ਸੁਖਬੀਰ ਦੇ ਚੈਲੇਂਜ ''ਤੇ ਚਲਦਿਆਂ ਕੈਪਟਨ ਬਠਿੰਡਾ ਤੋਂ ਵਜਾਉਣਗੇ ਰਾਜਸੀ ਬਿਗੁਲ!

11/25/2015 1:10:51 PM

ਲੁਧਿਆਣਾ (ਮੁੱਲਾਂਪੁਰੀ)— ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਲ ਹੀ ਵਿਚ ਬਠਿੰਡਾ ''ਚ ਕੀਤੀ ਸਦਭਾਵਨਾ ਰੈਲੀ ''ਚ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਤੇ ਕੈਪਟਨ, ਬਾਜਵਾ ਨੂੰ ਬਠਿੰਡਾ ''ਚ ਰੈਲੀ ਕਰਕੇ ਵਿਖਾਉਣ ਦੀ ਘੁਰਕੀ ਮਾਰੀ ਸੀ, ਉਸ ਨੂੰ ਲੈ ਕੇ ਕਾਂਗਰਸ ਖੇਮੇ ''ਚ ਇਹ ਚਰਚਾ ਦਾ ਦੌਰ ਸੀ ਕਿ ਕਾਂਗਰਸ ਹਾਈਕਮਾਂਡ ਵੱਲੋਂ ਕੈਪ. ਅਮਰਿੰਦਰ ਦੇ ਹੱਥ ਕਮਾਨ ਆਉਣ ''ਤੇ ਸਭ ਤੋਂ ਪਹਿਲਾਂ ਕੈਪਟਨ ਤੇ ਕਾਂਗਰਸ ਬਠਿੰਡਾ ''ਚ ਬਰਾਬਰ ਦੀ ਚੋਣ ਦੰਗਲ ਰੈਲੀ ਕਰਨ ਨੂੰ ਹਰੀ ਝੰਡੀ ਦੇ ਸਕਦੇ ਹਨ, ਕਿਉਂਕਿ ਬਠਿੰਡਾ ਮਹਾਰਾਜਾ ਪਟਿਆਲਾ ਦਾ ਜੱਦੀ ਜ਼ਿਲਾ ਅਤੇ ਉਨ੍ਹਾਂ ਦਾ ਪਿੰਡ ਮਹਿਰਾਜ ਬਠਿੰਡਾ ਜ਼ਿਲੇ ''ਚ ਹੈ।
ਇਥੇ ਹੀ ਬਸ ਨਹੀਂ, ਪਿਛਲੇ ਦਿਨੀਂ ਰਾਹੁਲ ਗਾਂਧੀ ਦੀ ਫੇਰੀ ਦੌਰਾਨ ਜੋ ਬਠਿੰਡਾ ''ਚ ਕੈਪਟਨ ਅਮਰਿੰਦਰ ਅਤੇ ਕਾਂਗਰਸ ਪੱਖੀ ਲੋਕਾਂ ਦਾ ਵਹਾਅ ਦੇਖਣ ਨੂੰ ਮਿਲਿਆ, ਉਸ ਕਾਰਨ ਕਾਂਗਰਸ ਵੀ ਸੁਖਬੀਰ ਬਾਦਲ ਦਾ ਇਹ ਚੈਲੇਂਜ ਕਬੂਲ ਕਰਕੇ ਬਠਿੰਡਾ ਤੋਂ ਸ਼ੁਰੂਆਤ ਕਰ ਸਕਦੀ ਹੈ, ਕਿਉਂਕਿ ਬਠਿੰਡਾ ''ਚ ਚਿੱਟੀ ਮੱਖੀ ਦੇ ਚਲਦਿਆਂ ਹਜ਼ਾਰਾਂ ਕਿਸਾਨਾਂ ਦੀ ਨਰਮੇ ਦੀ ਫਸਲ ਤਬਾਹ ਹੋਈ ਹੈ ਅਤੇ 60 ਦੇ ਕਰੀਬ ਕਿਸਾਨ ਆਤਮਹੱਤਿਆ ਕਰ ਚੁੱਕੇ ਹਨ। ਇਥੇ ਹੀ ਬਸ ਨਹੀਂ, ਬਠਿੰਡਾ ਜ਼ਿਲੇ ਦੀ ਹੱਦ ਨਾਲ ਬਰਗਾੜੀ ਪਿੰਡ ''ਚ ਵਾਪਰੀ ਘਟਨਾ ਕਾਰਨ ਲੋਕਾਂ ਦਾ ਰੋਸ ਜਿਉਂ ਦਾ ਤਿਉਂ ਹੋਣ ਕਾਰਨ ਜੇਕਰ ਕੈਪਟਨ ਨੇ ਬਠਿੰਡਾ ''ਚ ਚੋਣ ਦੰਗਲ ਦਾ ਬਿਗੁਲ ਵਜਾ ਦਿੱਤਾ ਤਾਂ ਪੰਜ ਜ਼ਿਲਿਆਂ ਬਠਿੰਡਾ, ਫਰੀਦਕੋਟ, ਮਾਨਸਾ, ਮੁਕਤਸਰ, ਬਰਨਾਲਾ ਤੋਂ ਕਾਂਗਰਸ ਪੱਖੀ ਲੋਕ ਵੱਡੀ ਸ਼ਮੂਲੀਅਤ ਕਰ ਸਕਦੇ ਹਨ।
ਬਾਕੀ ਸਦਭਾਵਨਾ ਰੈਲੀ ਬਾਰੇ ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੱਡੀ ਰੈਲੀ ਕਰਕੇ ਆਪਣੀ ਤਾਕਤ ਦਿਖਾਉਣ ''ਚ ਕਾਮਯਾਬੀ ਹਾਸਲ ਕੀਤੀ ਹੈ ਪਰ ਸਟੇਜ ਤੋਂ ਬਾਦਲ, ਸੁਖਬੀਰ ਅਤੇ ਹਰਸਿਮਰਤ ਕੌਰ ਵੱਲੋਂ ਤਿੱਖੀ ਸੁਰ ''ਚ ਭਾਸ਼ਣ ਦੇਣਾ ਸਦਭਾਵਨਾ ਰੈਲੀ ਦੀ ਪਰਿਭਾਸ਼ਾ ''ਤੇ ਸੁਆਲ ਖੜ੍ਹੇ ਕਰ ਗਿਆ।


Gurminder Singh

Content Editor

Related News