਰੂ ਕੀਤੀ। ਇਸ ਸਬੰਧ ਵਿਚ ਏ. ਐੱਸ. ਆਈ. ਗੁਰਜੰਟ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।