ਕਾਰ ਅੱਗੇ ਅਚਾਨਕ ਆਇਆ ਪਸ਼ੂ, ਇਕ ਤੋਂ ਬਾਅਦ ਇਕ ਟਕਰਾਈਆਂ 3 ਕਾਰਾਂ

05/22/2023 6:08:27 PM

ਬਨੂੜ (ਗੁਰਪਾਲ) : ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਜੰਗਪੁਰਾ ਦੇ ਨਜ਼ਦੀਕ ਇਕ ਕਾਰ ਅੱਗੇ ਅਚਾਨਕ ਬੇਸਹਾਰਾ ਪਸ਼ੂ ਦੇ ਆ ਜਾਣ ਕਾਰਨ ਤਿੰਨ ਕਾਰਾਂ ਆਪਸ ਵਿਚ ਟਕਰਾਅ ਗਈਆਂ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਕਾਰਾਂ ਦਾ ਕਾਫੀ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਸਵੇਰੇ 8 ਕੁ ਵਜੇ ਦੇ ਕਰੀਬ ਇਕ ਕਾਰ ਰਾਜਪੁਰਾ ਤੋਂ ਬਨੂੜ ਵੱਲ ਨੂੰ ਆ ਰਹੀ ਸੀ। ਜਦੋਂ ਉਹ ਕਾਰ ਸਵਾਰ ਕੌਮੀ ਮਾਰਗ ’ਤੇ ਸਥਿਤ ਪਿੰਡ ਜੰਗਪੁਰਾ ਦੇ ਨਜ਼ਦੀਕ ਪਹੁੰਚਿਆ ਤਾਂ ਕਾਰ ਅੱਗੇ ਅਚਾਨਕ ਬੇਸਹਾਰਾ ਪਸ਼ੂ ਆ ਗਿਆ। ਜਦੋਂ ਕਾਰ ਚਾਲਕ ਨੇ ਪਸ਼ੂ ਨੂੰ ਬਚਾਉਣ ਲਈ ਬਰੇਕ ਲਗਾਈ ਤਾਂ ਪਿੱਛੋਂ ਆ ਰਹੀਆਂ ਦੋ ਹੋਰ ਕਾਰਾਂ ਇਸ ਕਾਰ ਨਾਲ ਟਕਰਾਅ ਗਈਆਂ। 

ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਕਾਰਾਂ ਨੁਕਸਾਨੀ ਗਈਆਂ। ਦੱਸਣਯੋਗ ਹੈ ਕਿ ਸੂਬਾ ਸਰਕਾਰ ਵਲੋਂ ਗਊ ਸੈੱਸ ਵਸੂਲਣ ਦੇ ਬਾਵਜੂਦ ਸ਼ਹਿਰ ਅਤੇ ਇਲਾਕੇ ਵਿਚ ਆਵਾਰਾ ਪਸ਼ੂਆਂ ਦੀ ਭਰਮਾਰ ਹੈ। ਇਹ ਆਵਾਰਾ ਪਸ਼ੂ ਕੌਮੀ ਤੇ ਲਿੰਕ ਸਡ਼ਕਾਂ ’ਤੇ ਘੁੰਮਦੇ ਆਮ ਦੇਖੇ ਜਾ ਸਕਦੇ ਹਨ, ਜਿਨ੍ਹਾਂ ਕਾਰਨ ਇਲਾਕੇ ਵਿਚ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਇਲਾਕੇ ਦੇ ਉਘੇ ਸਮਾਜ ਸੇਵੀ ਸੰਜੀਵ ਕੁਮਾਰ ਟੋਨੀ, ਸੁਭਾਸ਼ ਚੰਦ, ਡਾਕਟਰ ਭੁਪਿੰਦਰ ਸਿੰਘ ਮਨੌਲੀ ਸੂਰਤ, ਭਾਈ ਜਗਜੀਤ ਸਿੰਘ ਛੜਬੜ ਤੇ ਨੰਬਰਦਾਰ ਪ੍ਰੇਮ ਕੁਮਾਰ ਮਾਣਕਪੁਰ ਨੇ ਸੂਬਾ ਸਰਕਾਰ ਤੋਂ ਬੇਸਹਾਰਾ ਪਸ਼ੂਆਂ ਨੂੰ ਨੱਥ ਪਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਗਊ ਸੈੱਸ ਦੇ ਨਾਂ ’ਤੇ ਕਰੋੜਾਂ ਰੁਪਏ ਵਸੂਲਣ ਦੇ ਬਾਵਜੂਦ ਵੀ ਇਲਾਕੇ ਵਿਚ ਬੇਸਹਾਰਾ ਪਸ਼ੂਆਂ ਦੀ ਭਰਮਾਰ ਹੈ ਜੋ ਕਿ ਰੋਜ਼ਾਨਾ ਹਾਦਸਿਆਂ ਨੂੰ ਸੱਦਾ ਦਿੰਦੇ ਹਨ, ਉਥੇ ਹੀ ਪਸ਼ੂ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈਆਂ ਫਸਲਾਂ ਨੂੰ ਬਰਬਾਦ ਕਰ ਦਿੰਦੇ ਹਨ।


Gurminder Singh

Content Editor

Related News