ਕੈਪਟਨ ਨੇ ਵਿਧਾਨ ਸਭਾ ਸੈਸ਼ਨ 'ਚ ਕੀਤਾ 'ਹਾਈਪ੍ਰੋਫਾਈਲ ਡਰਾਮਾ' : ਚੁਘ

10/20/2020 11:32:25 PM

ਚੰਡੀਗੜ੍ਹ,(ਸ਼ਰਮਾ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਖੇਤੀ ਬਿੱਲਾਂ 'ਤੇ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ 'ਹਾਈਪ੍ਰੋਫਾਈਲ ਫਿਲਮੀ ਡਰਾਮਾ' ਕੀਤਾ ਹੈ, ਜਿਸ ਦੀ ਕਹਾਣੀ ਕੈਪਟਨ ਸਾਹਿਬ ਨੇ ਖੁਦ ਲਿਖੀ ਹੈ ਅਤੇ ਇਸ ਦੇ ਪਾਤਰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਹਨ। ਚੁਘ ਨੇ ਕੈ. ਅਮਰਿੰਦਰ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਕੀ 'ਡਾਇਲਾਗਬਾਜ਼ੀ' ਨਾਲ ਕਿਸਾਨਾਂ ਦੀ ਜ਼ਿੰਦਗੀ ਵਿਚ ਤਬਦੀਲੀ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ 7 ਸਟਾਰ ਕਲਚਰ ਨੂੰ ਛੱਡੋ ਅਤੇ ਕਿਸਾਨਾਂ ਦੇ ਹਿੱਤ ਲਈ ਸੋਚੋ ਅਤੇ ਆਪਣੇ ਵਾਅਦੇ ਛੇਤੀ ਪੂਰੇ ਕਰੋ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਤੁਸੀਂ 9 ਜਨਵਰੀ, 2017 ਨੂੰ ਮੈਨੀਫੈਸਟੋ ਜਾਰੀ ਕੀਤਾ ਸੀ, ਉਦੋਂ ਵੀ ਤੁਸੀਂ ਬਿਆਨਬਾਜ਼ੀ ਕੀਤੀ ਸੀ ਅਤੇ ਅੱਜ ਵੀ ਵਿਧਾਨ ਸਭਾ ਵਿਚ ਬਿਆਨਬਾਜ਼ੀ ਅਤੇ ਲਿਖੀ ਕਹਾਣੀ ਦੀ ਡਾਇਲਾਗਬਾਜ਼ੀ ਕਰ ਰਹੇ ਹੋ।
ਉਨ੍ਹਾਂ ਅਮਰਿੰਦਰ ਸਿੰਘ ਨੂੰ ਆਗਾਹ ਕਰਦਿਆਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਵਿਚ 90 ਹਜ਼ਾਰ ਕਰੋੜ ਦਾ ਕਿਸਾਨੀ ਕਰਜ਼ਾ ਸਭ ਤੋਂ ਪਹਿਲਾਂ ਮੁਆਫ ਕਰੋ। ਉਨ੍ਹਾਂ ਕਿਹਾ ਕਿ ਇਕ ਪਾਸੇ ਕੈਪਟਨ ਸਾਹਿਬ ਦਾ ਕਹਿਣਾ ਹੈ ਕਿ ਜੇਕਰ ਕੋਈ ਐੱਮ.ਐੱਸ.ਪੀ. ਤੋਂ ਹੇਠਾਂ ਫਸਲ ਖਰੀਦੇਗਾ ਤਾਂ ਉਸ ਖਿਲਾਫ਼ ਐੱਫ਼.ਆਈ.ਆਰ. ਦਰਜ ਕੀਤੀ ਜਾਵੇਗੀ ਅਤੇ ਦੂਜੇ ਪਾਸੇ ਤੁਸੀਂ ਮੱਕੀ ਦਾ ਮਤਾ ਪਾਸ ਕਰਕੇ ਕੇਂਦਰ ਦੇ ਸਾਹਮਣੇ ਨਹੀਂ ਰੱਖ ਰਹੇ। ਇਹ ਦੋਹਰਾ ਚਿਹਰਾ ਛੱਡੋ। ਕੇਂਦਰ ਸਰਕਾਰ ਨੇ ਮੱਕੀ ਦੀ ਐੱਮ.ਐੱਸ.ਪੀ. ਜਾਰੀ ਕੀਤੀ ਹੋਈ ਹੈ ਫਿਰ ਵੀ ਪੰਜਾਬ ਸਰਕਾਰ ਵਲੋਂ ਮੱਕੀ ਦੀ ਡਿਮਾਂਡ ਕੇਂਦਰ ਸਰਕਾਰ ਦੇ ਸਾਹਮਣੇ ਕਿਉਂ ਨਹੀਂ ਰੱਖੀ ਜਾ ਰਹੀ।
 


Deepak Kumar

Content Editor

Related News