ਮੰਤਰੀ ਮੰਡਲ ਵਿਸਤਾਰ ਅਤੇ ਸੰਗਠਨ ਮਜ਼ਬੂਤੀ ਨੂੰ ਲੈ ਕੇ ਅਮਰਿੰਦਰ ਅਤੇ ਜਾਖੜ ਦੀ ਰਾਹੁਲ ਗਾਂਧੀ ਨਾਲ ਬੈਠਕ

07/09/2017 7:09:50 AM

ਜਲੰਧਰ  (ਧਵਨ) — ਪੰਜਾਬ ਮੰਤਰੀ ਮੰਡਲ 'ਚ ਵਿਸਤਾਰ ਅਤੇ ਸੂਬੇ 'ਚ ਪਾਰਟੀ ਸੰਗਠਨ ਨੂੰ ਮਜ਼ਬੂਤ ਬਣਾਉਣ ਦੇ ਵਿਸ਼ਿਆਂ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਦੇ ਰਾਸ਼ਟਰੀ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਦਿੱਲੀ 'ਚ ਲੰਬੀ ਬੈਠਕ ਕੀਤੀ।ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੇ ਸਾਹਮਣੇ  ਪੰਜਾਬ ਮੰਤਰੀ ਮੰਡਲ 'ਚ ਵਿਸਤਾਰ ਦਾ ਮਾਮਲਾ ਉਠਾਇਆ। ਪੰਜਾਬ ਮੰਤਰੀ ਮੰਡਲ 'ਚ ਅਗਲੇ 10 ਦਿਨਾਂ ਦੇ ਅੰਦਰ ਵਿਸਤਾਰ ਹੋਣ ਦੀ ਸੰਭਾਵਨਾ ਹੈ। ਰਾਹੁਲ ਗਾਂਧੀ ਨਾਲ ਬੈਠਕ 'ਚ ਮੁੱਖ ਮੰਤਰੀ ਨੇ ਉਨ੍ਹਾਂ ਵਿਧਾਇਕਾਂ ਦੇ ਨਾਵਾਂ 'ਤੇ ਚਰਚਾ ਕੀਤੀ, ਜਿਨ੍ਹਾਂ ਨੂੰ ਮੰਤਰੀ ਮੰਡਲ 'ਚ ਸ਼ਾਮਿਲ ਕੀਤਾ ਜਾਣਾ ਹੈ। ਰਾਹੁਲ ਗਾਂਧੀ ਨੇ ਕੈਪਟਨ ਨੂੰ ਕਿਹਾ ਕਿ ਪਾਰਟੀ ਦੇ ਸੀਨੀਅਰ ਵਿਧਾਇਕਾਂ ਅਤੇ ਨੌਜਵਾਨਾਂ ਦਰਮਿਆਨ ਸੰਤੁਲਨ ਬਣਾਇਆ ਜਾਵੇ ਅਤੇ ਪੰਜਾਬ ਦੇ ਤਿੰਨਾਂ ਇਲਾਕਿਆਂ ਦੋਆਬਾ, ਮਾਲਵਾ ਅਤੇ ਮਾਝਾ ਦਰਮਿਆਨ ਵੀ ਸੰਤੁਲਨ ਕਾਇਮ ਰਹਿਣਾ ਚਾਹੀਦਾ ਹੈ।
ਪੰਜਾਬ ਮੰਤਰੀ ਮੰਡਲ 'ਚ ਅਜੇ 8 ਮੰਤਰੀ ਅਹੁਦੇ ਖਾਲੀ ਪਏ ਹੋਏ ਹਨ। ਮੰਤਰੀ ਅਹੁਦਿਆਂ ਦੀ ਦੌੜ 'ਚ ਇਸ ਸਮੇਂ ਵਿਜੇਇੰਦਰ ਸਿੰਗਲਾ, ਰਾਣਾ ਗੁਰਮੀਤ ਸਿੰਘ ਸੋਢੀ, ਓ. ਪੀ. ਸੋਨੀ, ਡਾ. ਰਾਜਕੁਮਾਰ ਵੇਰਕਾ, ਸੁਖਜਿੰਦਰ ਸਿੰਘ ਰੰਧਾਵਾ, ਅਮਰਿੰਦਰ ਸਿੰਘ, ਰਾਜਾ ਵੜਿੰਗ ਆਦਿ ਦੇ ਨਾਂ ਚਰਚਾ 'ਚ ਚਲ ਰਹੇ ਹਨ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਰਾਹੁਲ ਗਾਂਧੀ ਵਲੋਂ ਇਸ਼ਾਰਾ ਮਿਲ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਦੇ ਇਸ਼ਾਰਿਆਂ 'ਤੇ ਹੀ ਹੁਣ ਨਵੇਂ ਮੰਤਰੀ ਬਣਨ ਜਾ ਰਹੇ ਹਨ। ਰਾਹੁਲ ਗਾਂਧੀ ਨੇ ਕੈਪਟਨ ਨੂੰ ਕਿਹਾ ਕਿ ਮੰਤਰੀ ਮੰਡਲ ਵਿਸਤਾਰ 'ਚ ਸੀਨੀਆਰਤਾ ਦਾ ਵੀ ਧਿਆਨ ਰੱਖਿਆ ਜਾਵੇ ਪਰ ਨਾਲ ਹੀ ਨੌਜਵਾਨਾਂ ਦੀ ਗਿਣਤੀ ਨੂੰ ਦੇਖਦੇ ਹੋਏ ਨੌਜਵਾਨਾਂ ਨੂੰ ਵੀ ਲੀਡਰਸ਼ਿਪ ਦਿੱਤੀ ਜਾਵੇ।
ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨਾਲ ਰਾਹੁਲ ਗਾਂਧੀ ਨੇ ਪਾਰਟੀ ਦੀ ਮਜ਼ਬੂਤੀ ਅਤੇ ਪਾਰਟੀ ਕਾਰਜਕਰਤਾਵਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਵਿਸ਼ੇ ਨੂੰ ਲੈ ਕੇ ਚਰਚਾ ਕੀਤੀ। ਬੈਠਕ 'ਚ ਪੰਜਾਬ ਮਾਮਲਿਆਂ ਦੀ ਇੰਚਾਰਜ ਅਤੇ ਸਹਿ ਇੰਚਾਰਜ ਵੀ ਮੌਜੂਦ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨਾਲ ਇਕੱਲੇ ਲਗਭਗ ਪੌਣੇ ਘੰਟੇ ਤਕ ਚਰਚਾ ਕੀਤੀ। ਬਾਅਦ 'ਚ ਰਾਹੁਲ ਗਾਂਧੀ ਜਾਖੜ ਅਤੇ ਸੂਬਾ ਇੰਚਾਰਜ ਨੂੰ ਵੱਖਰੇ ਤੌਰ 'ਤੇ ਵੀ ਮਿਲੇ।


Related News