ਨਕਲੀ ਫੌਜੀ ਦੇ ਕਬਜ਼ੇ ''ਚੋਂ ਆਈ. ਕਾਰਡ, ਵਰਦੀਆਂ ਤੇ ਮੋਟਰਸਾਈਕਲ ਬਰਾਮਦ

Wednesday, Nov 01, 2017 - 06:33 AM (IST)

ਨਕਲੀ ਫੌਜੀ ਦੇ ਕਬਜ਼ੇ ''ਚੋਂ ਆਈ. ਕਾਰਡ, ਵਰਦੀਆਂ ਤੇ ਮੋਟਰਸਾਈਕਲ ਬਰਾਮਦ

ਜਲੰਧਰ, (ਮਹੇਸ਼)— ਯੂ. ਪੀ., ਬਿਹਾਰ, ਮੱਧ ਪ੍ਰਦੇਸ਼ ਦੇ ਨੌਜਵਾਨਾਂ ਦੇ ਜਾਅਲੀ ਕਾਗਜ਼ਾਤ ਬਣਾ ਕੇ ਉਨ੍ਹਾਂ ਨੂੰ ਫੌਜ ਵਿਚ ਭਰਤੀ ਕਰਵਾਉਣ ਵਾਲੇ ਇਕ ਨਕਲੀ ਫੌਜੀ ਨੂੰ ਗ੍ਰਿਫਤਾਰ ਕਰਨ ਦੀ ਇਕ ਵੱਡੀ ਸਫਲਤਾ ਥਾਣਾ ਕੈਂਟ ਦੀ ਪੁਲਸ ਦੇ ਹੱਥ ਲੱਗੀ ਹੈ, ਜਿਸ ਦੇ ਕਬਜ਼ੇ ਵਿਚੋਂ ਅੱਗੇ-ਪਿਛੇ ਆਰਮੀ ਲਿਖਿਆ ਹੋਇਆ ਮੋਟਰਸਾਈਕਲ, ਆਈ. ਕਾਰਡ ਅਤੇ ਵਰਦੀਆਂ ਤੋਂ ਇਲਾਵਾ ਹੋਰ ਤਿਆਰ ਕੀਤੇ ਗਏ ਨਕਲੀ ਕਾਗਜ਼ਾਤ ਬਰਾਮਦ ਕੀਤੇ ਹਨ। ਉਸਨੇ ਆਪਣੀ ਕਮੀਜ਼ ਦੀ ਜੇਬ 'ਤੇ ਲਗਾਈ ਹੋਈ ਨੇਮ ਪਲੇਟ 'ਤੇ ਵੀ  ਵੀ. ਸਿੰਘ ਲਿਖਿਆ ਹੋਇਆ ਸੀ। 2011 ਤੋਂ ਉਹ ਕੈਂਟ ਇਲਾਕੇ ਵਿਚ ਨਕਲੀ ਫੌਜੀ ਬਣ ਕੇ ਰਹਿ ਰਿਹਾ ਸੀ। ਜਿਸ ਦੀ ਕਿਸੇ ਨੂੰ ਕੋਈ ਖਬਰ ਨਹੀਂ ਸੀ। ਐੱਸ. ਐੱਚ. ਓ. ਕੈਂਟ ਰਾਮਪਾਲ ਨੇ ਸੰਪਰਕ ਕਰਨ 'ਤੇ ਉਸਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਉਸਦੀ ਪਛਾਣ ਵਰਿੰਦਰ ਸਿੰਘ ਵਿੱਕੀ ਉਰਫ ਲੱਲੂ ਪੁੱਤਰ ਜਨ ਦੇਵ ਸਿੰਘ ਨਿਵਾਸੀ ਆਗਰਾ, ਯੂ. ਪੀ. ਦੇ ਤੌਰ 'ਤੇ ਦੱਸੀ ਹੈ। 
ਇਸ ਸਮੇਂ ਉਹ ਮੁਹੱਲਾ ਨੰਬਰ 25 ਕੈਂਟ ਵਿਖੇ ਰਹਿ ਰਿਹਾ ਸੀ। ਉਸਨੂੰ ਅੱਜ ਪੁਲਸ ਨੇ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ 5 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਉਹ 2011 ਵਿਚ ਖੁਦ ਫੌਜ ਵਿਚ ਭਰਤੀ ਹੋਣ ਦੇ ਲਈ ਆਇਆ ਸੀ ਪਰ ਭਰਤੀ ਨਹੀਂ ਹੋ ਸਕਿਆ। ਉਸਨੇ ਹੋਰਨਾਂ ਫੌਜੀ ਜਵਾਨਾਂ ਦੇ ਸੰਪਰਕ ਵਿਚ ਆ ਕੇ ਯੂ. ਪੀ., ਬਿਹਾਰ ਅਤੇ ਮੱਧ ਪ੍ਰਦੇਸ਼ ਦੇ ਨੌਜਵਾਨਾਂ ਦੇ ਕੰਢੀ ਖੇਤਰ ਨਾਲ ਸੰਬੰਧਤ ਜਾਅਲੀ ਕਾਗਜ਼ਾਤ ਬਣਾ ਕੇ ਉਨ੍ਹਾਂ ਨੂੰ ਫੌਜ ਵਿਚ ਭਰਤੀ ਕਰਵਾਉਣਾ ਸ਼ੁਰੂ ਕਰ ਦਿੱਤਾ, ਜਿਸ ਦੇ ਬਦਲੇ ਵਿਚ ਉਹ ਉਨ੍ਹਾਂ ਤੋਂ ਡੇਢ-ਡੇਢ ਲੱਖ ਰੁਪਏ ਵੀ ਲੈਂਦਾ ਸੀ। ਕਈ ਲੋਕਾਂ ਨੂੰ ਉਹ ਕਪੂਰਥਲਾ ਇਲਾਕੇ ਵਿਚ ਫੌਜ ਦੀ ਨੌਕਰੀ ਦਿਵਾ ਵੀ ਚੁੱਕਾ ਹੈ। ਨੌਕਰੀ ਕਿਵੇਂ ਦਿਵਾਉਂਦਾ ਸੀ, ਉਸਦੇ ਸੰਪਰਕ ਵਿਚ ਫੌਜ ਦੇ ਕਿਹੜੇ-ਕਿਹੜੇ ਅਧਿਕਾਰੀ ਸਨ, ਇਸ ਸਭ ਦਾ ਪਤਾ ਲਗਾਉਣ ਲਈ ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਸਦੇ ਹਾਸਲ ਕੀਤੇ ਗਏ ਪੁਲਸ ਰਿਮਾਂਡ ਦੌਰਾਨ ਉਸ ਤੋਂ ਪੁੱਛਗਿੱਛ ਜਾਰੀ ਹੈ। ਫੌਜ ਦੇ ਉੱਚ ਅਧਿਕਾਰੀਆਂ ਤੋਂ ਵੀ ਪੂਰੀ ਜਾਣਕਾਰੀ ਹਾਸਲ ਕਰਨ ਵਿਚ ਕੈਂਟ ਪੁਲਸ ਜੁੱਟ ਗਈ ਹੈ। ਪੁਲਸ ਨੂੰ ਉਸ ਤੋਂ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। 


Related News